ਇਟਲੀ ‘ਚ ਸੇਂਟ ਫ੍ਰਾਂਸਿਸ ਆਫ਼ ਅਸੀਸੀ ਦੇ ਜਨਮ ਦਿਨ ਨੂੰ ਸਮਰਪਿਤ ਸਰਬ ਧਰਮ ਸੰਮੇਲਨ ਆਯੋਜਿਤ
Thursday, Oct 07, 2021 - 02:11 PM (IST)
ਮਿਲਾਨ (ਕੈਂਥ): ਇਟਲੀ ਦੇ ਸੂਬੇ ਫਰੀਉਲੀ ਵੈਨੇਸਿਆ ਜਿਉਲੀਆ ਦੀ ਰਾਜਧਾਨੀ ਤ੍ਰੀਸਤੇ ਵਿਖੇ ਸੇਂਟ (ਸੰਤ) ਫ੍ਰਾਂਸਿਸ ਆਫ਼ ਅਸੀਸੀ ਦੇ 795ਵੇਂ ਜਨਮ ਦਿਨ ਨੂੰ ਸਮਰਪਿਤ ਸਰਬ ਧਰਮ ਸੰਮੇਲਨ ਪਿਆਸਾ ਸੰਤ ਅਨਤੋਨੀਓ ਵਿਖੇ ਕਰਵਾਇਆ ਗਿਆ। ਇਸ ਵਿੱਚ ਵੱਖ-ਵੱਖ ਧਰਮਾਂ ਦੇ ਨੁਮਾਇੰਦਿਆਂ ਵੱਲੋਂ ਵਾਤਾਵਰਣ ਅਤੇ ਜਾਨਵਰਾਂ ਪ੍ਰਤੀ ਪਿਆਰ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਇੱਕ ਬਹੁ-ਧਾਰਮਿਕ ਵਿਚਾਰਾਂ ਕੀਤੀਆਂ ਗਈਆਂ।
ਇਸ ਮੌਕੇ ਵੱਖ-ਵੱਖ ਧਾਰਮਿਕ ਭਾਈਚਾਰਿਆਂ ਦੇ ਨੁਮਾਇੰਦਿਆਂ ਨੂੰ ਸੱਦਾ ਦਿੱਤਾ ਗਿਆ ਸੀ। ਇਸ ਸਮਾਗਮ ਵਿੱਚ ਈਸਾਈ ਤੋਂ ਇਲਾਵਾ, ਯਹੂਦੀ, ਇਸਲਾਮਿਕ, ਹਿੰਦੂ, ਬੋਧੀ, ਸਿੱਖ ਅਤੇ ਹੋਰ ਧਰਮਾਂ ਦੇ ਨੁਮਾਇੰਦੇ ਵੀ ਮੌਜੂਦ ਸਨ।ਜ਼ਿਕਰਯੋਗ ਹੈ ਸੰਤ ਫ੍ਰਾਂਸਿਸ ਆਫ ਅਸੀਸੀ ਦਾ ਜਨਮ 3 ਅਕਤੂਬਰ 1226 ਈ: ਨੂੰ ਇਟਲੀ ਦੇ ਅਸੀਸੀ ਸ਼ਹਿਰ ਵਿਖੇ ਹੋਇਆ। ਸੰਤ ਫ੍ਰਾਂਸਿਸ ਜਿਹਨਾਂ ਦੀ ਉਮਰ ਕਰੀਬ 44 ਸਾਲ ਹੋਈ ਉਹਨਾਂ ਸਾਰਾ ਜੀਵਨ ਮਾਨਵਤਾ ਦੇ ਭਲੇ ਹਿੱਤ ਗੁਜ਼ਾਰਿਆ।
ਇਸ ਧਾਰਮਿਕ ਸਮਾਗਮ ਵਿਚ ਸਿੱਖ ਧਰਮ ਦੇ ਨੁਮਾਇੰਦੇ ਵੱਜੋ ਸ੍ਰੀ ਗੁਰੂ ਨਾਨਕ ਦੇਵ ਜੀ ਸਿੰਘ ਸਭਾ ਪਾਸੀਆਨੋ ਅਤੇ ਨੈਸ਼ਨਲ ਧਰਮ ਪ੍ਰਚਾਰ ਕਮੇਟੀ ਦੇ ਪ੍ਰਧਾਨ ਸਤਵਿੰਦਰ ਸਿੰਘ ਬਾਜਵਾ ਅਤੇ ਹਿੰਦੂ ਧਰਮ ਦੇ ਨੁੰਮਾਇਦੇ ਵੱਜੋ ਸ਼ਿਲੰਗਾ ਕਾਸਾਰਾ ਵੱਲੋਂ ਹਿੱਸਾ ਲਿਆ ਗਿਆ, ਇਸ ਸਮਾਗਮ ਵਿਚ ਵੱਖ-ਵੱਖ ਧਰਮਾਂ ਦੇ ਨੁਮਾਇੰਦਿਆਂ ਵੱਲੋਂ ਆਪੋ ਆਪਣੇ ਵਿਚਾਰ ਪੇਸ਼ ਕੀਤੇ ਗਏ। ਇਸ ਧਾਰਮਿਕ ਸੰਮੇਲਨ ਵਿੱਚ ਸਤਵਿੰਦਰ ਸਿੰਘ ਬਾਜਵਾ ਨੇ 'ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ' ਦੇ ਵਾਕ ਤੋਂ ਸ਼ੁਰੂ ਕਰਦਿਆਂ ਦੱਸਿਆ ਕਿ ਬਾਣੀ ਦੀਆਂ ਤੁੱਕਾਂ ਅਨੁਸਾਰ ਕਿ ਅਸੀ ਪਵਨ ਨੂੰ ਗੁਰੂ ਅਤੇ ਪਾਣੀ ਨੂੰ ਪਿਤਾ ਮੰਨਦੇ ਹਾਂ।ਇਸੇ ਵਿਸ਼ੇ 'ਤੇ ਅੱਗੇ ਉਨ੍ਹਾਂ ਕਿਹਾ ਕਿ ਸਮੇਂ ਦੀ ਮੁੱਖ ਲੋੜ ਹੈ ਕਿ ਵਾਤਾਵਰਣ ਨੂੰ ਅਤੇ ਸਾਡੀ ਹਵਾ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾਵੇ।ਪਾਣੀ ਨੂੰ ਵੀ ਗੰਧਲਾ ਹੋਣ ਤੋਂ ਅਤੇ ਖ਼ਤਮ ਹੋਣ ਤੋਂ ਬਚਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ।
ਪੜ੍ਹੋ ਇਹ ਅਹਿਮ ਖਬਰ- ਈਕੋਸਿੱਖ ਨਾਂ ਦੀ ਸੰਸਥਾ ਨੇ ਵੈਟੀਕਨ 'ਚ ਵਾਤਾਵਰਨ ਸੰਬੰਧੀ ਕਾਨਫਰੰਸ 'ਚ ਕੀਤੀ ਸ਼ਮੂਲੀਅਤ (ਤਸਵੀਰਾਂ)
ਇਸ ਪ੍ਰੋਗਰਾਮ ਨੂੰ ਇਟਲੀ ਦੇ ਵੱਖ-ਵੱਖ ਚੈਨਲਾਂ 'ਤੇ ਪ੍ਰਸਾਰਿਤ ਕੀਤਾ ਗਿਆ।ਪੱਤਰਕਾਰਾਂ ਨੂੰ ਇਸ ਸਰਬ ਧਰਮ ਸੰਮੇਲਨ ਦੀ ਜਾਣਕਾਰੀ ਦਿੰਦੇ ਹੋਏ ਸਤਵਿੰਦਰ ਸਿੰਘ ਬਾਜਵਾ ਨੇ ਸਿੱਖ ਭਾਈਚਾਰੇ ਨੂੰ ਅਪੀਲ ਕਰਦਿਆਂ ਕਿਹਾ ਵਿਦੇਸ਼ਾਂ ਵਿੱਚ ਵਸਦੇ ਸਿੱਖ ਭਾਈਚਾਰੇ ਨੂੰ ਜੇਕਰ ਕਿਤੇ ਵੀ ਅਜਿਹੇ ਸਮਾਗਮਾਂ ਵਿੱਚ ਵਿਚਰਨ ਦਾ ਮੌਕਾ ਮਿਲਦਾ ਹੈ ਤਾਂ ਉਨ੍ਹਾਂ ਨੂੰ ਸਿੱਖੀ ਸਰੂਪ ਵਿੱਚ ਅਜਿਹੇ ਵੱਧ ਤੋਂ ਵੱਧ ਸਮਾਗਮਾਂ ਵਿੱਚ ਜ਼ਰੂਰ ਵਿਚਾਰਨਾ ਚਾਹੀਦਾ ਹੈ, ਤਾਂ ਜੋ ਸਿੱਖ ਧਰਮ ਬਾਰੇ ਵੱਧ ਤੋਂ ਵੱਧ ਇਟਾਲੀਅਨ ਅਤੇ ਹੋਰ ਮੂਲ ਦੇ ਲੋਕਾਂ ਨੂੰ ਦੱਸਿਆ ਜਾਵੇ।