ਕੈਨੇਡਾ ਦੀ ਸੰਸਦ ''ਚ ਭਿੜੇ ਜਗਮੀਤ ਸਿੰਘ ਅਤੇ ਪੀਅਰੇ ਪੋਲੀਵਰੇ
Friday, Sep 20, 2024 - 06:16 PM (IST)
ਓਟਾਵਾ : ਕੈਨੇਡੀਅਨ ਸੰਸਦ ਵਿਚ ਮਾਹੌਲ ਉਦੋਂ ਤਣਾਅਪੂਰਨ ਬਣ ਗਿਆ ਜਦੋਂ ਵਿਰੋਧੀ ਧਿਰ ਦੇ ਆਗੂ ਪੀਅਰੇ ਪੋਲੀਵਰੇ ਨੇ ਪ੍ਰਸ਼ਨਕਾਲ ਦੌਰਾਨ ਐਨ.ਡੀ.ਪੀ. ਆਗੂ ਜਗਮੀਤ ਸਿੰਘ ਨੂੰ ਧੋਖੇਬਾਜ਼ ਅਤੇ ਵਿਕਿਆ ਹੋਇਆ ਆਗੂ ਕਹਿਣਾ ਸ਼ੁਰੂ ਕਰ ਦਿੱਤਾ। ਇਸੇ ਦੌਰਾਨ ਜਗਮੀਤ ਸਿੰਘ ਆਪਣੀ ਸੀਟ ਛੱਡ ਕੇ ਅੱਗੇ ਆ ਗਏ ਅਤੇ ਕੰਜ਼ਰਵੇਟਿਵ ਪਾਰਟੀ ਦੇ ਆਗੂ ’ਤੇ ਚਿਲਾਉਣ ਲੱਗੇ। ਸਿਰਫ ਇਥੇ ਹੀ ਬੱਸ ਨਹੀਂ ਕੰਜ਼ਰਵੇਟਿਵ ਅਤੇ ਐਨ.ਡੀ.ਪੀ. ਦੇ ਬਾਕੀ ਐਮ.ਪੀਜ਼ ਵੀ ਇਸ ਤਲਖਕਲਾਮੀ ਵਿਚ ਸ਼ਾਮਲ ਹੋ ਗਏ ਜਿਸ ਮਗਰੋਂ ਹਾਲਾਤ ਵਿਗੜਦੇ ਦੇਖ ਹਾਊਸ ਆਫ਼ ਕਾਮਨਜ਼ ਦੇ ਸਪੀਕਰ ਨੂੰ ਉਠਣਾ ਪਿਆ ਅਤੇ ਐਮ.ਪੀਜ਼ ਨੂੰ ਯਾਦ ਕਰਵਾਇਆ ਕਿ ਕੈਨੇਡਾ ਦੇ ਲੋਕ ਸਾਨੂੰ ਦੇਖ ਰਹੇ ਹਨ। ਪੋਲੀਵਰੇ ਵੱਲੋਂ ਪਹਿਲੇ ਗੇੜ ਦੇ ਸਵਾਲਾਂ ਦੌਰਾਨ ਬਲੌਕ ਕਿਊਬੈਕ ਅਤੇ ਐਨ.ਡੀ.ਪੀ. ਦੋਹਾਂ ਨੂੰ ਨਿਸ਼ਾਨਾ ਬਣਾਇਆ ਗਿਆ ਕਿਉਂਕਿ ਦੋਵੇਂ ਪਾਰਟੀਆਂ ਬੇਭਰੋਸੇਗੀ ਮਤੇ ਦੀ ਹਮਾਇਤ ਕਰਨ ਤੋਂ ਸਾਫ਼ ਨਾਂਹ ਕਰ ਚੁੱਕੀਆਂ ਹਨ।
ਸਪੀਕਰ ਨੂੰ ਦੇਣਾ ਪਿਆ ਦਖਲ
ਇਸ ਮਗਰੋਂ ਪੰਜਵੇਂ ਸਵਾਲ ਦੌਰਾਨ ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਜਗਮੀਤ ਸਿੰਘ ਨੇ ਵਿੰਨੀਪੈਗ ਦੀ ਜ਼ਿਮਨੀ ਚੋਣ ਜਿੱਤਣ ਲਈ ਘੱਟ ਗਿਣਤੀ ਲਿਬਰਲ ਸਰਕਾਰ ਨਾਲੋਂ ਤੋੜ-ਵਿਛੋੜੇ ਦਾ ਡਰਾਮਾ ਕੀਤਾ। ਜਿਉਂ ਹੀ ਵੋਟਾਂ ਦੀ ਗਿਣਤੀ ਹੋਈ ਤਾਂ ਜਗਮੀਤ ਸਿੰਘ ਨੇ ਵਿੰਨੀਪੈਗ ਵਾਲਿਆਂ ਨਾਲ ਧੋਖਾ ਕਰ ਦਿੱਤਾ। ਅਜਿਹੇ ਵਿਚ ਐਨ.ਡੀ.ਪੀ. ਆਗੂ ’ਤੇ ਕੌਣ ਭਰੋਸਾ ਕਰੇਗਾ? ਪੋਲੀਵਰੇ ਦੇ ਬੈਠਣ ਮਗਰੋਂ ਹਾਊਸ ਆਫ ਕਾਮਨਜ਼ ਵਿਚ ਤਣਾਅਪੂਰਨ ਮਾਹੌਲ ਬਣ ਗਿਆ ਅਤੇ ਕੰਜ਼ਰਵੇਟਿਵ ਪਾਰਟੀ ਤੇ ਐਨ.ਡੀ.ਪੀ. ਦੇ ਐਮ.ਪੀਜ਼ ਇਕ ਦੂਜੇ 'ਤੇ ਨਿਸ਼ਾਨਾ ਵਿੰਨ੍ਹਣ ਲੱਗੇ। ਜਗਮੀਤ ਸਿੰਘ ਵੀ ਆਪਣੀ ਸੀਟ ਛੱਡ ਕੇ ਆਏ ਅਤੇ ਕੁਝ ਸ਼ਬਦਾਂ ਦੀ ਵਰਤੋਂ ਕੀਤੀ ਪਰ ਇਸ ਦੌਰਾਨ ਸਪੀਕਰ ਨੇ ਆਵਾਜ਼ ਬੰਦ ਕਰਵਾ ਦਿਤੀ।
ਪੜ੍ਹੋ ਇਹ ਅਹਿਮ ਖ਼ਬਰ-4.27 ਲੱਖ ਵਿਦਿਆਰਥੀ ਕੈਨੇਡਾ 'ਚ, ਜਾਣੋ ਟਰੂਡੋ ਦੇ ਫ਼ੈਸਲੇ ਦਾ ਭਾਰਤੀਆਂ 'ਤੇ ਕੀ ਹੋਵੇਗਾ ਅਸਰ
ਲਿਬਰਲ ਐਮ.ਪੀ. ਕੈਵਿਨ ਲੈਮੋਯੂਕਸ ਨੇ ਸੀ.ਬੀ.ਸੀ. ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਜਗਮੀਤ ਸਿੰਘ ਵੱਲੋਂ ਵਰਤੇ ਸ਼ਬਦਾਂ ਬਾਰੇ ਸਪੱਸ਼ਟ ਤੌਰ ’ਤੇ ਨਹੀਂ ਦੱਸ ਸਕਦੇ ਪਰ ਐਨ.ਡੀ.ਪੀ. ਆਗੂ ਗੁੱਸੇ ਵਿਚ ਨਜ਼ਰ ਆ ਰਹੇ ਸਨ ਅਤੇ ਇਹ ਗੁੱਸਾ ਟੋਰੀ ਆਗੂ ਕਰਕੇ ਸੀ। ਜਿਉਂ ਹੀ ਸਪੀਕਰ ਗ੍ਰੈਗ ਫਰਗਸ ਨੇ ਆਵਾਜ਼ ਬਹਾਲ ਕੀਤੀ ਤਾਂ ਪੋਲੀਵਰੇ ਨੂੰ ਜਗਮੀਤ ਸਿੰਘ ਵੱਲ ਹੱਥ ਕਰ ਕੇ ਇਹ ਕਹਿੰਦਿਆਂ ਸੁਣਿਆ ਗਿਆ ਕਿ ਕਰ ਕੇ ਦਿਖਾਉ। ਸਪੀਕਰ ਨੂੰ ਹਾਲਾਤ ਕੰਟਰੋਲ ਕਰਨ ਵਿਚ ਕਾਫੀ ਸਮਾਂ ਲੱਗਾ ਅਤੇ ਐਮ.ਪੀਜ਼ ਨੂੰ ਜ਼ਾਬਤੇ ਵਿਚ ਰਹਿਣ ਦਾ ਸੱਦਾ ਦਿਤਾ। ਸਪੀਕਰ ਨੇ ਕੰਜ਼ਰਵੇਟਿਵ ਆਗੂ ਨੂੰ ਵੀ ਚੇਤੇ ਕਰਵਾਇਆ ਕਿ ਪ੍ਰਸ਼ਨਕਾਲ ਦਾ ਮਕਸਦ ਸਰਕਾਰ ਦੀ ਜਵਾਬਦੇਹੀ ਤੈਅ ਕਰਨ ਲਈ ਹੁੰਦਾ ਹੈ ਅਤੇ ਤੁਹਾਡੇ ਜ਼ਿਆਦਾਤਰ ਸਵਾਲ ਬਲੌਕ ਕਿਊਬੈਕ ਤੇ ਐਨ.ਡੀ.ਪੀ. ਦੁਆਲੇ ਕੇਂਦਰਤ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।