ਜਾਪਾਨ ''ਚ ਕੋਰੋਨਾਵਾਇਰਸ ਦਾ ਦੂਜਾ ਮਾਮਲਾ ਆਇਆ ਸਾਹਮਣੇ
Friday, Jan 24, 2020 - 10:16 AM (IST)

ਟੋਕੀਓ (ਭਾਸ਼ਾ): ਜਾਪਾਨ ਵਿਚ ਇਕ ਹੋਰ ਵਿਅਕਤੀ ਦੇ ਕੋਰੋਨਾਵਾਇਰਸ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਣ ਦੇ ਨਾਲ ਇੱਥੇ ਇਸ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਵੱਧ ਕੇ 2 ਹੋ ਗਈ ਹੈ। ਸਥਾਨਕ ਮੀਡੀਆ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਚੀਨ ਦੇ ਵੁਹਾਨ ਸੂਬੇ ਦੇ ਇਕ ਵਿਅਕਤੀ ਦੇ ਜਾਪਾਨ ਪਹੁੰਚਣ ਦੇ ਬਾਅਦ 15 ਜਨਵਰੀ ਨੂੰ ਜਾਪਾਨ ਵਿਚ ਕੋਰੋਨਾਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਐੱਨ.ਐੱਚ.ਕੇ. ਮੀਡੀਆ ਦੇ ਮੁਤਾਬਕ ਜਾਪਾਨ ਵਿਚ ਜਿਹੜੇ ਦੂਜੇ ਵਿਅਕਤੀ ਵਿਚ ਕੋਰੋਨਾਵਾਇਰਸ ਦੇ ਲੱਛਣ ਪਾਏ ਗਏ ਹਨ ਉਹ ਚੀਨ ਦਾ ਸੈਲਾਨੀ ਹੈ ਅਤੇ 19 ਜਨਵਰੀ ਨੂੰ ਜਾਪਾਨ ਆਇਆ ਸੀ।
ਉਹ 20 ਜਨਵਰੀ ਨੂੰ ਬੁਖਾਰ ਹੋਣ ਦੇ ਬਾਅਦ ਜਾਂਚ ਕਰਾਉਣ ਲਈ ਗਿਆ। ਇਸ ਦੌਰਾਨ ਡਾਕਟਰਾਂ ਨੂੰ ਕੋਰੋਨਾਵਾਇਰਸ ਦੇ ਲੱਛਣ ਨਹੀਂ ਮਿਲੇ ਪਰ ਬੁੱਧਵਾਰ ਨੂੰ ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਅਤੇ ਸ਼ੁੱਕਰਵਾਰ ਨੂੰ ਡਾਕਟਰਾਂ ਨੇ ਉਸ ਦੇ ਨਵੇਂ ਕੋਰੋਨਾਵਾਇਰਸ ਨਾਲ ਪੀੜਤ ਹੋਣ ਦੀ ਪੁਸ਼ਟੀ ਕਰ ਦਿੱਤੀ। ਜ਼ਿਕਰਯੋਗ ਹੈ ਕਿ ਚੀਨ ਵਿਚ ਕੋਰੋਨਾਵਾਇਰਸ ਨੇ ਮਹਾਮਾਰੀ ਦਾ ਰੂਪ ਲੈ ਲਿਆ ਹੈ। ਚੀਨ ਵਿਚ ਹੁਣ ਤੱਕ ਇਸ ਨਾਲ 25 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 830 ਲੋਕਾਂ ਵਿਚ ਇਸ ਵਾਇਰਸ ਦਾ ਇਨਫੈਕਸ਼ਨ ਪਾਇਆ ਗਿਆ ਹੈ।