ਇਟਲੀ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਲਈ ਨੇੜਲੇ ਪੜਾਅ ''ਤੇ

Wednesday, May 31, 2017 - 03:11 PM (IST)

ਇਟਲੀ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਲਈ ਨੇੜਲੇ ਪੜਾਅ ''ਤੇ

ਰੋਮ/ਇਟਲੀ (ਕੈਂਥ)— ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਅਤੇ ਸ੍ਰੀ ਸਾਹਿਬ ਨੂੰ ਪਹਿਨਣ ਦੀ ਇਜਾਜਤ ਸਬੰਧੀ ਮਾਨਤਾ ਦਿਵਾਉਣ ਲਈ ਇਕ ਕੇਸ ਪਿਛਲੇ ਲਗਭਗ 2 ਸਾਲ ਤੋਂ ਇਟਾਲੀਅਨ ਕਾਨੂੰਨ ਅਧੀਨ ਅਤੇ ਸਿੱਖ ਰਹਿਤ ਮਰਿਯਾਦਾ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ ਵਲੋਂ ਇਟਲੀ ਸਰਕਾਰ ਦੇ ਧਿਆਨ 'ਚ ਲਿਆਂਦਾ ਗਿਆ ਹੈ। ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲਗਾਏ ਇਸ ਬੂਟੇ ਨੂੰ ਬੂਰ ਪੈਂਦਾ ਨਜ਼ਰ ਆ ਰਿਹਾ ਹੈ। ਬੀਤੇ ਦਿਨੀਂ ਇਹ ਕੇਸ ਹੋਮ ਮਨਿਸਟਰੀ ਵਿਚ ਭੇਜਿਆ ਗਿਆ ਸੀ, ਜਿੱਥੋਂ ਪਾਸ ਹੋਣ ਉਪੰਰਤ ਇਹ ਕੇਸ ਅੱਗੇ ਵੱਲ ਵਧਦਾ ਹੋਇਆ ਕੋਨਸੀਲੀਓ ਦੀ ਸਤਾਤੋ 'ਚ ਪਹੁੰਚ ਗਿਆ ਹੈ। ਇਹ ਵਿਚਾਰ ਅਵਤਾਰ ਸਿੰਘ ਰਾਣਾ ਨੇ ਗੁਰਦੁਆਰਾ ਸਾਹਿਬ ਪਾਰਮਾ ਵਿਖੇ ਹੋਈ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਰਹੇ। 
ਜ਼ਿਕਰਯੋਗ ਹੈ ਕਿ ਅਵਤਾਰ ਸਿੰਘ ਰਾਣਾ ਇਸ ਕੇਸ ਦਾ ਵਿਧਾਨ ਅਤੇ ਸੰਵਿਧਾਨ ਨੂੰ ਇਟਾਲੀਅਨ ਵਿਚ ਲਿਖਣ ਵਾਲੇ ਅਤੇ ਮੂਹਰੇ ਹੋ ਕੇ ਕੰਮ ਕਰ ਰਹੇ ਹਨ, ਜੋ ਇਟਲੀ ਦੀ ਫੀਅਟ ਕੰਪਨੀ ਦੇ ਡਾਇਰੈਟਰ ਵੀ ਰਹਿ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕੋਨਸੀਲੀਓ ਦੀ ਸਤਾਤੋ ਵਲੋਂ ਇਹ ਕੇਸ ਜ਼ਿਲੇ ਦੇ ਹਰ ਪ੍ਰਫੈਤੋ ਲਈ ਜਾਂਚ-ਪੜਤਾਲ ਲਈ ਜਾਵੇਗਾ, ਜਿਸ 'ਚ ਇਹ ਜਾਂਚ ਹੋਵੇਗੀ ਕਿ ਇਟਲੀ ਦੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਜਿਹੜੇ ਵੀ ਗੁਰਦੁਆਰਾ ਸਹਿਬ ਨੇ ਰਜਿਸਟਰਡ ਹਨ। ਉਥੇ ਸਿੱਖਾਂ ਦੀ ਗਿਣਤੀ ਕਿੰਨੀ ਕੁ ਹੈ ਅਤੇ ਛੇਤੀ ਹੀ ਇਸ ਦੀ ਰਿਪੋਰਟ ਕੋਨਸੀਲੀਓ ਦੀ ਸਤਾਤੋ ਨੂੰ ਭੇਜੇਗੀ, ਜਿਸ ਉਪੰਰਤ ਅਗਲੀ ਕਾਰਵਾਈ ਹੋਵੇਗੀ।ਉਨ੍ਹਾਂ ਕਿਹਾ ਕਿ ਇਟਲੀ 'ਚ ਕ੍ਰਿਪਾਨ ਨੂੰ 1975 ਤੋਂ ਹਥਿਆਰ ਮੰਨਿਆ ਗਿਆ ਹੈ ਕਿਸੇ ਵੀ ਸਿੱਖ ਨੂੰ ਇਟਲੀ ਵਿਚ ਜਨਤਕ ਤੌਰ 'ਤੇ ਪਹਿਨ ਕੇ ਨਾ ਜਾਣ ਦੀ ਅਪੀਲ ਕੀਤੀ ਗਈ। ਉਨ੍ਹਾਂ ਕਿਹਾ ਕਿ 25 ਮਈ ਨੂੰ ਇਟਲੀ ਦੀ ਮਨਿਸਟਰੀ ਰੋਮ ਨਾਲ ਇਕ ਮੀਟਿੰਗ ਕੀਤੀ ਗਈ ਸੀ, ਜਿਸ 'ਚ ਅਵਤਾਰ ਸਿੰਘ ਰਾਣਾ ਤੋਂ ਇਲਾਵਾ ਹੋਰ ਵੀ ਸਿੰਘ ਹਾਜ਼ਰ ਸਨ, ਜਿਨ੍ਹਾਂ ਨੂੰ ਮੁੱਖ ਡਾਇਰੈਕਟਰ ਜਿਸ ਦੇ ਹੱਥ ਇਹ ਕੇਸ ਹੈ, ਨੇ ਭਰੋਸਾ ਦਿੱਤਾ ਕਿ ਛੇਤੀ ਹੀ ਇਸ ਕੇਸ ਦੀ ਕਰਵਾਈ ਮਕੰਮਲ ਹੋਵੇਗੀ। ਇਸ ਮੌਕੇ ਕੁਲਵਿੰਦਰ ਸਿੰਘ, ਸੁਰਿੰਦਰਜੀਤ ਸਿੰਘ ਪੰਡੋਰੀ, ਸੁਰਿੰਦਰ ਸਿੰਘ ਪਿਰੋਜ, ਫਤਿਹ ਸਿੰਘ ਕਿਰਮੋਨਾ, ਰਵਿੰਦਰ ਸਿੰਘ ਬੁਲਜਾਨੋ, ਰੇਸਮ ਸਿੰਘ ਬਲੋਨੀਆ, ਉਕਾਰ ਸਿੰਘ ਮੌਧਨਾ, ਹਰਮਿੰਦਰ ਸਿੰਘ ਧਾਮੀ, ਸੁਰਜੀਤ ਸਿੰਘ ਸੰਨਬੋਨੀਫਾਚੋ, ਤਾਰ ਸਿੰਘ ਕਰੰਟ ਹੁਰਾਂ ਤੋਂ ਇਲਾਵਾ ਕਈ ਹੋਰ ਵੀ ਸਿੱਖ ਸ਼ਖਸੀਅਤਾਂ ਹਾਜ਼ਰ ਸਨ। ਅਖੀਰ 'ਚ ਭਾਈ ਕੁਲਵਿੰਦਰ ਸਿੰਘ ਨੇ ਇਟਲੀ ਦੇ ਸਮੂਹ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਬੇਨਤੀ ਕੀਤੀ ਕਿ ਸਿੱਖ ਧਰਮ ਨੂੰ ਰਜਿਸਟਡ ਕਰਵਾਉਣ ਲਈ ਜੋ ਉਨ੍ਹਾਂ ਦਾ ਸਾਥ ਦੇਣਾ ਚਾਹੁੰਦੇ ਹਨ। ਉਹ ਬਿਨਾਂ ਕਿਸੇ ਦੇਰੀ ਆ ਸਕਦੇ ਹਨ, ਜਿਨ੍ਹਾਂ ਦਾ ਪ੍ਰਬੰਧਕ ਕਮੇਟੀ ਵਲੋਂ ਸਵਾਗਤ ਕੀਤਾ ਜਾਵੇਗਾ।ਜ਼ਿਕਰਯੋਗ ਹੈ ਕਿ ਇਟਲੀ 'ਚ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਲਈ ਸਿੱਖ ਗੁਰਦੁਆਰਾ ਪ੍ਰਬੰਧਕ ਇਟਲੀ ਤੋਂ ਇਲਾਵਾ ਹੋਰ ਸਿੱਖ ਜਥੇਬੰਦੀਆਂ ਵੀ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਲਈ ਪੱਬਾਂ ਭਾਰ ਹਨ ਪਰ ਇਸ ਮਹਾਨ ਕਾਰਜ ਦੀ ਸੇਵਾ ਗੁਰੂ ਸਾਹਿਬ ਕਿਹੜੇ ਹੱਥਾਂ ਤੋਂ ਕਰਵਾਉਂਦੇ ਹਨ ਇਹ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ।


Related News