ਇਟਲੀ 'ਚ ਪੰਜਾਬੀ ਸਿਖਿਆਰਥਣ ਪੁਰਨੀਤ ਕੌਰ ਨੇ ਮਾਰੀਆਂ ਮੱਲਾਂ,ਇਸ ਸੁਫ਼ਨੇ ਖਾਤਰ ਕਰਦੀ ਹੈ ਮਿਹਨਤ

07/07/2020 6:30:47 PM

ਰੋਮ/ਇਟਲੀ (ਕੈਂਥ): ਕਹਿੰਦੇ ਨੇ ਵਿੱਦਿਆ ਵਿਚਾਰੀ ਪਰਉਪਕਾਰੀ, ਵਿੱਦਿਆ ਇੱਕ ਅਜਿਹਾ ਗਹਿਣਾ ਹੈ ਜਿਸਨੂੰ ਕੋਈ ਵੀ ਖੋਹ ਨਹੀਂ ਸਕਦਾ। ਵਿੱਦਿਆ ਇੱਕ ਅਜਿਹਾ ਗਿਆਨ ਦਾ ਸਾਗਰ ਹੈ ਜਿਸ ਵਿੱਚ ਜਿੰਨੀ ਡੂੰਘੀ ਤਾਰੀ ਲਗਾਉਗੇ ਤੁਸੀਂ ਉਨੀਂ ਜ਼ਿਆਦਾ ਅਸਮਾਨ ਵਿੱਚ ਉੱਚੀਆਂ ਉਡਾਰੀਆਂ ਮਾਰੋਗੇ।ਜਦੋਂ ਵੀ ਵਿਦਿਆਰਥੀ ਵਿੱਦਿਆ ਦੇ ਖੇਤਰ ਵਿੱਚੋਂ ਚੰਗੇ ਨੰਬਰ ਲੈ ਕੇ ਪਾਸ ਹੁੰਦਾ ਹੈ ਤਾ ਸਭ ਤੋਂ ਜ਼ਿਆਦਾ ਖੁਸ਼ੀ ਮਾਪਿਆਂ ਤੇ ਸਕੂਲ ਦੇ ਅਧਿਆਪਕਾਂ ਨੂੰ ਹੁੰਦੀ ਹੈ ਕਿਉਂਕਿ ਅਧਿਆਪਕ ਦਾ ਸਿਰ ਉਸ ਸਮੇਂ ਮਾਣ ਨਾਲ ਉੱਚਾ ਹੋ ਜਾਂਦਾ ਹੈ।

ਇਟਲੀ ਵਿੱਚ ਅਜਿਹਾ ਹੀ ਕਰਕੇ ਦਿਖਾਇਆ ਇਟਲੀ ਦੇ ਸੂਬਾ 'ਮਾਰਕੇ' ਦੇ ਸ਼ਹਿਰ "ਫੇਰਮੋ" ਵਿੱਚ ਵਸਦੀ ਪੰਜਾਬੀ ਧੀ ਪੁਰਨੀਤ ਕੌਰ ਨੇ, ਜਿਸ ਨੇ ਸਿੱਧ ਕਰ ਦਿੱਤਾ ਕਿ ਅਜੋਕੇ ਯੁੱਗ ਅੰਦਰ ਮੁੰਡੇ-ਕੁੜੀਆਂ ਨਾਲੋਂ ਕਿਸੇ ਪੱਖੋਂ ਘੱਟ ਨਹੀ ਸਗੋਂ ਹਰੇਕ ਖੇਤਰ ਵਿੱਚ ਮਿਹਨਤ ਅਤੇ ਲਗਨ ਨਾਲ਼ ਅੱਗੇ ਵਧ ਰਹੀਆਂ ਹਨ।ਇਟਲੀ ਵਿਚ ਸਿੱਖਿਆ ਦੇ ਖੇਤਰ ਵਿੱਚ ਅਜਿਹੀ ਹੀ ਮੱਲ ਮਾਰੀ ਹੈ ਧੀ ਪੁਰਨੀਤ ਕੌਰ ਪੁੱਤਰੀ ਨਿਰਮਲ ਸਿੰਘ ਨੇ, ਜੋ ਕਿ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਭਾਮੀਪੁਰਾ ਨਾਲ਼ ਸਬੰਧਿਤ ਹੈ।19 ਸਾਲਾ ਇਸ ਪੰਜਾਬ ਦੀ ਧੀ ਨੇ ਇਟਲੀ ਵਿੱਚ ਆਏ ਵਿੱਦਿਆ ਦੇ ਇਸ ਸਾਲ ਦੇ ਨਤੀਜਿਆਂ ਵਿੱਚ ਪਹਿਲਾ ਦਰਜਾ ਹਾਸਲ ਕੀਤਾ ਹੈ। 

ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਪੁਰਨੀਤ ਕੌਰ ਨੇ ਦੱਸਿਆ ਕਿ ਮੈਂ ਨਰਸਰੀ ਤੋਂ ਲੈਕੇ ਹੁਣ ਤੱਕ ਦੀ ਪੜ੍ਹਾਈ ਇਟਲੀ ਵਿੱਚ ਹੀ ਕੀਤੀ ਹੈ। ਅੱਜ ਮੈਂ ਜੋ ਕੁਝ ਵੀ ਹਾਸਿਲ ਕੀਤਾ ਹੈ ਉਹ ਮੇਰੇ ਮਾਤਾ ਪਿਤਾ ਦੀ ਬਦੌਲਤ ਹੈ। ਪਿਤਾ ਸ.ਨਿਰਮਲ ਸਿੰਘ ਅਤੇ ਮਾਤਾ ਸੁਰਿੰਦਰ ਕੌਰ ਦੀ ਹੋਣਹਾਰ ਸਪੁੱਤਰੀ ਪੁਰਨੀਤ ਕੌਰ ਨੇ "ਮਾਤੂਰੀਤਾ ਕਲਾਸੀਕਾ" ਫਿਲੋਸਫੀ ਇਤਿਹਾਸ ਦੇ ਕੋਰਸ ਵਿੱਚੋਂ ਡਿਪਲੋਮਾ ਕਰਕੇ 100 ਪ੍ਰਤੀਸ਼ਤ ਨੰਬਰ ਲੈ ਕੇ ਮਾਪਿਆਂ ਅਤੇ ਦੇਸ਼ ਦਾ ਨਾਂ ਉੱਚਾ ਕੀਤਾ ਹੈ।ਉਸ ਨੇ ਫੇਰਮੋ ਸ਼ਹਿਰ ਦੇ "ਲੈਚੀਉ ਕਲਾਸੀਕੋ ਆਨੀਬੱਲ ਕਾਰੋ" ਸੈਕੰਡਰੀ ਸਕੂਲ ਵਿੱਚੋਂ ਸਭ ਤੋਂ ਵੱਧ ਨੰਬਰ ਲੈ ਕੇ ਇਟਲੀ ਵਿੱਚ ਵਸਦੇ ਸਮੂਹ ਭਾਰਤੀ ਭਾਈਚਾਰੇ ਦਾ ਨਾਮ ਰੌਸਨਾਇਆ ਹੈ। ਪੁਰਨੀਤ ਕੌਰ ਨੇ ਦੱਸਿਆ ਕਿ ਹੁਣ ਅੱਗੇ ਦੀ ਪੜ੍ਹਾਈ ਵਿੱਚ ਉਹ ਲਾਅ (ਕਾਨੂੰਨ) ਸੰਬੰਧੀ ਪੜ੍ਹਾਈ ਕਰਨਾ ਚਾਹੁੰਦੀ ਹੈ ਅਤੇ ਭਾਰਤ ਦੇਸ਼ ਦਾ ਨਾਮ ਚਮਕਾਉਣਾ ਚਾਹੁੰਦੀ ਹੈ। ਉਹ ਹਰ ਲੋੜਵੰਦ ਦੀ ਸਹਾਇਤਾ ਕਰਨਾ ਚਾਹੁੰਦੀ ਹੈ। ਉਸ ਦੇ ਪਿਤਾ ਨਿਰਮਲ ਸਿੰਘ ਨੇ ਦੱਸਿਆ ਹੈ ਕਿ ਉਹ 2001 ਵਿੱਚ ਇਟਲੀ ਆਇਆ ਸੀ ਇੱਥੇ ਮਿਹਨਤ ਮੁਸ਼ਕਤ ਕਰਕੇ ਉਹਨਾਂ ਆਪਣੇ ਬੱਚੇ ਨੂੰ ਇਸ ਮੁਕਾਮ 'ਤੇ ਲਿਆਂਦਾ ਅੱਜ ਉਸ ਨੂੰ ਇੱਕ ਧੀ ਦਾ ਪਿਤਾ ਹੋਣ ਵਿੱਚ ਮਾਣ ਮਹਿਸੂਸ ਹੋ ਰਿਹਾ ਹੈ।


Vandana

Content Editor

Related News