ਜਾਪਾਨ ਨੇ ਕੋਰੋਨਾ ਦੀ ਸੰਭਾਵਿਤ ਵੈਕਸੀਨ ਦਾ ਇਨਸਾਨਾਂ 'ਤੇ ਕੀਤਾ ਪ੍ਰੀਖਣ ਸ਼ੁਰੂ
Tuesday, Jun 30, 2020 - 08:38 PM (IST)

ਟੋਕੀਓ - ਮੈਡੀਕਲ ਸਟਾਰਟ-ਅੱਪ AnGes ਨੇ ਆਖਿਆ ਹੈ ਕਿ ਉਸ ਨੇ ਕੋਰੋਨਾ ਵਾਇਰਸ ਦੀ ਸੰਭਾਵਿਤ ਵੈਕਸੀਨ ਦਾ ਇਨਸਾਨਾਂ 'ਤੇ ਪ੍ਰੀਖਣ ਸ਼ੁਰੂ ਕਰ ਦਿੱਤਾ ਹੈ। ਜਾਪਾਨ ਵਿਚ ਇਸ ਤਰ੍ਹਾਂ ਦਾ ਇਹ ਪਹਿਲਾ ਪ੍ਰੀਖਣ ਹੈ। ਇਹ ਸੰਭਾਵਿਤ ਟੀਕਾ ਡੀ. ਐਨ. ਏ. ਤਕਨਾਲੋਜੀ 'ਤੇ ਆਧਾਰਿਤ ਹੈ ਜੋ ਮਰੀਜ਼ਾਂ ਵਿਚ ਪ੍ਰਤੀਰੋਧਕ ਪ੍ਰਤੀਕਿਰਿਆ ਨੂੰ ਸ਼ੁਰੂ ਕਰਦਾ ਹੈ ਅਤੇ ਇਸ ਨੂੰ ਵੱਡੇ ਪੈਮਾਨੇ 'ਤੇ ਤਿਆਰ ਕਰਨਾ ਵੀ ਆਸਾਨ ਹੈ। ਕੰਪਨੀ ਨੇ ਆਖਿਆ ਹੈ ਕਿ ਓਸਾਕਾ ਸਿਟੀ ਯੂਨੀਵਰਸਿਟੀ ਹਸਪਤਾਲ ਵਿਚ ਅਗਲੇ ਸਾਲ 31 ਜੁਲਾਈ ਤੱਕ ਟ੍ਰਾਇਲ ਜਾਰੀ ਰਹਿਣਗੇ।
ਇਸ ਵਿਚਾਲੇ ਭਾਰਤ ਵਿਚ ਵੀ ਇਕ ਹੋਰ ਵੈਕਸੀਨ ਦਾ ਇਨਸਾਨਾਂ 'ਤੇ ਜੁਲਾਈ ਵਿਚ ਪ੍ਰੀਖਣ ਸ਼ੁਰੂ ਹੋ ਜਾਵੇਗਾ। ਵਿਸ਼ਵ ਸਿਹਤ ਸੰਗਠਨ (ਡਬਲਯੂ. ਐਚ. ਓ.) ਮੁਤਾਬਕ, ਦੁਨੀਆ ਭਰ ਵਿਚ ਇਸ ਵੇਲੇ 150 ਵੈਕਸੀਨ 'ਤੇ ਕੰਮ ਚੱਲ ਰਿਹਾ ਹੈ। ਕੁਝ ਦਿਨ ਪਹਿਲਾਂ ਡਬਲਯੂ. ਐਚ. ਓ. ਨੇ ਦੱਸਿਆ ਸੀ ਕਿ ਆਕਸਫੋਰਡ ਯੂਨੀਵਰਸਿਟੀ ਜਿਸ ਵੈਕਸੀਨ 'ਤੇ ਕੰਮ ਕਰ ਰਹੀ ਹੈ, ਉਹ ਕੋਰੋਨਾਵਾਇਰਸ ਦੇ ਤੋੜ ਦੀ ਦੌੜ ਵਿਚ ਸਭ ਤੋਂ ਅੱਗੇ ਹੈ। ਡਬਲਯੂ. ਐਚ. ਓ. ਦੀ ਚੀਫ ਸਾਇੰਸਦਾਨ ਸੌਮਿਆ ਸਵਾਮੀਨਾਥਨ ਨੇ ਕਿਹਾ ਹੈ ਕਿ ਉਹ ਜਿਸ ਪੜਾਅ 'ਤੇ ਹਨ ਅਤੇ ਜਿੰਨੇ ਐਡਵਾਂਸਡ ਹਨ, ਮੈਨੂੰ ਲੱਗਦਾ ਹੈ ਉਹ ਸਭ ਤੋਂ ਅੱਗੇ ਨਿਕਲ ਰਹੇ ਹਨ। ਆਕਸਫੋਰਡ ਅਤੇ ਐਸਟਰਾਜ਼ੈਨੇਕਾ ਪੀ. ਐਲ. ਸੀ. (AstraZeneca Plc.) ਦੀ ਵੈਕਸੀਨ ChAdOx1 nCov-19 ਕਲੀਨਿਕਲ ਟ੍ਰਾਇਲ ਦੇ ਆਖਰੀ ਪੜਾਅ ਵਿਚ ਹੈ। ਇਸ ਪੜਾਅ ਵਿਚ ਪਹੁੰਚਣ ਵਾਲੀ ਦੁਨੀਆ ਦੀ ਇਸ ਪਹਿਲੀ ਵੈਕਸੀਨ ਨੂੰ ਹੁਣ 10,260 ਲੋਕਾਂ ਨੂੰ ਦਿੱਤਾ ਜਾਵੇਗਾ। ਇਸ ਦਾ ਟ੍ਰਾਇਲ ਬਿ੍ਰਟੇਨ, ਸਾਊਥ ਅਫਰੀਕਾ ਅਤੇ ਬ੍ਰਾਜ਼ੀਲ ਵਿਚ ਵੀ ਹੋ ਰਿਹਾ ਹੈ। ਉਥੇ ਹੀ ਜਾਪਾਨ ਵਿਚ ਹੁਣ ਤੱਕ ਕੋਰੋਨਾਵਾਇਰਸ ਦੇ 454,609 ਟੈਸਟ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿਚੋਂ 18,476 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ, ਇਨ੍ਹਾਂ ਵਿਚੋਂ 972 ਲੋਕਾਂ ਦੀ ਮੌਤ ਹੋ ਚੁੱਕੀ ਅਤੇ 16,557 ਲੋਕਾਂ ਨੂੰ ਰੀ-ਕਵਰ ਕੀਤਾ ਜਾ ਚੁੱਕਿਆ ਹੈ।