Trudeau ਦੀ ਮਸਾਂ ਬਚੀ ਕੁਰਸੀ, ਸਰਕਾਰ ਵਿਰੁੱਧ ਪੇਸ਼ ਆਖ਼ਰੀ ਬੇਭਰੋਸਗੀ ਮਤਾ ਵੀ ਫੇਲ੍ਹ
Tuesday, Dec 10, 2024 - 04:05 PM (IST)
ਟੋਰਾਂਟੋ- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਕੁਰਸੀ ਮਸਾਂ-ਮਸਾਂ ਬਚੀ ਹੈ। ਕੈਨੇਡਾ ਦੀ ਘੱਟਗਿਣਤੀ ਜਸਟਿਨ ਟਰੂਡੋ ਸਰਕਾਰ ਵਿਰੁੱਧ ਵਿਰੋਧੀ ਕੰਜ਼ਰਵੇਟਿਵ ਪਾਰਟੀ ਆਗੂ ਪੀਅਰੇ ਪੋਇਲਵਰ ਵਲੋਂ ਸੋਮਵਾਰ ਨੂੰ ਸੰਸਦ ਵਿੱਚ ਪੇਸ਼ ਕੀਤਾ ਗਿਆ ਤੀਜਾ ਤੇ ਆਖ਼ਰੀ ਬੇਭਰੋਸਗੀ ਮਤਾ ਵੀ ਫੇਲ੍ਹ ਹੋ ਗਿਆ। ਉਸ ਵਲੋਂ ਪਿਛਲੇ ਮਹੀਨਿਆਂ ਵਿੱਚ ਦੋ ਵਾਰ ਇੰਝ ਦੇ ਮਤੇ ਪੇਸ਼ ਕੀਤੇ ਗਏ ਸਨ, ਜਿਨ੍ਹਾਂ ਦਾ ਕਿਸੇ ਹੋਰ ਪਾਰਟੀ ਵਲੋਂ ਸਮਰਥਨ ਨਾ ਕੀਤੇ ਜਾਣ ਕਾਰਨ ਉਹ ਵੀ ਅਸਫਲ ਹੋ ਗਏ ਸਨ।
ਵਿਰੋਧੀ ਆਗੂ ਵਲੋਂ ਅਚਾਨਕ ਇਹ ਆਖਰੀ ਦਾਅ ਇਸ ਕਰਕੇ ਖੇਡਿਆ ਗਿਆ ਕਿਉਂਕਿ ਟਰੂਡੋ ਸਰਕਾਰ ਦੇ ਸਮਰਥਕ NDP ਆਗੂ ਜਗਮੀਤ ਸਿੰਘ ਵਲੋਂ ਸਰਕਾਰ ’ਤੇ ਜ਼ੋਰ ਪਾਇਆ ਜਾ ਰਿਹਾ ਹੈ ਕਿ ਜੀ.ਐਸ.ਟੀ ਦੀ ਛੋਟ ਅਤੇ 250 ਡਾਲਰ ਦੀ ਰਾਹਤ ਅਦਾਇਗੀ ਵਿੱਚ ਪੈਨਸ਼ਨ ਅਧਾਰਤ ਬਜ਼ੁਰਗਾਂ ਨੂੰ ਵੀ ਜੋੜਿਆ ਜਾਵੇ। ਜਗਮੀਤ ਸਿੰਘ ਵਲੋਂ ਇਸ ਬਾਰੇ ਸਰਕਾਰ ਤੋਂ ਮੰਗ ਕੀਤੀ ਗਈ ਹੈ। ਸਿਆਸੀ ਸੂਝ ਵਾਲੇ ਲੋਕਾਂ ਦਾ ਮੰਨਣਾ ਹੈ ਕਿ ਵਿਰੋਧੀ ਆਗੂ ਨੇ ਜਗਮੀਤ ਸਿੰਘ ਦੀ ਇਸ ਨਾਰਾਜ਼ਗੀ ਦਾ ਫਾਇਦਾ ਚੁੱਕਣ ਦੀ ਤਾਕ ਵਿੱਚ ਹੀ ਬੇਭਰੋਸਗੀ ਮਤਾ ਪੇਸ਼ ਕੀਤਾ ਹੋਵੇਗਾ, ਜਿਸ ਵਿੱਚ ਅਸਫਲ ਹੋਣ ਕਰਕੇ ਉਸ ਨੇ ਆਪਣਾ ਆਖ਼ਰੀ ਮੌਕਾ ਵੀ ਗਵਾ ਲਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ-Trudeau ਦੀ ਵਿਦੇਸ਼ ਨੀਤੀ ਰਹੀ ਅਸਫਲ, ਚੀਨ ਤੇ ਰੂਸ ਦਾ ਵਧਿਆ ਦਬਦਬਾ
ਅਸਲ ਵਿੱਚ ਮੰਦੀ ਦੀ ਮਾਰ ਝੱਲ ਰਹੀ ਕੈਨੇਡੀਆਈ ਆਰਥਿਕਤਾ ਦੇ ਇਸ ਦੌਰ ਵਿੱਚ ਕੰਜ਼ਰਵੇਟਿਵ ਪਾਰਟੀ (ਟੋਰੀ) ਤੋਂ ਬਿਨਾਂ ਕੋਈ ਵੀ ਪਾਰਟੀ ਚੋਣਾਂ ਦੇ ਜੋਖ਼ਮ ਵਿੱਚ ਨਹੀਂ ਪੈਣਾ ਚਾਹੁੰਦੀ ਤੇ ਇਸੇ ਆੜ ਹੇਠ ਸਰਕਾਰ ਨੂੰ ਆਪਣੇ ਸਮਰਥਕ ਲੋਕਾਂ ਦੀਆਂ ਮੰਗਾਂ ਮਨਜ਼ੂਰ ਕਰਨ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਜਗਮੀਤ ਸਿੰਘ ਵਲੋਂ ਮਤੇ ਦੇ ਵਿਰੋਧ ਵਿੱਚ ਵੋਟ ਦਿੱਤੇ ਜਾਣ ਮੌਕੇ ਟੋਰੀਆਂ ਵਲੋਂ ਜ਼ੋਰਦਾਰ ਚੁਭਵੀਆਂ ਟਿੱਪਣੀਆਂ ਕਰਨਾ ਲੋਕਾਂ ਨੂੰ ਉਨ੍ਹਾਂ ਦੀ ਇਸੇ ਯੋਜਨਾ ਦੀ ਗਵਾਹੀ ਭਰਦਾ ਲੱਗਿਆ। ਟੋਰੀ ਸੰਸਦ ਮੈਂਬਰਾਂ ਦੇ ਇਸ ਹੱਲੇ ਗੁੱਲੇ ਦਾ ਜਵਾਬ ਦਿੰਦਿਆਂ ਜਗਮੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਅਜਿਹੀ ਕਿਸੇ ਖੇਡ ਦਾ ਹਿੱਸਾ ਨਹੀਂ ਬਣ ਸਕਦੀ ਜੋ ਕੰਜ਼ਰਵੇਟਿਵ ਆਗੂਆਂ ਵਲੋਂ ਖੇਡੀਆਂ ਜਾ ਰਹੀਆਂ ਹਨ। ਜਗਮੀਤ ਸਿੰਘ ਵਲੋਂ ਬੇਭਰੋਸਗੀ ਮਤੇ ਦਾ ਵਿਰੋਧ ਕੀਤੇ ਜਾਣ ਕਰਕੇ ਟੋਰੀ MPs ਨੇ ਐਨ.ਡੀ.ਪੀ ਵਲੋਂ ਜੀ.ਐਸ.ਟੀ ਰਾਹਤ ਵਿੱਚ ਸੋਧਾਂ ਕਰਨ ਵਾਲੇ ਮਤੇ ਦਾ ਵੀ ਵਿਰੋਧ ਕੀਤਾ, ਜਿਸ ਦਾ ਲਿਬਰਲ ਪਾਰਟੀ ਦੇ ਸੰਸਦ ਮੈਟਬਰ ਚੈਡ ਕੋਲਿਨ ਸਮੇਤ ਗਰੀਨ ਪਾਰਟੀ ਵਲੋਂ ਸਮਰਥਨ ਕੀਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।