ਪ੍ਰਵਾਸੀਆਂ ਨੂੰ ਆਉਣ ਤੋਂ ਰੋਕਣ ਲਈ ਇਟਲੀ ਦਾ ਹਵਾਈ ਅੱਡਾ ਬੰਦ ਕਰਨ ਦੀ ਧਮਕੀ

10/08/2018 11:19:39 AM

ਰੋਮ (ਭਾਸ਼ਾ)— ਪ੍ਰਵਾਸੀਆਂ ਨੂੰ ਇਕ ਚਾਰਟਰਡ ਜਹਾਜ਼ ਜ਼ਰੀਏ ਇਟਲੀ ਭੇਜਣ ਦੀ ਜਰਮਨੀ ਦੀ ਯੋਜਨਾ ਸਬੰਧੀ ਖਬਰਾਂ ਆਉਣ ਦੇ ਬਾਅਦ ਇਟਲੀ ਦੇ ਧੁਰ ਸੱਜੇ ਪੱਖੀ ਗ੍ਰਹਿ ਮੰਤਰੀ ਮੈਟਿਓ ਸਾਲਵਿਨੀ ਨੇ ਦੇਸ਼ ਦੇ ਹਵਾਈ ਅੱਡੇ ਬੰਦ ਕਰਨ ਦੀ ਧਮਕੀ ਦਿੱਤੀ ਹੈ। ਅਜਿਹੀਆਂ ਖਬਰਾਂ ਹਨ ਕਿ ਜਰਮਨੀ ਅਜਿਹੇ ਪ੍ਰਵਾਸੀਆਂ ਨੂੰ ਚਾਰਟਰਡ ਜਹਾਜ਼ਾਂ ਜ਼ਰੀਏ ਇਟਲੀ ਭੇਜਣ ਦੀ ਯੋਜਨਾ ਬਣ ਰਿਹਾ ਹੈ, ਜਿਨ੍ਹਾਂ ਨੂੰ ਉਨ੍ਹਾਂ ਨੇ ਸ਼ਰਣ ਨਹੀਂ ਦਿੱਤੀ ਹੈ। ਸਾਲਵਿਨੀ ਨੇ ਐਤਵਾਰ ਨੂੰ ਟਵੀਟ ਕੀਤਾ,''ਜੇ ਬਰਲਿਨ ਜਾਂ ਬ੍ਰਸੇਲਸ ਵਿਚ ਕੋਈ ਗੈਰ-ਅਧਿਕਾਰਤ ਚਾਰਟਰਡ ਜਹਾਜ਼ਾਂ ਜ਼ਰੀਏ ਦਰਜਨਾਂ ਪ੍ਰਵਾਸੀਆਂ ਨੂੰ ਇਟਲੀ ਭੇਜਣ ਬਾਰੇ ਸੋਚ ਰਿਹਾ ਹੈ ਤਾਂ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਲਈ ਹਵਾਈ ਅੱਡੇ ਉਪਲਬਧ ਨਹੀਂ ਹਨ ਅਤੇ ਨਾ ਹੀ ਹੋਣਗੇ।'' 

ਪ੍ਰਵਾਸੀਆਂ ਦੀਆਂ ਬਚਾਅ ਕਿਸ਼ਤੀਆਂ ਨੂੰ ਆਪਣੀਆਂ ਬੰਦਰਗਾਹਾਂ 'ਤੇ ਜਗ੍ਹਾ ਨਾ ਦੇਣ ਸਬੰਧੀ ਇਟਲੀ ਦੇ ਕੁਝ ਹੀ ਮਹੀਨੇ ਪੁਰਾਣੇ ਫੈਸਲੇ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਕਿਹਾ,''ਅਸੀਂ ਹਵਾਈ ਅੱਡੇ ਉਂਝ ਹੀ ਬੰਦ ਕਰ ਦੇਵਾਂਗੇ ਜਿਵੇਂ ਕਿ ਅਸੀਂ ਬੰਦਰਗਾਹਾਂ ਬੰਦ ਕੀਤੀਆਂ ਹਨ।'' ਗੌਰਤਲਬ ਹੈ ਕਿ ਜਰਮਨੀ ਦੀ ਗੱਲਬਾਤ ਕਮੇਟੀ ਡੀ.ਪੀ.ਏ. ਨੇ ਐਤਵਾਰ ਨੂੰ ਆਪਣੀ ਖਬਰ ਵਿਚ ਕਿਹਾ ਹੈ ਕਿ ਬਰਲਿਨ ਅਜਿਹੇ ਪ੍ਰਵਾਸੀਆਂ ਨੂੰ ਚਾਰਟਰਡ ਜਹਾਜ਼ਾਂ ਜ਼ਰੀਏ ਵਾਪਸ ਇਟਲੀ ਭੇਜੇਗਾ ਜਿਨ੍ਹਾਂ ਨੂੰ ਉਸ ਨੇ ਸ਼ਰਣ ਨਹੀਂ ਦਿੱਤੀ ਹੈ।

ਏਜੰਸੀ ਦੀ ਖਬਰ ਮੁਤਾਬਕ ਪ੍ਰਵਾਸੀਆਂ ਨੂੰ ਲੈ ਕੇ ਆਉਣ ਵਾਲਾ ਪਹਿਲਾ ਚਾਰਟਰਡ ਜਹਾਜ਼ ਸੋਮਵਾਰ ਨੂੰ ਰਵਾਨਾ ਹੋਣਾ ਹੈ ਅਤੇ ਅਗਲਾ ਜਹਾਜ਼ 17 ਅਕਤੂਬਰ ਨੂੰ ਰਵਾਨਾ ਹੋਵੇਗਾ। ਪ੍ਰਵਾਸੀਆਂ ਵਿਚ ਜ਼ਿਆਦਾਤਰ ਨਾਈਜੀਰੀਆਈ ਹਨ ਜਿਹੜੇ ਇਟਲੀ ਦੇ ਰਸਤੇ ਯੂਰਪੀ ਯੂਨੀਅਨ ਵਿਚ ਦਾਖਲ ਹੋਏ ਹਨ। ਇਟਲੀ ਦੇ ਇਕ ਅੰਗਰੇਜ਼ੀ ਅਖਬਾਰ ਨੇ ਸ਼ਨੀਵਾਰ ਨੂੰ ਆਪਣੀ ਖਬਰ ਵਿਚ ਲਿਖਿਆ,''ਜਰਮਨੀ ਦਾ ਪ੍ਰਵਾਸੀ ਦਫਤਰ ਸ਼ਰਣ ਮੰਗਣ ਵਾਲਿਆਂ ਨੂੰ ਚਿੱਠੀਆਂ ਭੇਜ ਰਿਹਾ ਹੈ ਅਤੇ ਤਥਾਕਥਿਤ ਡਬਲਿਨ ਨਿਯਮਾਂ ਦੇ ਤਹਿਤ ਉਨ੍ਹਾਂ ਦੀ ਤੁਰੰਤ ਇਟਲੀ ਵਾਪਸੀ ਦੀ ਚਿਤਾਵਨੀ ਦੇ ਰਿਹਾ ਹੈ।'' ਡਬਲਿਨ ਨਿਯਮਾਂ ਦੇ ਤਹਿਤ ਪ੍ਰਵਾਸੀ ਉਸ ਦੇਸ਼ ਦੀ ਜ਼ਿੰਮੇਵਾਰੀ ਹਨ ਜਿੱਥੇ ਉਹ ਸਭ ਤੋਂ ਪਹਿਲਾਂ ਪਹੁੰਚੇ ਸਨ। ਭਾਵੇਂਕਿ ਜਰਮਨੀ ਦੇ ਗ੍ਰਹਿ ਮੰਤਰਾਲੇ ਨੇ ਐਤਵਾਰ ਨੂੰ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਪ੍ਰਵਾਸੀਆਂ ਨੂੰ ਇਟਲੀ ਭੇਜਣ ਦੀ ਉਸ ਦੀ ਕੋਈ ਯੋਜਨਾ ਨਹੀਂ ਹੈ।


Related News