ਜਾਪਾਨ ''ਚ ਹੜ੍ਹ ਕਾਰਨ ਸੈਰ ਸਪਾਟਾ ਸਥਾਨਾਂ ''ਤੇ ਫਸੇ ਸੈਂਕੜੇ ਲੋਕ
Thursday, Jul 09, 2020 - 04:06 PM (IST)
ਟੋਕੀਓ (ਭਾਸ਼ਾ) : ਮੱਧ ਜਾਪਾਨ ਵਿਚ ਖ਼ੂਬਸੂਰਤ ਗਰਮ ਪਾਣੀ ਦੇ ਝਰਨੇ ਅਤੇ ਪਹਾੜੀ ਖੇਤਰਾਂ ਵਿਚ ਹੜ੍ਹ ਅਤੇ ਚਿੱਕੜ ਧੱਸਣ ਕਾਰਨ ਸੈਂਕੜੇ ਲੋਕ ਫਸ ਗਏ ਹਨ। ਉਥੇ ਹੀ ਦੱਖਣੀ ਖੇਤਰ ਵਿਚ ਵੀਰਵਾਰ ਨੂੰ ਵੀ ਬਚਾਅ ਕਰਮੀ ਆਫ਼ਤ ਕਾਰਨ ਲਾਪਤਾ ਹੋਏ ਲੋਕਾਂ ਦੀ ਭਾਲ ਵਿਚ ਜੁਟੇ ਰਹੇ। ਇੱਥੇ ਹੁਣ ਤੱਕ ਕਰੀਬ 60 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਨਗਾਨੋ ਅਤੇ ਗੀਫੂ ਸਮੇਤ ਖ਼ੂਬਸੂਰਤ ਪਹਾੜ ਅਤੇ ਗਰਮ ਪਾਣੀ ਵਾਲੇ ਇਲਾਕਿਆਂ ਵਿਚ ਮੀਂਹ ਕਾਰਨ ਹੜ੍ਹ ਆਇਆ ਹੋਇਆ ਹੈ। ਸੂਬਾਈ ਅਧਿਕਾਰੀਆਂ ਨੇ ਦੱਸਿਆ ਕਿ ਹੋਟਲ ਕਾਮੇ ਅਤੇ ਸੈਲਾਨੀਆਂ ਸਮੇਤ 300 ਤੋਂ ਜ਼ਿਆਦਾ ਲੋਕ ਕਮੀਕੋਚੀ ਵਿਚ ਫਸੇ ਹਨ, ਕਿਉਂਕਿ ਇਸ ਸਥਾਨ ਨੂੰ ਨਗਾਨੋ ਦੇ ਹੋਰ ਸੈਰ-ਸਪਾਟਾਂ ਸਥਾਨ ਮਾਟਸੁਮੋਟੋ ਨਾਲ ਜੋੜਨ ਵਾਲੀ ਮੁੱਖ ਸੜਕ ਚਿੱਕੜ ਧੱਸਣ ਨਾਲ ਪ੍ਰਭਾਵਿਤ ਹੈ। ਹਾਲਾਂਕਿ ਇੱਥੇ ਫਸੇ ਸਾਰੇ ਲੋਕ ਸੁਰੱਖਿਅਤ ਹਨ। ਉਥੇ ਹੀ ਗੁਆਂਢੀ ਗੀਫੂ ਦੇ ਗੀਰੋ ਅਤੇ ਓਂਤੇਕ ਵਿਚ ਅਣਗਿਣਤ ਲੋਕ ਗਰਮ ਝਰਨੇ ਵਾਲੇ ਖੇਤਰ ਵਿਚ ਅਲਗ-ਥਲਗ ਹੋ ਗਏ ਹਨ। ਵੀਰਵਾਰ ਤੱਕ ਮੀਂਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 59 ਹੋ ਗਈ। ਮੀਂਹ ਪਿਛਲੇ ਹਫ਼ਤੇ ਦੇ ਅੰਤ ਵਿਚ ਸ਼ੁਰੂ ਹੋਇਆ ਸੀ। ਮਰਨ ਵਾਲਿਆਂ ਵਿਚ ਜ਼ਿਆਦਾਤਰ ਲੋਕ ਬੇਹੱਦ ਪ੍ਰਭਾਵਿਤ ਕੁਮਾਮੋਟੋ ਸੂਬੇ ਤੋਂ ਹਨ।