ਇਟਲੀ : ਸ਼ਰਧਾ ਨਾਲ ਮਨਾਇਆ ਗਿਆ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 644ਵਾਂ ਪ੍ਰਕਾਸ਼ ਪੁਰਬ
Monday, Mar 01, 2021 - 01:40 PM (IST)
ਰੋਮ/ਇਟਲੀ (ਕੈਂਥ): ਸ਼੍ਰੋਮਣੀ ਸੰਤ,ਮਹਾਨ ਕ੍ਰਾਂਤੀਕਾਰੀ, ਇਨਕਲਾਬ ਦੇ ਮੋਢੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਨੂੰ ਸਮਰਪਿਤ ਇਟਲੀ ਦੇ ਸ੍ਰੀ ਗੁਰੂ ਰਵਿਦਾਸ ਟੈਂਪਲ ਬੋਰਗੋਲੀਵੀ ਸਬਾਊਦੀਆ (ਲਾਤੀਨਾ) ਤੇ ਸ੍ਰੀ ਗੁਰੂ ਰਵਿਦਾਸ ਦਰਬਾਰ ਵਿਲੇਤਰੀ (ਰੋਮ) ਦੀ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 644ਵਾਂ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਕੋਵਿਡ-19 ਦੀਆਂ ਹਦਾਇਤਾਂ ਅਨੁਸਾਰ ਮਨਾਇਆ।ਜਿਸ ਵਿੱਚ ਮਿਸ਼ਨ ਦੇ ਉੱਚ ਕੋਟੀ ਦੇ ਮਿਸ਼ਨਰੀ ਪ੍ਰਚਾਰਕ, ਰਾਗੀ, ਢਾਡੀ, ਕਥਾਵਾਚਕ ਅਤੇ ਕੀਰਤਨੀਆਂ ਨੇ ਸੰਗਤਾਂ ਨੂੰ ਗੁਰ ਇਤਿਹਾਸ ਸਰਵਣ ਕਰਵਾਇਆ।
ਇਸ ਸਮਾਗਮ ਮੌਕੇ ਗੁਰਦੁਆਰਾ ਸਾਹਿਬ ਵਿਖੇ ਨਿਸ਼ਾਨ ਸਾਹਿਬ ਦੀ ਰਸਮ ਸੰਗਤਾਂ ਵੱਲੋਂ ਸਾਂਝੇ ਤੌਰ 'ਤੇ ਨਿਭਾਈ ਗਈ।ਸਜੇ ਵਿਸ਼ਾਲ ਦੀਵਾਨ ਵਿੱਚ ਗੁਰੂ ਮਹਿਮਾਂ ਦਾ ਭਰਪੂਰ ਗੁਣ-ਗਾਨ ਕੀਤਾ ਗਿਆ।ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਨੇ ਇਲਾਕੇ ਦੀਆਂ ਸਮੂਹ ਸੰਗਤਾਂ ਨੂੰ ਇਸ ਗੁਰਪੁਰਬ ਦੀ ਵਧਾਈ ਦਿੰਦਿਆਂ ਕਿਹਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਸਾਨੂੰ ਵਹਿਮਾਂ ਭਰਮਾਂ ਤੇ ਅੰਧਵਿਸ਼ਵਾਸ ਤੋਂ ਬਾਹਰ ਨਿਕਲਣ ਦਾ ਹੋਕਾ ਦਿੰਦੀ ਹੈ।ਗੁਰੂ ਸਾਹਿਬ ਦਾ ਸੁਫ਼ਨਮਈ ਸ਼ਹਿਰ ਬੇਗਮਪੁਰਾ ਸ਼ਹਿਰ ਕੋ ਨਾਉਂ ਉਪਦੇਸ਼ ਉੱਪਰ ਪਹਿਰਾ ਦੇਣਾ ਚਾਹੀਦਾ ਹੈ ਆਓ ਆਪਾਂ ਸਾਰੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਅਨੁਸਾਰ ਜੀਵਨ ਜਿਉਣ ਦੀ ਜਾਂਚ ਸਿੱਖ ਕੇ ਉਹਨਾਂ ਦੇ ਧੀਆਂ-ਪੁੱਤਰ ਹੋਣ ਦਾ ਫਰਜ ਨਿਭਾਈਏ।
ਪੜ੍ਹੋ ਇਹ ਅਹਿਮ ਖਬਰ - ਕੈਨੇਡਾ : ਪੰਜਾਬੀਆਂ ਨੇ ਕਿਸਾਨਾਂ ਦੇ ਹੱਕ 'ਚ ਕੀਤਾ ਰੋਸ ਪ੍ਰਦਰਸ਼ਨ (ਤਸਵੀਰਾਂ)
ਗੁਰੂ ਸਾਹਿਬ ਸਾਰੀ ਸੰਘਰਸ਼ਮਈ ਜ਼ਿੰਦਗੀ ਜੀਅ ਕੇ ਮਜ਼ਲੂਮਾਂ ਦੇ ਹੱਕਾਂ ਲਈ ਇਨਕਲਾਬੀ ਰਾਹੀ ਰਹੇ ਤੇ ਉਹਨਾਂ ਦੀ ਬਦੌਲਤ ਹੀ ਸਾਡੀ ਸਮਾਜ ਵਿੱਚ ਪਹਿਚਾਣ ਹੈ।ਸ੍ਰੀ ਗੁਰੂ ਰਵਿਦਾਸ ਟੈਂਪਲ ਸਬਾਊਦੀਆ ਵਿਖੇ ਇਟਲੀ ਦੇ ਪ੍ਰਸਿੱਧ ਲੋਕ ਗਾਇਕ ਤਰਸੇਮ ਮੱਲਾ ਤੇ ਹੋਰ ਸੇਵਾਦਾਰ ਦਾ ਗੁਰੂ ਦੀ ਬਖ਼ਸ਼ਿਸ਼ ਸਿਰੋਪਾਓ ਨਾਲ ਸਨਮਾਨ ਵੀ ਕੀਤਾ ਗਿਆ।