ਇਵਾਂਕਾ ਤੇ ਜ਼ੈਰੇਡ ਨੇ ਕੋਰੋਨਾ ਦੇ ਨਿਯਮਾਂ ਦਾ ਕੀਤਾ ਉਲੰਘਣ ਤਾਂ ਸਕੂਲ ਤੋਂ ਹਟਾਉਣੇ ਪੈ ਗਏ ਬੱਚੇ
Saturday, Nov 14, 2020 - 07:39 PM (IST)
ਵਾਸ਼ਿੰਗਟਨ - ਕੋਰੋਨਾ ਮਹਾਮਾਰੀ ਨੂੰ ਲੈ ਕੇ ਘਿਰੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਇਵਾਂਕਾ ਟਰੰਪ ਨੂੰ ਕੋਰੋਨਾਵਾਇਰਸ ਗਾਈਡਲਾਇੰਸ ਦਾ ਪਾਲਣ ਨਾ ਕਰਨ 'ਤੇ ਆਪਣੇ ਬੱਚਿਆਂ ਨੂੰ ਸਕੂਲ ਤੋਂ ਹਟਾਉਣਾ ਪੈ ਗਿਆ। ਇਵਾਂਕਾ ਟਰੰਪ ਅਤੇ ਉਨ੍ਹਾਂ ਦੇ ਪਤੀ ਜ਼ੈਰੇਡ ਕੁਸ਼ਨਰ ਨੇ ਹੁਣ ਆਪਣੇ ਤਿੰਨਾਂ ਬੱਚਿਆਂ ਦਾ ਨਾਂ ਵਾਸ਼ਿੰਗਟਨ ਦੇ ਪਾਸ਼ ਸਕੂਲ ਤੋਂ ਕਢਾ ਕੇ ਦੂਸਰੇ ਸਕੂਲ ਵਿਚ ਲਿਖਵਾਇਆ ਹੈ। ਇਹ ਤਿੰਨੋਂ ਬੱਚੇ ਸਕੂਲ ਵਿਚ ਪਿਛਲੇ 3 ਸਾਲ ਤੋਂ ਪੜ੍ਹਾਈ ਕਰ ਰਹੇ ਸਨ।
ਸਕੂਲ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਇਵਾਂਕਾ ਟਰੰਪ ਅਤੇ ਉਨ੍ਹਾਂ ਦੇ ਪਤੀ ਜ਼ੈਰੇਡ ਕੁਸ਼ਨਰ ਨੇ ਕਈ ਵਾਰ ਜਨਤਕ ਰੂਪ ਨਾਲ ਮਾਪਿਆਂ ਲਈ ਜਾਰੀ ਕੋਰੋਨਾਵਾਇਰਸ ਗਾਈਡਲਾਇੰਸ ਦਾ ਉਲੰਘਣ ਕੀਤਾ ਸੀ। ਸੀ. ਐੱਨ. ਐੱਨ. ਦੀ ਰਿਪੋਰਟ ਮੁਤਾਬਕ ਇਵਾਂਕਾ ਟਰੰਪ ਅਤੇ ਉਨ੍ਹਾਂ ਦੇ ਪਤੀ ਨੇ ਕਈ ਵਾਰ ਸਕੂਲ ਦੇ ਪੈਰੰਟ ਹੈਂਡਬੁੱਕ ਵਿਚ ਲਿਖੇ ਕੋਵਿਡ-19 ਤੋਂ ਬਚਾਅ ਦੀਆਂ ਗਾਈਡਲਾਇੰਸ ਨੂੰ ਨਹੀਂ ਮੰਨਿਆ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕਈ ਸ਼ਿਕਾਇਤਾਂ, ਮਾਸਕ ਪਾਉਣ ਅਤੇ ਸੋਸ਼ਲ ਡਿਸਟੈਂਸਿੰਗ ਦੇ ਪਾਲਣ ਦੀ ਅਪੀਲ ਤੋਂ ਬਾਅਦ ਇਵਾਂਕਾ ਟਰੰਪ ਨੂੰ ਆਪਣੇ ਬੱਚਿਆਂ ਨੂੰ ਸਕੂਲ ਤੋਂ ਹਟਾਉਣ ਲਈ ਮਜ਼ਬੂਰ ਹੋਣਾ ਪਿਆ।
ਇਵਾਂਕਾ ਅਤੇ ਜ਼ੈਰੇਡ ਹੈਂਡਬੁੱਕ ਵਿਚ ਦਿੱਤੇ ਗਏ ਨਿਯਮਾਂ ਨੂੰ ਨਹੀਂ ਮੰਨਦੇ
ਸੂਤਰਾਂ ਮੁਤਾਬਕ ਕਈ ਹੋਰ ਮਾਪਿਆਂ ਨੇ ਸਕੂਲ ਨੂੰ ਸ਼ਿਕਾਇਤ ਕੀਤੀ ਸੀ ਕਿ ਇਵਾਂਕਾ ਅਤੇ ਜ਼ੈਰੇਡ ਪੈਰੰਟ ਹੈਂਡਬੁੱਕ ਵਿਚ ਦਿੱਤੇ ਗਏ ਨਿਯਮਾਂ ਨੂੰ ਨਹੀਂ ਮੰਨਦੇ ਹਨ। ਇਸ ਤੋਂ ਬਾਅਦ ਸਕੂਲ ਨੇ ਇਵਾਂਕਾ ਅਤੇ ਜ਼ੈਰੇਡ ਤੋਂ ਗਾਈਡਲਾਇੰਸ ਦਾ ਪਾਲਣ ਨਾ ਕਰਨ 'ਤੇ ਵਿਰੋਧ ਕਰਨ ਦਾ ਫੈਸਲਾ ਕੀਤਾ। ਸਕੂਲ ਦੀ ਮੁੱਖ ਚਿੰਤਾ ਇਸ ਗੱਲ ਨੂੰ ਲੈ ਕੇ ਸੀ ਕਿ ਇਵਾਂਕਾ ਅਤੇ ਜ਼ੈਰੇਡ ਅਜਿਹੇ ਮਾਹੌਲ ਵਿਚ ਕੰਮ ਕਰਦੇ ਹਨ ਜਿਥੇ ਵੱਡੇ ਪੈਮਾਨੇ 'ਤੇ ਕੋਰੋਨਾਵਾਇਰਸ ਦੇ ਮਾਮਲੇ ਹਨ ਅਤੇ ਕੋਈ ਵੀ ਮਾਸਕ ਨਹੀਂ ਪਾਉਂਦਾ ਹੈ।
ਮਾਪਿਆਂ ਨੇ ਇਹ ਵੀ ਸ਼ਿਕਾਇਤ ਕੀਤੀ ਸੀ ਕਿ ਸੁਪਰੀਮ ਕੋਰਟ ਦੀ ਘਟਨਾ ਤੋਂ 3 ਦਿਨ ਬਾਅਦ ਇਵਾਂਕਾ ਟਰੰਪ ਨੇ ਪੂਰੇ ਪਰਿਵਾਰ ਸਮੇਤ ਆਪਣੇ ਪਿਤਾ ਦੇ ਨਾਲ ਪਹਿਲੀ ਪ੍ਰੈਜ਼ੀਡੈਂਸ਼ੀਅਲ ਡਿਬੇਟ ਵਿਚ ਹਿੱਸਾ ਲਿਆ ਸੀ। ਇਸ ਦੌਰਾਨ ਉਨ੍ਹਾਂ ਨੇ ਮਾਸਕ ਵੀ ਨਹੀਂ ਪਾਇਆ ਸੀ। ਸੁਪਰੀਮ ਕੋਰਟ ਦੀ ਘਟਨਾ ਵਿਚ 13 ਲੋਕ ਬੀਮਾਰ ਪੈ ਗਏ ਸਨ। ਇਹੀਂ ਨਹੀਂ ਇਸ ਘਟਨਾ ਤੋਂ ਬਾਅਦ ਇਵਾਂਕਾ ਤੇ ਜ਼ੈਰੇਡ ਨੇ ਖੁਦ ਨੂੰ 2 ਹਫਤੇ ਤੱਕ ਅਲੱਗ-ਥਲਗ ਵੀ ਨਹੀਂ ਕੀਤਾ ਸੀ। ਇਹੀਂ ਨਹੀਂ ਟਰੰਪ ਅਤੇ ਮੇਲਾਨੀਆ ਦੇ ਕੋਰੋਨਾ ਪਾਜ਼ੇਟਿਵ ਹੋਣ 'ਤੇ ਵੀ ਇਵਾਂਕਾ ਨੇ ਖੁਦ ਨੂੰ ਕੁਆਰੰਟਾਈਨ ਨਹੀਂ ਕੀਤਾ ਸੀ।