ਕੋਰੋਨਾ ਆਫ਼ਤ : ਜਾਪਾਨ ਨੇ ਦੂਜੇ ਦੇਸ਼ਾਂ ਦੇ ਨਾਗਰਿਕਾਂ ਦੇ ਦਾਖਲ ਹੋਣ ''ਤੇ ਲਾਈ ਰੋਕ

1/14/2021 6:00:34 PM

ਟੋਕੀਓ (ਬਿਊਰੋ): ਜਾਪਾਨ ਦੀ ਸਰਕਾਰ ਨੇ ਦੇਸ਼ ਵਿਚ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਦੂਜੇ ਦੇਸ਼ਾਂ ਦੇ ਲੋਕਾਂ ਦੇ ਦਾਖਲ ਹੋਣ 'ਤੇ ਰੋਕ ਲਗਾ ਦਿੱਤੀ ਹੈ। ਰਿਪੋਰਟ ਦੇ ਮੁਤਾਬਕ, ਜ਼ਿਆਦਾਤਰ ਬਾਹਰੀ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਦੇ ਦਾਖਲ ਹੋਣ 'ਤੇ ਦਸੰਬਰ ਵਿਚ ਹੀ ਰੋਕ ਲਗਾ ਦਿੱਤੀ ਗਈ ਸੀ ਪਰ ਵਪਾਰ ਦੇ ਤਹਿਤ ਆਉਣ ਵਾਲੇ ਕੁਝ ਲੋਕਾਂ ਸਮੇਤ ਸਟੂਡੈਂਟਸ ਪ੍ਰੋਗਰਾਮ ਦੇ ਕਾਰਨ ਆਉਣ ਵਾਲੇ ਨਾਗਰਿਕਾਂ ਨੂੰ ਸਖ਼ਤ ਪਾਬੰਦੀਆਂ ਦੇ ਤਹਿਤ ਛੋਟ ਦਿੱਤੀ ਗਈ ਸੀ।

ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ਿਹਿਗੇ ਸੁਗਾ ਨੇ ਕਿਹਾ ਕਿ ਦੇਸ਼ ਵਿਚ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਦੂਜੇ ਦੇਸ਼ਾਂ ਦੇ ਨਾਗਰਿਕਾਂ ਨੂੰ ਇੱਥੇ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਪੀ.ਐੱਮ. ਸੁਗਾ ਨੇ ਬੁੱਧਵਾਰ ਨੂੰ ਇਕ ਪ੍ਰੈੱਸ ਵਾਰਤਾ ਵਿਚ ਕਿਹਾ ਕਿ ਸਾਰੇ ਗੈਰ ਵਸਨੀਕ ਵਿਦੇਸ਼ੀ ਨਾਗਰਿਕਾਂ ਲਈ ਜਾਪਾਨ ਦੀ ਸਰਹੱਦਾਂ ਨੂੰ 7 ਫਰਵਰੀ ਤੱਕ ਬੰਦ ਰੱਖਿਆ ਜਾਵੇਗਾ ਕਿਉਂਕਿ ਗ੍ਰੇਟਰ ਟੋਕੀਓ ਸਮੇਤ ਹੋਰ ਖੇਤਰਾਂ ਵਿਚ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਗਈ ਹੈ। 

ਪੀ.ਐੱਮ. ਸੁਗਾ ਨੇ ਇਕ ਟੀਵੀ ਸ਼ੋਅ ਵਿਚ ਕਿਹਾ ਸੀ ਕਿ ਜਾਪਾਨ ਕੁਝ ਦੇਸ਼ਾਂ ਦੇ ਕਾਰੋਬਾਰੀਆਂ ਲਈ ਆਪਣੇ ਦਰਵਾਜ਼ੇ ਖੁੱਲ੍ਹੇ ਰੱਖੇਗਾ। ਬਸ਼ਰਤੇ ਅਜਿਹਾ ਕਰਨ 'ਤੇ ਬ੍ਰਿਟੇਨ ਅਤੇ ਦੱਖਣੀ ਅਫਰੀਕਾ ਵਿਚ ਪਾਈ ਗਈ ਕੋਰੋਨਾ ਦੀ ਨਵੀਂ ਕਿਸਮ ਦਾ ਵਾਇਰਸ ਨਾ ਫੈਲੇ। ਇੱਥੇ ਦੱਸ ਦਈਏ ਕਿ ਬ੍ਰਿਟੇਨ ਵਿਚ ਮਿਲੇ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਦੇ ਬਾਅਦ ਦੁਨੀਆ ਦੇ ਕਈ ਦੇਸ਼ਾਂ ਵਿਚ ਮੁੜ ਤੋਂ ਮਹਾਮਾਰੀ ਦਾ ਖਤਰਾ ਵੱਧ ਗਿਆ ਹੈ। ਨਵੇਂ ਸਟ੍ਰੇਨ ਦੇ ਖਤਰੇ ਨੂੰ ਦੇਖਦੇ ਹੋਏ ਕਈ ਦੇਸ਼ਾਂ ਨੇ ਸਾਵਧਾਨੀ ਵਜੋਂ ਨਵੀਆਂ ਪਾਬੰਦੀਆਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸੇ ਦੇ ਤਹਿਤ ਜਾਪਾਨ ਨੇ ਆਪਣੇ ਇੱਥੇ ਦੂਜੇ ਦੇਸ਼ਾਂ ਦੇ ਨਾਗਰਿਕਾਂ ਦੇ ਦਾਖਲ ਹੋਣ 'ਤੇ ਰੋਕ ਲਗਾਉਣ ਦਾ ਫ਼ੈਸਲਾ ਲਿਆ ਹੈ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor Vandana