ਜਾਪਾਨ ਨੇ ਕੋਵਿਡ ਨਾਲ ਪ੍ਰਭਾਵਿਤ ਇਲਾਕਿਆਂ ਲਈ ਨਵੀਆਂ ਪਾਬੰਦੀਆਂ ਨੂੰ ਦਿੱਤੀ ਮਨਜ਼ੂਰੀ
Friday, Jan 07, 2022 - 03:17 PM (IST)
ਟੋਕੀਓ (ਏ. ਪੀ.)– ਜਾਪਾਨ ਨੇ ਕੋਰੋਨਾ ਵਾਇਰਸ ਤੋਂ ਸਭ ਤੋਂ ਵੱਧ ਪ੍ਰਭਾਵਿਤ ਦੱਖਣ-ਪੱਛਮੀ ਓਕੀਨਾਵਾ, ਯਾਮਾਗੁਚੀ ਤੇ ਹਿਰੋਸ਼ਿਮਾ ਇਲਾਕਿਆਂ ’ਚ ਵਧਦੇ ਵਾਇਰਸ ’ਤੇ ਕਾਬੂ ਪਾਉਣ ਲਈ ਸ਼ੁੱਕਰਵਾਰ ਨੂੰ ਨਵੀਆਂ ਪਾਬੰਦੀਆਂ ਨੂੰ ਮਨਜ਼ੂਰੀ ਦਿੱਤੀ ਹੈ।
ਕੋਵਿਡ-19 ਨਾਲ ਨਜਿੱਠਣ ਦੇ ਮਾਮਲਿਆਂ ਦੇ ਮੰਤਰੀ ਦਾਇਸ਼ਿਰੋ ਯਾਮਾਗਿਵਾ ਨੇ ਇਕ ਸਰਕਾਰੀ ਸੰਮਤੀ ਦੀ ਬੈਠਕ ’ਚ ਕਿਹਾ, ‘‘ਵਾਇਰਸ ਦੇ ਮਾਮਲਿਆਂ ’ਚ ਅਚਾਨਕ ਵਾਧੇ ਨੂੰ ਦੇਖਦਿਆਂ ਮੈਡੀਕਲ ਤੰਤਰ ’ਤੇ ਨੇੜਲੇ ਭਵਿੱਖ ’ਚ ਭਾਰੀ ਦਬਾਅ ਪੈਣ ਦਾ ਖ਼ਤਰਾ ਹੈ।’
ਇਹ ਖ਼ਬਰ ਵੀ ਪੜ੍ਹੋ : ਓਮੀਕਰੋਨ ਦਾ ਖ਼ੌਫ਼ : ਸ਼੍ਰੀਲੰਕਾ ਨੇ ਬੱਚਿਆਂ ਦਾ ਟੀਕਾਕਰਨ ਕੀਤਾ ਸ਼ੁਰੂ
ਨਵੀਆਂ ਪਾਬੰਦੀਆਂ ’ਚ ਰੈਸਟੋਰੈਂਟਾਂ ਲਈ ਸਮਾਂ ਹੱਦ, ਸ਼ਰਾਬ ਪਰੋਸਣ ’ਤੇ ਪਾਬੰਦੀ, ਵੱਡੇ ਪੱਧਰ ’ਤੇ ਆਯੋਜਿਤ ਪ੍ਰੋਗਰਾਮਾਂ ’ਤੇ ਪਾਬੰਦੀ ਸ਼ਾਮਲ ਹੈ। ਇਹ ਪਾਬੰਦੀਆਂ ਐਤਵਾਰ ਤੋਂ ਲਾਗੂ ਹੋਣਗੀਆਂ ਤੇ ਇਸ ਮਹੀਨੇ ਦੇ ਅਖੀਰ ਤਕ ਰਹਿਣਗੀਆਂ। ਜਾਪਾਨ ਨੇ ਪਹਿਲਾਂ ਵੀ ਟੋਕੀਓ ਸਮੇਤ ਵੱਖ-ਵੱਖ ਇਲਾਕਿਆਂ ’ਚ ਪਿਛਲੇ ਦੋ ਸਾਲਾਂ ’ਚ ਅਜਿਹੀਆਂ ਹੀ ਪਾਬੰਦੀਆਂ ਲਗਾਈਆਂ ਹਨ।
ਓਕੀਨਾਵਾ ’ਚ ਵਾਇਰਸ ਦੇ ਮਾਮਲੇ ਇਕ ਹਫ਼ਤੇ ’ਚ 30 ਗੁਣਾ ਤਕ ਵੱਧ ਗਏ ਹਨ। ਇਹ ਜਾਪਾਨ ’ਚ ਅਮਰੀਕੀ ਫੌਜੀਆਂ ਦਾ ਅੱਡਾ ਹੈ। ਸ਼ੁੱਕਰਵਾਰ ਨੂੰ ਵਾਇਰਸ ਦੇ 1,400 ਨਵੇਂ ਮਾਮਲੇ ਆਏ, ਜੋ ਪਹਿਲਾਂ ਆਏ ਮਾਮਲਿਆਂ 981 ਤੋਂ ਵੱਧ ਹਨ। ਯਾਮਾਗੁਚੀ ਤੇ ਗੁਆਂਢੀ ਹਿਰੋਸ਼ਿਮਾ ’ਚ ਵੀ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।