14,500 ਸਾਲ ਪਹਿਲਾਂ ਪਕਾਈ ਗਈ ਸੀ ਰੋਟੀ, ਇਸ ਦੇਸ਼ ''ਚ ਮਿਲੇ ਅਵਸ਼ੇਸ਼

07/18/2018 2:18:10 PM

ਅਮਾਨ (ਬਿਊਰੋ)— ਦੁਨੀਆ ਵਿਚ ਪਹਿਲੀ ਰੋਟੀ ਕਦੋਂ ਅਤੇ ਕਿੱਥੇ ਪਕਾਈ ਗਈ, ਇਸ ਬਾਰੇ ਵਿਚ ਇਤਿਹਾਸਕਾਰਾਂ ਦੀ ਰਾਏ ਵੱਖ-ਵੱਖ ਹੈ। ਹਾਲ ਹੀ ਵਿਚ ਸ਼ੋਧ ਕਰਤਾਵਾਂ ਨੂੰ ਜਿਹੜੇ ਅਵਸ਼ੇਸ਼ ਮਿਲੇ ਹਨ ਉਹ ਹੈਰਾਨ ਕਰਨ ਵਾਲੇ ਹਨ। ਉੱਤਰੀ-ਪੂਰਬੀ ਜੌਰਡਨ ਵਿਚ ਸ਼ੋਧ ਕਰਤਾਵਾਂ ਨੂੰ ਇਕ ਅਜਿਹੀ ਜਗ੍ਹਾ ਮਿਲੀ ਹੈ, ਜਿਸ ਸੰਬੰਧੀ ਕਿਹਾ ਜਾ ਰਿਹਾ ਹੈ ਕਿ ਉੱਥੇ ਕਰੀਬ ਸਾਢੇ 14 ਹਜ਼ਾਰ ਸਾਲ ਪਹਿਲਾਂ ਪਹਿਲੀ ਫਲੈਟਬ੍ਰੈੱਡ ਮਤਲਬ ਰੋਟੀ ਪਕਾਈ ਗਈ ਸੀ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਜਗ੍ਹਾ 'ਤੇ ਪੱਥਰ ਦੇ ਬਣੇ ਇਕ ਚੁੱਲ੍ਹੇ ਵਿਚ ਰੋਟੀ ਪਕਾਈ ਗਈ ਸੀ। 

PunjabKesari
ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਸ਼ੋਧ ਕਰਤਾਵਾਂ ਨੂੰ ਮੌਕੇ ਤੋਂ ਉਹ ਪੱਥਰ ਦਾ ਚੁੱਲ੍ਹਾ ਮਿਲਿਆ ਹੈ, ਜਿਸ 'ਤੇ ਰੋਟੀ ਪਕਾਈ ਗਈ ਸੀ। ਇਸ ਅਵਸ਼ੇਸ਼ ਮੁਤਾਬਕ ਲੋਕਾਂ ਨੇ ਖੇਤੀ ਬਾੜੀ ਦੇ ਵਿਕਾਸ ਤੋਂ ਸਦੀਆਂ ਪਹਿਲਾਂ ਰੋਟੀਆਂ ਪਕਾ ਕੇ ਖਾਣੀਆਂ ਸ਼ੁਰੂ ਕਰ ਦਿੱਤੀਆਂ ਸਨ। ਰਿਪੋਰਟ ਮੁਤਾਬਕ 4000 ਸਾਲ ਪਹਿਲਾਂ ਇਨਸਾਨਾਂ ਨੇ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਸੀ, ਉਸ ਤੋਂ ਕਾਫੀ ਸਮਾਂ ਪਹਿਲਾਂ ਪੂਰਬੀ ਭੂਮੱਧ ਸਾਗਰ ਵਿਚ ਸ਼ਿਕਾਰੀਆਂ ਨੇ ਰੋਟੀਆਂ ਪਕਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਮੰਨਿਆ ਜਾ ਰਿਹਾ ਹੈ ਕਿ ਉਸ ਸਮੇਂ ਰੋਟੀ ਬਨਾਉਣ ਲਈ ਜੰਗਲੀ ਅਨਾਜ਼ਾਂ ਦੀ ਵਰਤੋਂ ਕੀਤੀ ਜਾਂਦੀ ਸੀ। ਇਹ ਜੌਂ, ਇੰਨਕੌਰਨ ਜਾਂ ਓਟਸ ਅਤੇ ਪਾਣੀ ਵਿਚ ਉੱਗਣ ਵਾਲੀ ਇਕ ਖਾਸ ਕਿਸਮ ਦੇ ਪੌਦੇ ਟਿਊਬਰਸ ਨਾਲ ਬਣਾਈ ਜਾਂਦੀ ਹੋਵੇਗੀ।

PunjabKesari
ਰਿਪੋਰਟ ਮੁਤਾਬਕ ਜੰਗਲੀ ਅਨਾਜਾਂ ਨਾਲ ਆਟਾ ਤਿਆਰ ਕੀਤਾ ਗਿਆ ਹੋਵੇਗਾ। ਇਸ ਰੋਟੀ ਨੂੰ ਨੌਟਫਿਅਨ (Natufians) ਸੱਭਿਆਚਾਰ ਦੇ ਲੋਕਾਂ ਨੇ ਬਣਾਇਆ ਹੋਵੇਗਾ। ਇਹ ਉਹ ਲੋਕ ਹੋਣਗੇ, ਜੋ ਟੱਪਰੀਵਾਸੀ ਦੀ ਬਜਾਏ ਇਕ ਥਾਂ ਰੁੱਕ ਕੇ ਜ਼ਿੰਦਗੀ ਬਿਤਾਉਣ ਵਿਚ ਯਕੀਨ ਕਰਦੇ ਹੋਣਗੇ। ਇਹ ਅਵਸ਼ੇਸ਼ ਕਾਲੇ ਮਾਰੂਥਲ ਪੁਰਾਤੱਤਵ ਸਾਈਟ 'ਤੇ ਮਿਲਿਆ ਹੈ। ਹੁਣ ਤੱਕ ਰੋਟੀ ਨੂੰ ਸ਼ੁਰੂਆਤੀ ਖੇਤੀ ਸਮਾਜ ਨਾਲ ਜੋੜ ਕੇ ਦੇਖਿਆ ਜਾਂਦਾ ਸੀ ਜੋ ਕਿ ਅਨਾਜ ਅਤੇ ਫਲੀਆਂ ਦੀ ਖੇਤੀ ਕਰਦਾ ਸੀ। ਸ਼ੋਧ ਕਰਤਾ ਅਮਾਇਆ ਅਰੰਜ-ਓਟੇਗੁਈ ਨੇ ਦੱਸਿਆ,''ਇਹ ਸੰਭਵ ਹੈ ਕਿ ਰੋਟੀ ਨੇ ਪੌਦਿਆਂ ਦੀ ਖੇਤੀ ਕਰਨ ਲਈ ਲੋਕਾਂ ਨੂੰ ਉਤਸ਼ਾਹਿਤ ਕੀਤਾ ਹੋਵੇ।''
ਇੱਥੇ ਦੱਸਣਯੋਗ ਹੈ ਕਿ ਮੌਜੂਦਾ ਸਮੇਂ ਵਿਚ ਪੂਰੀ ਦੁਨੀਆ ਵਿਚ ਕਈ ਤਰ੍ਹਾਂ ਦੀਆਂ ਰੋਟੀਆਂ ਬਣਾਈਆਂ ਜਾਂਦੀਆਂ ਹਨ। ਫਲੈਟਬ੍ਰੈੱਡ ਅਤੇ ਡਬਲਰੋਟੀ ਦੇ ਇਲਾਵਾ ਵੀ ਰੋਟੀ ਦੀਆਂ ਕਈ ਰੈਸਿਪੀ ਦੇ ਵੀਡੀਓ ਇੰਟਰਨੈੱਟ 'ਤੇ ਮਿਲ ਜਾਂਦੇ ਹਨ।


Related News