ਇਟਲੀ ''ਚ ਪਹਿਲੇ ਭਾਰਤੀ ਨੌਜਵਾਨ ਨੇ ਤਿਆਰ ਕੀਤੀ ਖ਼ਾਸ ਐਪ, ਭਾਰਤੀਆਂ ਨੂੰ ਹੋਵੇਗਾ ਫਾਇਦਾ
Saturday, Jan 16, 2021 - 09:19 PM (IST)
ਰੋਮ, (ਕੈਂਥ)- ਇਟਲੀ ਵਿਚ ਜਿਹੜੇ ਪ੍ਰਵਾਸੀ ਕਾਮਯਾਬੀ ਦੀਆਂ ਮੰਜ਼ਲਾਂ ਨੂੰ ਸਰ ਕਰਨਾ ਲੋਚਦੇ ਹਨ, ਉਨ੍ਹਾਂ ਲਈ ਇਟਾਲੀਅਨ ਬੋਲੀ ਦੀ ਜਾਣਕਾਰੀ ਹੋਣਾ ਲਾਜ਼ਮੀ ਹੈ । ਬਿਨਾਂ ਇਟਾਲੀਅਨ ਬੋਲੀ ਦੇ ਪ੍ਰਵਾਸੀ ਲੋਕ ਬਹੁਤ ਘੱਟ ਕਾਮਯਾਬੀ ਹਾਸਲ ਕਰਦੇ ਹਨ ।
ਇਕ ਬੋਲੀ ਹੀ ਅਜਿਹੀ ਸਾਂਝ ਹੈ, ਜਿਸ ਰਾਹੀਂ ਪ੍ਰਵਾਸੀ ਲੋਕ ਹਰ ਦੁੱਖ ਸਾਂਝਾ ਕਰ ਸਕਦੇ ਹਨ ਪਰ ਅਫ਼ਸੋਸ ਕੰਮਾਂ-ਕਾਰਾਂ ਦੇ ਚੱਲਦਿਆਂ ਸਮੇਂ ਦੀ ਘਾਟ ਕਾਰਨ ਬਹੁਤੇ ਪ੍ਰਵਾਸੀ ਖ਼ਾਸ ਕਰਕੇ ਭਾਰਤੀਆਂ ਦਾ ਬੋਲੀ ਵਿਚ ਹੱਥ ਤੰਗ ਹੀ ਰਹਿੰਦਾ ਹੈ । ਬੋਲੀ ਨਾ ਆਉਣ ਕਾਰਨ ਕਈ ਭਾਰਤੀ ਹੋਰ ਤਾਂ ਹੋਰ ਇਟਾਲੀਅਨ ਵਾਹਨ ਲਾਇਸੈਂਸ ਵੀ ਨਹੀਂ ਅਪਲਾਈ ਕਰ ਪਾਉਂਦੇ, ਜਿਸ ਕਾਰਨ ਉਹ ਅਨੇਕਾਂ ਮੁਸਕਿਲਾਂ ਦਾ ਸਾਹਮਣਾ ਕਰਨ ਲਈ ਮਜਬੂਰ ਹੁੰਦੇ ਹਨ।
ਭਾਰਤੀ ਲੋਕਾਂ ਦੀ ਬੋਲੀ ਨਾ ਆਉਣ ਦੀ ਮੁਸ਼ਕਿਲ ਨੂੰ ਹੱਲ ਕਰਨ ਲਈ ਹੀ ਇਕ ਹੋਣਹਾਰ ਭਾਰਤੀ ਨੌਜਵਾਨ ਮਲਕੀਤ ਸਿੰਘ ਨੀਟਾ (28) ਸਪੁੱਤਰ ਸੁਰਜੀਤ ਸਿੰਘ/ਗੁਰਮੀਤ ਕੌਰ ਵਾਸੀ ਕਾਕਿਓਰ ਮਾਜਰਾ (ਕੈਥਲ) ਨੇੜੇ ਪਹੋਵਾ ਨੇ ਇਕ ਅਜਿਹਾ ਐਪ ਤਿਆਰ ਕੀਤੀ ਹੈ, ਜਿਸ ਨਾਲ ਭਾਰਤੀ ਲੋਕ ਜਿੱਥੇ ਬੋਲੀ ਸੌਖੇ ਢੰਗ ਨਾਲ ਸਿੱਖ ਰਹੇ ਹਨ, ਉੱਥੇ ਹੀ ਆਪਣੀ ਮਾਂ ਬੋਲੀ ਪੰਜਾਬੀ ਤੇ ਹਿੰਦੀ ਵਿਚ ਇਟਾਲੀਅਨ ਲਾਇਸੈਂਸ ਦੀ ਪੜ੍ਹਾਈ ਸਰਲ ਤਰੀਕੇ ਨਾਲ ਕਰਕੇ ਕਾਮਯਾਬੀ ਦੇ ਝੰਡੇ ਗੱਡ ਰਹੇ ਹਨ। ਇਟਾਲੀਅਨ ਪੰਜਾਬੀ ਪ੍ਰੈੱਸ ਕਲੱਬ ਨੂੰ ਮਲਕੀਤ ਸਿੰਘ ਨੀਟਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਸ ਨੇ ਇਟਲੀ ਵਿਚ ਇਹ ਗੱਲ ਵੱਡੇ ਪੱਧਰ 'ਤੇ ਦੇਖੀ ਕਿ ਬਹੁਤੇ ਭਾਰਤੀ ਲੋਕ ਇਟਾਲੀਅਨ ਬੋਲੀ ਦਾ ਗਿਆਨ ਘੱਟ ਹੋਣ ਕਈ ਤਰ੍ਹਾਂ ਦੀਆਂ ਸਹੂਲਤਾਂ ਦਾ ਲਾਭ ਲੈਣ ਵਿਚ ਅਸਮਰਥ ਹਨ। ਇਸ ਨੂੰ ਦੂਰ ਕਰਨ ਲਈ ਹੀ ਉਨ੍ਹਾਂ 'ਨੀਟਾ ਐਂਡ ਬ੍ਰਦਰਜ਼' ਐਪ ਤਿਆਰ ਕਰਕੇ ਇਟਲੀ ਦੇ ਲੇਖਕਾਂ ਤੇ ਪ੍ਰਕਾਸ਼ਕਾਂ ਦੀ ਸੁਸਾਇਟੀ “ਸੀਆਏ” ਵਿਚ ਵੀ ਰਜਿਸਟਰਡ ਕਰਵਾਈ ਤਾਂ ਜੋ ਉਹ ਆਪਣੀਆਂ ਸੇਵਾਵਾਂ ਨੂੰ ਸਹੀ ਢੰਗ ਨਾਲ ਭਾਰਤੀ ਤੇ ਹੋਰ ਭਾਈਚਾਰੇ ਦੇ ਲੋਕਾਂ ਨੂੰ ਦੇ ਸਕਣ। ਇਸ ਐਪ ਵਿਚ ਵਾਹਨ ਲਾਈਸੈਂਸ ਨਾਲ ਸਬੰਧਤ 7000 ਤੋਂ ਉੱਪਰ ਸਵਾਲ-ਜਵਾਬ ਹਨ, ਜਿਨ੍ਹਾਂ ਨੂੰ 6 ਭਾਸ਼ਾਵਾਂ ਪੰਜਾਬੀ , ਹਿੰਦੀ, ਉਰਦੂ, ਅੰਗਰੇਜ਼ੀ , ਬੰਗਾਲੀ ਤੇ ਫ਼੍ਰੈਂਚ ਵਿਚ ਤਿਆਰ ਕੀਤਾ ਗਿਆ ਹੈ।
ਮਲਕੀਤ ਸਿੰਘ ਨੇ ਕਦੀ 3 ਵਿਦਿਆਰਥੀਆਂ ਨੂੰ ਇਟਾਲੀਆਨ ਲਾਇਸੈਂਸ ਦੀ ਪੰਜਾਬੀ ਵਿਚ ਕੋਚਿੰਗ ਦੇਣੀ ਸ਼ੁਰੂ ਕੀਤੀ ਤੇ ਅੱਜ ਇਟਲੀ ਭਰ ਵਿਚ ਉਸ ਕੋਲੋਂ 3000 ਤੋਂ ਵੱਧ ਵਿਦਿਆਰਥੀ ਲਾਇਸੈਂਸ ਦੀ ਆਨ ਲਾਈਨ ਕੋਚਿੰਗ ਲੈ ਰਹੇ ਹਨ। ਇਸ ਦੇ ਨਾਲ ਹੀ ਉਹ ਇਟਾਲੀਅਨ ਬੋਲੀ ਨੂੰ ਵੀ ਪ੍ਰਵਾਸੀਆਂ ਨੂੰ ਸਿਖਾਉਣ ਦੀ ਜ਼ਿੰਮੇਵਾਰੀ ਨਿਭਾਅ ਰਹੇ ਹਨ । ਉਸ ਨੇ ਇਟਲੀ ਦੇ ਸ਼ਹਿਰ ਬਰੇਸ਼ੀਆ, ਪਾਰਮਾ, ਤਰਵੀਜੋ, ਅਨਕੋਨਾ, ਰੋਮ ਤੇ ਫੌਂਦੀ ਆਦਿ ਵਿਖੇ ਆਪਣੇ ਵਿਸ਼ੇਸ਼ ਦਫ਼ਤਰ ਪ੍ਰਵਾਸੀਆਂ ਨੂੰ ਕੋਚਿੰਗ ਦੇਣ ਲਈ ਉਚੇਚੇ ਤੌਰ 'ਤੇ ਬਣਾਏ ਹਨ।
ਮਲਕੀਤ ਸਿੰਘ ਪਹਿਲੇ ਅਜਿਹੇ ਭਾਰਤੀ ਨੌਜਵਾਨ ਹਨ, ਜਿਹੜੇ ਕਿ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਹਨ। ਉਹ ਮਾਡਲਿੰਗ , ਭੰਗੜਾ ਤੇ ਅਭਿਨੈ ਕਲਾ ਵਿਚ ਵੀ ਮਾਹਿਰ ਹਨ। ਉਨ੍ਹਾਂ ਦੀ ਇਕ ਇਟਾਲੀਅਨ ਭਾਸ਼ਾ ਵਿਚ ਪ੍ਰਵਾਸੀਆਂ ਉੱਪਰ ਬਣੀ ਫ਼ਿਲਮ 'ਊਮੋ ਦੀ ਫੂਮੋ' ਵੀ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਵਿਚ ਮਲਕੀਤ ਸਿੰਘ ਨੇ ਭਾਰਤੀ ਨੌਜਵਾਨ ਵਜੋਂ ਅਹਿਮ ਰੋਲ ਨਿਭਾਇਆ ਹੈ। ਸੰਨ 2020 ਵਿਚ ਜਿੱਥੇ ਕੋਵਿਡ-19 ਕਾਰਨ ਲੋਕਾਂ ਦੇ ਕੰਮ-ਕਾਰ ਠੱਪ ਹੋ ਗਏ, ਉੱਥੇ ਮਲਕੀਤ ਸਿੰਘ ਲਈ ਇਹ ਸਾਲ ਬਹੁਤ ਹੀ ਰੁਝੇਵਿਆਂ ਭਰਿਆ ਰਿਹਾ। ਇਟਲੀ ਦੇ ਹੋਰ ਭਾਰਤੀ ਨੌਜਵਾਨ ਨੂੰ ਵੀ ਮਲਕੀਤ ਸਿੰਘ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ।