ਰਾਸ਼ਟਰਪਤੀ ਦਾ ਅਪਮਾਨ ਕਰਨ ਦੇ ਦੋਸ਼ ’ਚ ਪੱਤਰਕਾਰ ਨੂੰ ਭੇਜਿਆ ਜੇਲ੍ਹ

Monday, Jan 24, 2022 - 10:39 AM (IST)

ਰਾਸ਼ਟਰਪਤੀ ਦਾ ਅਪਮਾਨ ਕਰਨ ਦੇ ਦੋਸ਼ ’ਚ ਪੱਤਰਕਾਰ ਨੂੰ ਭੇਜਿਆ ਜੇਲ੍ਹ

ਅੰਕਾਰਾ (ਇੰਟ.)- ਤੁਰਕੀ ਦੀ ਇਕ ਅਦਾਲਤ ਨੇ ਦੇਸ਼ ਦੇ ਰਾਸ਼ਟਰਪਤੀ ਦਾ ਅਪਮਾਨ ਕਰਨ ਦੇ ਦੋਸ਼ ’ਚ ਪ੍ਰਸਿੱਧ ਪੱਤਰਾਕਰ ਸੇਡੇਫ ਕਬਾਸ ਨੂੰ ਜੇਲ੍ਹ ਭੇਜ ਦਿੱਤਾ ਹੈ। ਕਬਾਸ ਨੂੰ ਸ਼ਨੀਵਾਰ ਨੂੰ ਇਸਤਾਂਬੁਲ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਹੈਰਾਨਗੀ ਦੀ ਗੱਲ ਇਹ ਹੈ ਕਿ ਤੁਰਕੀ ਦੀ ਅਦਾਲਤ ਨੇ ਮੁਕੱਦਮਾ ਚਲਾਏ ਬਿਨਾਂ ਹੀ ਉਸ ਨੂੰ ਜੇਲ੍ਹ ਭੇਜਣ ਦਾ ਹੁਕਮ ਦੇ ਦਿੱਤਾ। ਕਬਾਸ ’ਤੇ ਦੋਸ਼ ਹੈ ਕਿ ਉਸ ਨੇ ਵਿਰੋਧੀ ਧਿਰ ਨਾਲ ਜੁੜੇ ਇਕ ਟੀ. ਵੀ. ਚੈਨਲ ’ਤੇ ਲਾਈਵ ਪ੍ਰੋਗਰਾਮ ਦੌਰਾਨ ਇਕ ਕਹਾਵਤ ਦੇ ਜਰੀਏ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤਇਪ ਏਰਦੋਗਨ ਨੂੰ ਟਾਰਗੈੱਟ ਕੀਤਾ ਸੀ।

ਕਬਾਸ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰ ਰਹੀ ਹੈ। ਤੁਰਕੀ ’ਚ ਰਾਸ਼ਟਰਪਤੀ ਦਾ ਅਪਮਾਨ ਕਰਨ ’ਤੇ 1 ਤੋਂ 4 ਸਾਲ ਦੀ ਜੇਲ੍ਹ ਦੀ ਸਜ਼ਾ ਦੀ ਵਿਵਸਥਾ ਹੈ। ਕਬਾਸ ਨੇ ਟੈਲੀ-1 ਚੈਨਲ ’ਤੇ ਕਿਹਾ ਸੀ, ‘‘ਇਕ ਬਹੁਤ ਮਸ਼ਹੂਰ ਕਹਾਵਤ ਹੈ ਕਿ ਜਿਸ ਦੇ ਸਿਰ ’ਤੇ ਤਾਜ ਹੁੰਦਾ ਹੈ ਉਹ ਸਮਝਦਾਰ ਹੋ ਜਾਂਦਾ ਹੈ ਪਰ ਜਿਵੇਂ ਕ‌ਿ ਅਸੀਂ ਵੇਖ ਰਹੇ ਹਾਂ ਇਹ ਸੱਚ ਨਹੀਂ ਹੈ।’’ ਉਨ੍ਹਾਂ ਕਿਹਾ ਕਿ ਇਕ ਬੈਲ ਦੇ ਮਹਲ ’ਚ ਵੜਣ ਨਾਲ ਉਹ ਰਾਜਾ ਨਹੀਂ ਬਣ ਜਾਂਦਾ, ਸਗੋਂ ਮਹਲ ਖੇਤ ਬਣ ਜਾਂਦਾ ਹੈ। 

ਪੜ੍ਹੋ ਇਹ ਅਹਿਮ ਖ਼ਬਰ - ਨਾਰਵੇ 'ਚ ਗੱਲਬਾਤ ਨੇ ਤਾਲਿਬਾਨ ਦੀ 'ਮਾਨਤਾ' ਨੂੰ ਲੈ ਕੇ ਛੇੜੀ ਨਵੀਂ ਬਹਿਸ 

ਕਬਾਸ ਨੇ ਬਾਅਦ ’ਚ ਇਸ ਕਹਾਵਤ ਨੂੰ ਟਵਿੱਟਰ ’ਤੇ ਵੀ ਪੋਸਟ ਕੀਤਾ ਸੀ। ਏਰਦੋਗਨ ਦੇ ਮੁੱਖ ਬੁਲਾਰੇ ਫਹਾਰਟਿਨ ਅਲਟੁਨ ਨੇ ਮਹਿਲਾ ਪੱਤਰਕਾਰ ਦੀਆਂ ਟਿੱਪਣੀਆਂ ਨੂੰ ‘ਗੈਰ-ਜਿੰਮੇਵਾਰਾਨਾ’ ਦੱਸਿਆ। ਉਨ੍ਹਾਂ ਟਵਿੱਟਰ ’ਤੇ ਲਿਖਿਆ, ਇਕ ਤਥਾਕਥਿਤ ਪੱਤਰਕਾਰ ਇਕ ਟੀ. ਵੀ. ਚੈਨਲ ’ਤੇ ਸਾਡੇ ਰਾਸ਼ਟਰਪਤੀ ਦਾ ਖੁੱਲ੍ਹੇ ਤੌਰ ’ਤੇ ਅਪਮਾਨ ਕਰ ਰਹੀ ਹੈ, ਜਿਸ ਦਾ ਉਦੇਸ਼ ਸਿਰਫ ਨਫਰਤ ਫੈਲਾਉਣਾ ਹੈ ਅਤੇ ਕੋਈ ਦੂਜਾ ਮਤਲਬ ਨਹੀਂ। ਆਪਣੇ ਅਦਾਲਤੀ ਬਿਆਨ ’ਚ ਕਬਾਸ ਨੇ ਰਾਸ਼ਟਰਪਤੀ ਦਾ ਅਪਮਾਨ ਕਰਨ ਦੇ ਇਰਾਦੇ ਤੋਂ ਇਨਕਾਰ ਕੀਤਾ। ਟੈਲੀ-1 ਚੈਨਲ ਦੇ ਐਡੀਟਰ ਮਰਡਨ ਯਾਨਰਦਾਗ ਨੇ ਕਬਾਸ ਦੀ ਗ੍ਰਿਫ਼ਤਾਰੀ ਦਾ ਵਿਰੋਧ ਕੀਤਾ ਹੈ।


author

Vandana

Content Editor

Related News