ਇਟਲੀ ''ਚ ਸੈਲਾਨੀ ਬੱਸ ਹੋਈ ਹਾਦਸਾਗ੍ਰਸਤ, ਇਕ ਦੀ ਮੌਤ ਤੇ 37 ਜ਼ਖਮੀ
Thursday, May 23, 2019 - 08:27 AM (IST)

ਰੋਮ— ਇਟਲੀ ਦੇ ਟਸਕਨੀ ਸੂਬੇ 'ਚ ਇਕ ਹਾਈਵੇਅ 'ਤੇ ਸੈਲਾਨੀ ਬੱਸ ਉਲਟ ਜਾਣ ਕਾਰਨ ਇਕ ਔਰਤ ਦੀ ਮੌਤ ਹੋ ਗਈ ਤੇ ਹੋਰ 37 ਲੋਕ ਜ਼ਖਮੀ ਹੋ ਗਏ। ਰਿਪੋਰਟਾਂ ਮੁਤਾਬਕ ਮੱਧ ਟਸਕਨੀ ਦੇ ਮੋਂਟੇਰੀਗਿਓਨੀ ਸ਼ਹਿਰ ਕੋਲ ਬੁੱਧਵਾਰ ਸਵੇਰੇ ਡਬਲ ਬੱਸ ਹਾਦਸੇ ਦੀ ਸ਼ਿਕਾਰ ਹੋ ਗਈ। ਮ੍ਰਿਤਕ ਔਰਤ ਦੀ ਪਛਾਣ 40 ਸਾਲਾ ਟੂਰ ਗਾਈਡ ਵਜੋਂ ਕੀਤੀ ਗਈ ਹੈ। ਇਟਲੀ 'ਚ ਰੂਸੀ ਅੰਬੈਸੀ ਨੇ ਕਿਹਾ ਕਿ ਜ਼ਖਮੀਆਂ 'ਚ 19 ਰੂਸੀ ਨਾਗਰਿਕ ਹਨ। ਦੁਰਘਟਨਾ 'ਚ ਆਰਮੇਨੀਆ, ਕਜ਼ਾਕਿਸਤਾਨ, ਯੁਕ੍ਰੇਨ, ਬੇਲਾਰੂਸ, ਮੋਲਦੋਵਾ, ਜਾਰਜੀਆ ਅਤੇ ਰੋਮਾਨੀਆ ਦੇ ਨਾਗਰਿਕ ਵੀ ਜ਼ਖਮੀ ਹੋਏ।
ਸਥਾਨਕ ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਦੁਰਘਟਨਾ 'ਚ ਜ਼ਖਮੀ 33 ਲੋਕਾਂ ਨੂੰ ਦੋ ਸਥਾਨਕ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ 4 ਹੋਰ ਲੋਕਾਂ ਨੂੰ ਹਲਕੀਆਂ ਸੱਟਾਂ ਲੱਗੀਆਂ ਸਨ।