ਇਟਲੀ ''ਚ ਸ਼ਰਧਾ-ਭਾਵਨਾ ਨਾਲ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ

Sunday, Apr 07, 2019 - 03:27 PM (IST)

ਇਟਲੀ ''ਚ ਸ਼ਰਧਾ-ਭਾਵਨਾ ਨਾਲ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ

ਮਿਲਾਨ, (ਸਾਬੀ ਚੀਨੀਆ)— ਇਟਲੀ ਦੇ ਗੁਰਦੁਆਰਾ ਸ਼੍ਰੀ ਗੁਰੂ ਰਾਮਦਾਸ ਨਿਵਾਸ ਕਿਆਂਪੋ (ਵਿਚੈਂਸਾ) ਵਲੋਂ ਹਰ ਸਾਲ ਵਾਂਗ ਇਸ ਵਾਰ ਵੀ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਟਲੀ ਭਰ 'ਚੋਂ ਵੱਡੀ ਗਿਣਤੀ 'ਚ ਸਿੱਖ ਸੰਗਤ ਨੇ ਹਾਜ਼ਰੀ ਭਰ ਕੇ ਧਾਰਮਿਕ ਸ਼ਰਧਾ ਦਾ ਪ੍ਰਗਟਾਵਾ ਕੀਤਾ। ਨਗਰ ਕੀਰਤਨ ਦਾ ਆਰੰਭ ਖਾਲਸਈ ਸਿਧਾਂਤਾਂ ਮੁਤਾਬਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਪੰਜ ਪਿਆਰਿਆਂ ਤੇ ਪੰਜ ਨਿਸ਼ਾਨਚੀ ਸਿੰਘਾਂ ਦੀ ਸੁਚੱਜੀ ਅਗਵਾਈ 'ਚ ਹੋਇਆ। ਨਗਰ ਕੀਰਤਨ 'ਚ ਹਾਜ਼ਰੀ ਭਰ ਰਹੀ ਵੱਡੀ ਗਿਣਤੀ 'ਚ ਸੰਗਤ 'ਸਤਿਨਾਮ ਵਾਹਿਗੁਰੂ ਜੀ' ਦਾ ਜਾਪ ਕਰਦਿਆਂ ਅੱਗੇ ਵਧੀ। ਪ੍ਰਸਿੱਧ ਢਾਡੀ ਮਨਦੀਪ ਸਿੰਘ ਹੀਰਾਂ ਵਾਲਿਆਂ ਦੇ ਜੱਥੇ ਵਲੋਂ ਅਤੇ ਉੱਘੇ ਗਾਇਕ ਲਹਿੰਬਰ ਹੁਸੈਨਪੁਰੀ ਵਲੋਂ ਧਾਰਮਿਕ ਗੀਤਾਂ ਨਾਲ਼ ਹਾਜ਼ਰੀ ਲਗਵਾ ਕੇ ਸਿੱਖ ਇਤਿਹਾਸ ਸਰਵਣ ਕਰਵਾਇਆ ਗਿਆ।

PunjabKesari
ਕਿਆਂਪੋ ਦੀ ਗਤਕਾ ਪਾਰਟੀ ਵਲੋਂ ਸਿੱਖ ਧਰਮ ਦੀ ਰਿਵਾਇਤੀ ਖੇਡ ਗਤਕੇ ਦੇ ਪ੍ਰਭਾਵਸ਼ਾਲੀ ਜੌਹਰ ਦਿਖਾਏ ਗਏ। ਇਨ੍ਹਾਂ ਨੂੰ ਦੇਖ ਕੇ ਇਟਾਲੀਅਨ ਤੇ ਹੋਰ ਵਿਦੇਸ਼ੀ ਵੀ ਹੈਰਾਨ ਰਹਿ ਗਏ। ਪੰਜਾਬ ਤੋਂ ਪੁੱਜੇ ਜਥੇਦਾਰ ਭਾਈ ਰਘਵੀਰ ਸਿੰਘ ਵਲੋਂ ਹਾਜ਼ਰੀ ਭਰ ਕੇ ਸੰਗਤ ਨੂੰ ਸੰਬੋਧਿਤ ਕੀਤਾ ਗਿਆ। ਸਮਾਪਤੀ ਸਮੇਂ ਪ੍ਰਬੰਧਕਾਂ ਵਲੋਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਅਹੁਦੇਦਾਰਾਂ ਅਤੇ ਪ੍ਰਮੁੱਖ ਪੰਥਕ ਸ਼ਖਸ਼ੀਅਤਾਂ ਅਤੇ ਇਟਾਲੀਅਨ ਅਧਿਕਾਰੀਆਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਕਿਆਂਪੋ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਅਵਤਾਰ ਸਿੰਘ ਮਿਆਣੀ, ਮੀਤ ਪ੍ਰਧਾਨ ਭਾਈ ਪ੍ਰੇਮ ਸਿੰਘ, ਸੈਕਟਰੀ ਭਾਈ ਬਲਜੀਤ ਸਿੰਘ, ਮੀਤ ਸੈਕਟਰੀ ਭਾਈ ਰਵਿੰਦਰ ਸਿੰਘ, ਖਜ਼ਾਨਚੀ ਭਾਈ ਮਨਜੀਤ ਸਿੰਘ, ਭਾਈ ਦਲਜੀਤ ਸਿੰਘ, ਸਤਬੀਰ ਸਿੰਘ, ਕਰਮਜੀਤ ਸਿੰਘ, ਬਲਬੀਰ ਸਿੰਘ, ਮਹਿੰਦਰ ਸਿੰਘ, ਪਰਮਜੀਤ ਸਿੰਘ ਆਦਿ ਵੀ ਸੰਗਤਾਂ ਵਿਚ ਮੌਜੂਦ ਸਨ, ਜਿਨ੍ਹਾਂ ਵਲੋਂ ਨਗਰ ਕੀਰਤਨ ਲਈ ਸਹਿਯੋਗ ਦੇਣ ਵਾਲੀਆ ਸੰਗਤਾਂ ਦਾ ਧੰਨਵਾਦ ਵੀ ਕੀਤਾ ਗਿਆ।


Related News