ਜਾਪਾਨ : ਹੜ੍ਹ ''ਚ ਫਸੇ 6 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ ''ਤੇ ਭੇਜਣ ਦਾ ਹੁਕਮ ਜਾਰੀ

07/03/2019 12:39:36 PM

ਟੋਕੀਓ— ਜਾਪਾਨ ਦੇ ਕਾਗੋਸ਼ਿਮਾ ਸ਼ਹਿਰ 'ਚ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਫਸੇ ਲਗਭਗ 6 ਲੱਖ ਲੋਕਾਂ ਸੁਰੱਖਿਅਤ ਥਾਵਾਂ 'ਤੇ ਭੇਜਣ ਦਾ ਹੁਕਮ ਦਿੱਤਾ ਗਿਆ ਹੈ। ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ। ਜਾਪਾਨ ਦੇ ਦੱਖਣ-ਪੱਛਮ 'ਚ ਕਿਊਸ਼ ਟਾਪੂ ਸਮੇਤ ਪੂਰੇ ਕਾਗੋਸ਼ਿਮਾ ਸੂਬੇ 'ਚ ਪੈ ਰਹੇ ਮੀਂਹ ਕਾਰਨ ਇੱਥੇ ਫਸੇ ਲਗਭਗ 6 ਲੱਖ ਲੋਕਾਂ ਨੂੰ ਕੱਢਣ ਦਾ ਹੁਕਮ ਦਿੱਤਾ ਗਿਆ। ਮੌਸਮ ਵਿਭਾਗ ਮੁਤਾਬਕ ਖੇਤਰ ਦੇ ਲੋਕਾਂ ਨੂੰ ਕੱਢਣ ਦਾ ਹੁਕਮ ਜਾਰੀ ਹੋਣ ਤੋਂ ਪਹਿਲਾਂ ਲੋਕਾਂ ਨੂੰ ਮੌਸਮ ਵਿਭਾਗ ਦੀ ਤਾਜਾ ਚਿਤਾਵਨੀ ਅਤੇ ਸਥਾਨਕ ਅਧਿਕਾਰੀਆਂ ਦੀ ਸਲਾਹ ਲੈਣ ਅਤੇ ਸੁਰੱਖਿਆ ਲਈ ਜ਼ਰੂਰੀ ਯੋਜਨਾ ਬਣਾਉਣ ਲਈ ਕਿਹਾ ਗਿਆ ਹੈ। 

ਕਾਗੋਸ਼ਿਮਾ ਸ਼ਹਿਰ 'ਚ ਜਿੱਥੇ ਲੋਕਾਂ ਨੂੰ ਕੱਢਣ ਲਈ ਹੁਕਮ ਜਾਰੀ ਕੀਤਾ ਗਿਆ, ਉੱਥੇ ਹੀ ਬੁੱਧਵਾਰ ਦੀ ਸਵੇਰ ਸਥਾਨਕ ਸਮੇਂ ਮੁਤਾਬਕ 7 ਤੋਂ 8 ਵਜੇ ਵਿਚਕਾਰ 40 ਮਿਲੀਮੀਟਰ ਤੋਂ ਵਧੇਰੇ ਮੀਂਹ ਦਰਜ ਕੀਤਾ ਗਿਆ। ਅਧਿਕਾਰੀਆਂ ਨੇ ਸੂਬੇ 'ਚ ਵਿਆਪਕ ਪੱਧਰ 'ਤੇ ਮੀਂਹ ਕਾਰਨ ਚਿੱਕੜ ਅਤੇ ਸੜਕਾਂ 'ਤੇ ਫਿਸਲਣ ਹੋਣ ਦੀ ਚਿਤਾਵਨੀ ਜਾਰੀ ਕੀਤੀ ਹੈ। ਵੀਰਵਾਰ ਤਕ ਕਿਊਸ਼ੂ ਖੇਤਰ 'ਚ ਹੋਰ ਵਧੇਰੇ ਮੀਂਹ ਪੈਣ ਦਾ ਖਦਸ਼ਾ ਹੈ।

ਕੁੱਝ ਖੇਤਰਾਂ 'ਚ ਪ੍ਰਤੀ ਘੰਟੇ 80 ਮਿਲੀਮੀਟਰ ਮੀਂਹ ਪੈਣ ਦਾ ਸ਼ੱਕ ਪ੍ਰਗਟ ਕੀਤਾ ਗਿਆ ਹੈ। ਇਹ ਇਸ ਖੇਤਰ 'ਚ ਪੂਰੇ ਜੁਲਾਈ ਮਹੀਨੇ 'ਚ ਹੋਣ ਵਾਲੇ ਔਸਤਨ ਮੀਂਹ ਦੇ ਬਰਾਬਰ ਹੈ। ਮੌਸਮ ਵਿਭਾਗ ਅਧਿਕਾਰੀ ਰਯੁਤਾ ਕੁਰੋਰਾ ਨੇ ਇਕ ਦਿਨ ਪਹਿਲਾਂ ਜਲਦਬਾਜ਼ੀ 'ਚ ਬੁਲਾਏ ਗਏ ਪੱਤਰਕਾਰ ਸੰਮੇਲਨ 'ਚ ਦੱਸਿਆ ਸੀ ਕਿ ਇੱਥੇ ਵੀਰਵਾਰ ਤਕ ਮੀਂਹ ਪੈਣ ਦੀ ਸੰਭਾਵਨਾ ਹੈ। ਸਥਾਨਕ ਮੀਡੀਆ ਨੇ ਕਿਹਾ ਕਿ ਲੋਕਾਂ ਨੂੰ ਅਲਰਟ ਕਰ ਦਿੱਤਾ ਗਿਆ ਹੈ।


Related News