ਇਟਲੀ ਵਿਖੇ ਮਨਾਇਆ ਗਿਆ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ

10/14/2019 1:29:59 PM

ਰੋਮ, (ਕੈਂਥ,ਚੀਨੀਆ)— ਇਟਲੀ ਦੇ ਸੂਬੇ ਲਾਸੀਓ ਦੇ ਸ਼ਹਿਰ ਲਵੀਨੀਓ ਵਿਖੇ ਸਥਿਤ ਪ੍ਰਸਿੱਧ ਸਨਾਤਨ ਧਰਮ ਮੰਦਰ ਦੀ ਪ੍ਰਬੰਧਕ ਕਮੇਟੀ ਵੱਲੋਂ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਹਾਨ ਤਪੱਸਵੀ ,ਦੂਰਦਰਸ਼ੀ ,ਮਹਾਨ ਧਾਰਮਿਕ ਗ੍ਰੰਥ 'ਸ਼੍ਰੀ ਰਮਾਇਣ ਜੀ' ਦੇ ਰਚਨਹਾਰ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਬਹੁਤ ਹੀ ਧੂਮ-ਧਾਮ ,ਉਤਸ਼ਾਹ ਅਤੇ ਸ਼ਰਧਾਪੂਰਵਕ ਮਨਾਇਆ ਗਿਆ। ਇਸ ਮੌਕੇ 'ਸ਼੍ਰੀ ਰਮਾਇਣ ਜੀ' ਦੇ ਜਾਪਾਂ ਦੇ ਭੋਗ ਉਪਰੰਤ ਸਜਾਏ ਕੀਰਤਨ ਦਰਬਾਰ ਵਿੱਚ ਭਜਨ ਮੰਡਲੀਆਂ ਵੱਲੋਂ ਆਪਣੀ ਬੁਲੰਦ ਅਤੇ ਸੁਰੀਲੀ ਆਵਾਜ਼ ਵਿੱਚ ਭਗਵਾਨ ਵਾਲਮੀਕਿ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ। ਉਪਰੰਤ ਦਲਬੀਰ ਭੱਟੀ ਪ੍ਰਧਾਨ ਵਾਲਮੀਕਿ ਸਭਾ ਯੂਰਪ ਨੇ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਦੀ ਮਹਾਨ ਤਪੱਸਿਆ ਪੂਰੀ ਦੁਨੀਆ ਲਈ ਮੁਕਤੀ ਦਾ ਪ੍ਰੇਰਨਾ ਸਰੋਤ ਹੈ। ਉਨ੍ਹਾਂ ਦੀ ਮਹਾਨ ਭਗਤੀ ਤਪੱਸਿਆ ਆਪਣੇ-ਆਪ ਵਿੱਚ ਇੱਕ ਵਿਲੱਖਣ ਮਿਸਾਲ ਹੈ।

ਉਨ੍ਹਾਂ ਵਲੋਂ ਰਚਿਤ ਧਾਰਮਿਕ ਗ੍ਰੰਥ 'ਸ਼੍ਰੀ ਰਮਾਇਣ ਜੀ' ਅੱਜ ਸਮੁੱਚੇ ਸੰਸਾਰ ਲਈ ਮੁਕਤੀ ਮਾਰਗ ਹੈ। ਇਸ ਪ੍ਰਗਟ ਦਿਵਸ ਸਮਾਗਮ ਵਿੱਚ ਹਾਜ਼ਰੀ ਭਰਨ ਵਾਲੀਆਂ ਸਭ ਸੰਗਤਾਂ ਦਾ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਉਚੇਚਾ ਧੰਨਵਾਦ ਕਰਦਿਆਂ ਸਮੂਹਕ ਤੌਰ 'ਤੇ ਕਿਹਾ ਕਿ ਸਾਨੂੰ ਵਿਦੇਸ਼ ਆ ਕੇ ਵੀ ਆਪਣੇ ਰਹਿਬਰਾਂ, ਗੁਰੂਆਂ ਅਤੇ ਮਹਾਂਪੁਰਸ਼ਾਂ ਨੂੰ ਜ਼ਰੂਰ ਯਾਦ ਕਰਨਾ ਚਾਹੀਦਾ ਹੈ। ਉਨ੍ਹਾਂ ਦੇ ਦੱਸੇ ਮਾਰਗ 'ਤੇ ਚੱਲ ਕੇ ਆਪਣਾ ਜੀਵਨ ਸਫ਼ਲਾ ਕਰਨਾ ਚਾਹੀਦਾ ਹੈ। ਇਸ ਮੌਕੇ ਪ੍ਰਬੰਧਕਾਂ ਵੱਲੋਂ ਦਲਬੀਰ ਭੱਟੀ ਅਤੇ ਸੇਵਾ ਕਰਨ ਵਾਲੇ ਸਮੂਹ ਸੇਵਾਦਾਰਾਂ ਦਾ ਵਿਸ਼ੇਸ਼ ਸਨਮਾਨ ਚਿੰਨ੍ਹ ਨਾਲ ਸਨਮਾਨ ਵੀ ਕੀਤਾ ਗਿਆ।


Related News