ਜਾਪਾਨ ਦੇ PM ਸ਼ਿੰਜੋ ਆਬੇ ਦੀ ਅਨੋਖੀ ਪਹਿਲ, ਨਾਗਰਿਕਾਂ ਨੂੰ ਦੇਣਗੇ 71-71 ਹਜ਼ਾਰ ਰੁਪਏ
Sunday, Apr 19, 2020 - 02:30 AM (IST)
ਟੋਕੀਓ - ਜਾਪਾਨ ਨੇ ਕੋਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਅਨੋਖੀ ਪਹਿਲ ਸ਼ੁਰੂ ਕੀਤੀ ਹੈ। ਲਾਕਡਾਊਨ ਦੌਰਾਨ ਘਰ ਬੈਠੇ ਲੋਕਾਂ ਨੂੰ ਜਾਪਾਨ ਦੇ ਪੀ. ਐੱਮ. ਸ਼ਿੰਜੋ ਆਬੇ ਪੈਸਾ ਮੁਹੱਈਆ ਕਰਵਾਉਣਗੇ। ਹਰੇਕ ਵਾਸੀ ਨੂੰ ਇਕ ਲੱਖ ਯੇਨ (ਕਰੀਬ 71,161 ਰੁਪਏ) ਨਕਦ ਦਿੱਤੇ ਜਾਣਗੇ। ਟੈਲੀਵਿਜ਼ਨ ’ਤੇ ਇਸ ਸਬੰਧੀ ਪੀ. ਐੱਮ. ਸ਼ਿੰਜੋ ਆਬੇ ਨੇ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਲੋਕਾਂ ਨੂੰ ਨਕਦੀ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਪ੍ਰਭਾਵਿਤ ਲੋਕਾਂ ਅਤੇ ਪਰਿਵਾਰਾਂ ਨੂੰ 3 ਵਾਰ ਇਹ ਰਕਮ ਦੇਣ ਦੀ ਮੁਢਲੀ ਯੋਜਨਾ ਹੈ। ਉਨ੍ਹਾਂ ਨੇ ਐਮਰਜੈਂਸੀ ਯੋਜਨਾ ’ਤੇ ਵਹਿਮ ਦੀ ਸਥਿਤੀ ਲਈ ਮੁਆਫੀ ਮੰਗੀ।
ਉਥੇ ਹੀ ਜਾਪਾਨ ਵਿਚ ਕੋਰੋਨਾਵਾਇਰਸ ਨੂੰ ਕੰਟਰੋਲ ਵਿਚ ਕਰਨ ਲਈ ਕਈ ਉਪਰਾਲੇ ਵੀ ਕੀਤੇ ਹਨ ਪਰ ਇਹ ਵਾਇਰਸ ਕਈ ਲੋਕਾਂ ਨੂੰ ਲਪੇਟ ਵਿਚ ਲੈਣ ਲਈ ਕਾਮਯਾਬ ਵੀ ਹੋਇਆ ਹੈ। ਦੂਜੇ ਪਾਸੇ ਕੋਰੋਨਾਵਾਇਰਸ ਮਹਾਮਾਰੀ ਜਾਪਾਨ ਵਿਚ 190 ਲੋਕਾਂ ਦੀ ਜਾਨ ਲੈ ਚੁੱਕੀ ਹੈ ਅਤੇ 9,787 ਪਾਜ਼ੇਟਿਵ ਮਾਮਲੇ ਪਾਏ ਗਏ ਹਨ, ਜਿਨ੍ਹਾਂ ਵਿਚੋਂ 935 ਲੋਕਾਂ ਨੂੰ ਰੀ-ਕਵਰ ਕੀਤਾ ਜਾ ਚੁੱਕਿਆ ਹੈ। ਬੀਤੀ 16 ਅਪ੍ਰੈਲ ਨੂੰ ਮਹਾਮਾਰੀ ਨਾਲ ਜੁੜੀ ਇਕ ਰਿਪੋਰਟ ਨੇ ਸ਼ਿੰਜੋ ਆਬੇ ਸਰਕਾਰ ਦੀ ਨੀਂਦ ਉਡਾ ਦਿੱਤੀ ਹੈ। ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜੇਕਰ ਸਰਕਾਰ ਨੇ ਸਖਤ ਕਦਮ ਨਾ ਚੁੱਕੇ ਤਾਂ 4 ਲੱਖ ਲੋਕਾਂ ਦੀ ਜਾਨ ਜਾ ਸਕਦੀ ਹੈ। ਉਧਰ ਦੇਸ਼ ਵਿਚ ਕੋਰੋਨਾਵਾਇਰਸ ਦੀ ਬਹੁਤ ਤੇਜ਼ ਰਫਤਾਰ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਹੁਣ ਪੂਰੇ ਦੇਸ਼ ਵਿਚ ਰਾਸ਼ਟਰੀ ਐਮਰਜੰਸੀ ਐਲਾਨ ਕਰਨ ਦੀ ਯੋਜਨਾ ਬਣਾ ਲਈ ਹੈ।