ਅਫਗਾਨਿਸਤਾਨ 'ਚ ਮਿਲਟਰੀ ਤਾਇਨਾਤੀ ਖ਼ਤਮ ਕਰਨ ਜਾ ਰਿਹਾ ਹੈ ਨਿਊਜ਼ੀਲੈਂਡ : ਜੈਸਿੰਡਾ ਅਰਡਰਨ

2/17/2021 12:47:02 PM

ਵੈਲਿੰਗਟਨ (ਭਾਸ਼ਾ): ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਬੁੱਧਵਾਰ ਨੂੰ ਘੋਸਣਾ ਕਰਦਿਆਂ ਕਿਹਾ ਕਿ ਨਿਊਜ਼ੀਲੈਂਡ ਮਈ ਵਿਚ ਅਫਗਾਨਿਸਤਾਨ ਤੋਂ ਆਪਣੇ ਮਿਲਟਰੀ ਕਰਮੀਆਂ ਨੂੰ ਵਾਪਸ ਬੁਲਾ ਲਵੇਗਾ। ਦੋ ਦਹਾਕਿਆਂ ਤੋਂ ਸਾਡੇ ਸੈਨਿਕ ਉੱਥੇ ਮੌਜੂਦ ਹਨ ਹੁਣ ਅਸੀਂ ਉੱਥੇ ਆਪਣੀ ਤਾਇਨਤੀ ਖ਼ਤਮ ਕਰਨ ਜਾ ਰਹੇ ਹਾਂ। ਅਰਡਰਨ ਨੇ ਕਿਹਾ ਕਿ ਅਫਗਾਨਿਸਤਾਨ ਦੀ ਅੰਦਰੂਨੀ ਸ਼ਾਂਤੀ ਪ੍ਰਕਿਰਿਆ ਨੇ ਅਸ਼ਾਂਤ ਦੇਸ਼ ਵਿਚ ਸਥਾਈ ਰਾਜਨੀਤਕ ਹੱਲ ਲਈ ਬਿਹਤਰ ਢੰਗ ਨਾਲ ਕੰਮ ਕੀਤਾ, ਜਿਸ ਨਾਲ ਸਮਝਿਆ ਜਾਣਾ ਚਾਹੀਦਾ ਹੈ ਕਿ ਹੁਣ ਉੱਥੇ ਨਿਊਜ਼ੀਲੈਂਡ ਦੇ ਰੱਖਿਆ ਬਲਾਂ ਦੀ ਕੋਈ ਲੋੜ ਨਹੀਂ ਹੈ।

ਅਰਡਰਨ ਨੇ ਇਕ ਬਿਆਨ ਵਿਚ ਕਿਹਾ,''ਅਫਗਾਨਿਸਤਾਨ ਵਿਚ ਨਿਊਜ਼ੀਲੈਂਡ ਦੇ ਰੱਖਿਆ ਬਲਾਂ ਮਤਲਬ ਐੱਨ.ਜੈੱਡ.ਡੀ.ਐੱਫ. (NZDF) ਦੀ ਮੌਜੂਦਗੀ ਦੇ 20 ਸਾਲਾਂ ਦੇ ਬਾਅਦ ਹੁਣ ਸਾਡੀ ਤਾਇਨਾਤੀ ਨੂੰ ਖ਼ਤਮ ਕਰਨਾ ਦਾ ਸਮਾਂ ਹੈ। ਦੱਸਿਆ ਗਿਆ ਹੈ ਕਿ 2001 ਤੋਂ ਅਫਗਾਨਿਸਤਾਨ ਵਿਚ ਕੁਝ 3,500 ਨਿਊਜ਼ੀਲੈਂਡ ਦੇ ਸੈਨਿਕਾਂ ਨੇ ਸੇਵਾ ਦਿੱਤੀ ਹੈ, ਜਿਹਨਾਂ ਵਿਚ ਵਿਸ਼ੇਸ਼ ਬਲ, ਮੁੜ ਉਸਾਰੀ ਦਲ ਅਤੇ ਅਧਿਕਾਰੀ ਸਿਖਲਾਈ ਮਾਹਰ ਸ਼ਾਮਲ ਰਹੇ। ਭਾਵੇਂਕਿ ਤਾਇਨਾਤੀ ਹਾਲ ਦੇ ਸਾਲਾਂ ਵਿਚ ਲਗਾਤਾਰ ਘੱਟ ਹੋਈ ਹੈ। ਰੱਖਿਆ ਮੰਤਰੀ ਪੀਨੀ ਹੇਨਰੇ ਨੇ ਕਿਹਾ ਕਿ ਵਰਤਮਾਨ ਤਾਇਨਾਤੀ ਵਿਚ ਐੱਨ.ਜੈੱਡ.ਡੀ.ਐੱਫ. ਦੇ ਸਿਰਫ 6 ਜਵਾਨ ਉੱਥੇ ਮੌਜੂਦ ਹਨ, ਜਿਹਨਾਂ ਵਿਚ ਤਿੰਨ ਅਫਗਾਨ ਅਧਿਕਾਰੀ ਸਿਖਲਾਈ ਅਕਾਦਮੀ ਵਿਚ ਅਤੇ ਤਿੰਨ ਨਾਟੋ ਹੈੱਡਕੁਆਰਟਰ ਵਿਚ ਹਨ।

ਪੜ੍ਹੋ ਇਹ ਅਹਿਮ ਖਬਰ- ਦੱਖਣੀ ਅਫਰੀਕਾ ਨੇ ਐਸਟਰਾਜ਼ੇਨੇਕਾ ਟੀਕਾ ਭਾਰਤ ਨੂੰ ਵਾਪਸ ਨਹੀਂ ਕੀਤਾ : ਸਿਹਤ ਮੰਤਰੀ

ਅਰਡਰਨ ਨੇ ਕਿਹਾ ਕਿ ਅਫਗਾਨਿਸਤਾਨ ਵਿਚ ਤਾਇਨਤੀ ਸਾਡੇ ਇਤਿਹਾਸ ਵਿਚ ਸਭ ਤੋਂ ਲੰਬੇ ਸਮੇਂ ਤੱਕ ਚੱਲਣ ਵਿਚੋਂ ਇਕ ਰਹੀ ਹੈ। ਉਹਨਾਂ ਨੇ ਅੱਗੇ ਕਿਹਾ ਕਿ ਮੈਂ ਉਹਨਾਂ 10 ਨਿਊਜ਼ੀਲੈਂਡ ਦੇ ਰੱਖਿਅਕਾਂ ਨੂੰ ਯਾਦ ਕਰਨਾ ਚਾਹੁੰਦੀ ਹਾਂ ਜਿਹਨਾਂ ਨੇ ਆਪਣਾ ਜੀਵਨ ਗਵਾ ਦਿੱਤਾ। ਨਾਲ ਹੀ 3,500 ਤੋਂ ਵੱਧ ਐੱਨ.ਜੈੱਡ.ਡੀ.ਐੱਫ. ਅਤੇ ਹੋਰ ਏਜੰਸੀ ਕਰਮੀ, ਜਿਹਨਾਂ ਦੇ ਸੰਘਰਸ਼ ਦੀ ਸ਼ਾਂਤੀ ਵਿਚ ਬਦਲਣ ਦੀ ਵਚਨਬੱਧਤਾ ਹਮੇਸ਼ਾ ਯਾਦ ਰੱਖੀ ਜਾਵੇਗੀ। 

ਅਰਡਰਨ ਨੇ ਬਿਆਨ ਵਿਚ ਕਿਹਾ ਕਿ ਤਾਇਨਾਤੀ ਨੂੰ ਖ਼ਤਮ ਕਰਨ ਦੇ ਫ਼ੈਸਲੇ 'ਤੇ ਪ੍ਰਮੁੱਖ ਸਹਿਯੋਗੀਆਂ ਦੇ ਨਾਲ ਚਰਚਾ ਕੀਤੀ ਗਈ। ਉੱਥੇ ਨਾਟੋ ਜਨਰਲ ਸਕੱਤਰ ਜੇਨਸ ਸਟੋਲਟੇਨਬਰਗ ਨੇ ਇਸ ਹਫ਼ਤੇ ਕਿਹਾ ਸੀ ਕਿ ਗਠਜੋੜ ਅਫਗਾਨਿਸਤਾਨ ਤੋਂ ਸੈਨਿਕਾਂ ਨੂੰ ਉਦੋਂ ਤੱਕ ਵਾਪਸ ਨਹੀਂ ਲਵੇਗਾ ਜਦੋਂ ਤੱਕ ਸਹੀ ਸਮਾਂ ਨਹੀਂ ਆ ਜਾਂਦਾ। ਇੱਥੇ ਦੱਸ ਦਈਏ ਕਿ ਵਾਸ਼ਿੰਗਟਨ ਸਮਰਥਿਤ ਸਹਿਯੋਗੀਆਂ ਦੇ ਰੱਖਿਆ ਮੰਤਰੀਆਂ ਨੇ ਇਸ ਹਫਤੇ 10,000 ਮਜ਼ਬੂਤ ਮਿਸ਼ਨ ਦੇ ਭਵਿੱਖ 'ਤੇ ਚਰਚਾ ਕਰਨ ਲਈ ਮਿਲਣਾ ਹੈ।  

ਨੋਟ- ਅਫਗਾਨਿਸਤਾਨ 'ਚ ਮਿਲਟਰੀ ਤਾਇਨਾਤੀ ਖ਼ਤਮ ਕਰਨ ਜਾ ਰਿਹਾ ਹੈ ਨਿਊਜ਼ੀਲੈਂਡ, ਕੁਮੈਂਟ ਕਰ ਦਿਓ ਰਾਏ।


Vandana

Content Editor Vandana