ਇਟਲੀ ਨੇ ਐਪਲ ਤੇ ਸੈਮਸੰਗ 'ਤੇ ਸਾਫਟਵੇਅਰ ਅਪਡੇਟ ਨੂੰ ਲੈ ਕੇ ਠੋਕਿਆ ਕਰੋੜਾਂ ਰੁਪਏ ਦਾ ਜ਼ੁਰਮਾਨਾ
Wednesday, Oct 24, 2018 - 11:54 PM (IST)

ਰੋਮ — ਇਟਲੀ ਦੀ ਐਂਟੀ-ਟਰੱਸਟ ਅਥਾਰਟੀ ਨੇ ਬੁੱਧਵਾਰ ਨੂੰ ਤਕਨਾਲੋਜੀ ਦੀ ਦਿੱਗਜ਼ ਕੰਪਨੀ ਐਪਲ ਅਤੇ ਸੈਮਸੰਗ 'ਤੇ ਜਾਣ ਬੁਝ ਕੇ ਆਪਣੇ ਗਾਹਕਾਂ ਦੇ ਫੋਨ ਸਾਫਟਵੇਅਰ ਅਪਡੇਟ ਦੇ ਬਹਾਨੇ ਹੌਲੀ ਅਤੇ ਬੇਕਾਰ ਬਣਾਉਣ ਲਈ ਭਾਰੀ ਜ਼ੁਰਮਾਨਾ ਠੋਕਿਆ ਹੈ ਅਤੇ ਆਖਿਆ ਹੈ ਕਿ ਦੋਹਾਂ ਕੰਪਨੀਆਂ ਬੇਈਮਾਨ ਵਪਾਰਕ ਅਭਿਆਸਾਂ 'ਚ ਸ਼ਾਮਲ ਹਨ।
ਇਕ ਅੰਗ੍ਰੇਜ਼ੀ ਅਖਬਾਰ ਮੁਤਾਬਕ ਇਟਲੀ ਦੀ ਕੰਪੀਟੀਸ਼ਨ ਕਮਿਸ਼ਨ (ਏ. ਜੀ. ਸੀ. ਐਮ.) ਨੇ ਐਪਲ 'ਤੇ 10 ਮਿਲੀਅਨ ਯੂਰੋ (ਕਰੀਬ 84 ਕਰੋੜ ਰੁਪਏ) ਅਤੇ ਸੈਮਸੰਗ 'ਤੇ 5 ਮਿਲੀਅਨ ਯੂਰੋ (ਕਰੀਬ 42 ਕਰੋੜ ਰੁਪਏ) ਦਾ ਜ਼ੁਰਮਾਨਾ ਲਾਇਆ ਹੈ ਅਤੇ ਕਿਹਾ ਹੈ ਕਿ ਦੋਹਾਂ ਕੰਪਨੀਆਂ ਨੇ ਸਾਫਟਵੇਅਰ ਅਪਡੇਟ ਦੇ ਬਹਾਨੇ ਜਾਣ ਬੁਝ ਤੇ ਗਾਹਕਾਂ ਦੇ ਫੋਨ ਨੂੰ ਹੌਲੀ ਕਰ ਦਿੱਤਾ ਅਤੇ ਉਸ ਦੀ ਵਿਧੀ (ਕਾਰਜ ਪ੍ਰਣਾਲੀ) ਨੂੰ ਵਿਗਾੜ ਦਿੱਤਾ ਤਾਂ ਜੋ ਉਹੀ ਗਾਹਕ ਫਿਰ ਤੋਂ ਨਵਾਂ ਫੋਨ ਖਰੀਦਣ।
ਰਿਪੋਰਟ 'ਚ ਆਖਿਆ ਗਿਆ ਹੈ ਕਿ ਸਤੰਬਰ, 2016 ਤੋਂ ਐਪਲ ਆਪਣੇ ਆਈਫੋਨ 6 ਦੇ ਗਾਹਕਾਂ ਨੂੰ ਵਾਰ-ਵਾਰ ਆਪਣਾ ਸਾਫਟਵੇਅਰ ਅਪਡੇਟ ਦਾ ਨੋਟੀਫਿਕੇਸ਼ਨ ਭੇਜ ਰਿਹਾ ਹੈ, ਜਿਸ ਨੂੰ ਅਗਲੀ ਪੀੜੀ ਦੇ ਮਾਡਲ ਆਈਫੋਨ 7 ਨੂੰ ਧਿਆਨ 'ਚ ਰੱਖ ਕੇ ਬਣਾਇਆ ਗਿਆ ਹੈ। ਨਾਲ ਹੀ ਕੰਪਨੀ ਨੇ ਯੂਜਰਾਂ ਨੂੰ ਇਹ ਨਹੀਂ ਦੱਸਿਆ ਕਿ ਇਸ ਅਪਡੇਟ ਨੂੰ ਕਰਨ ਨਾਲ ਉਨ੍ਹਾਂ ਦਾ ਫੋਨ ਸਲੋਅ ਹੋ ਜਾਵੇਗਾ ਅਤੇ ਉਸ ਦੀ ਵਿਧੀ ਵੀ ਵਿਗੜ ਜਾਵੇਗੀ।
ਉਥੇ ਦੂਜੇ ਪਾਸੇ ਸੈਮਸੰਗ ਨੇ ਗਲੈਕਸੀ ਨੋਟ ਫੋਨ ਰੱਖਣ ਵਾਲਿਆਂ ਨੂੰ ਗੂਗਲ ਦੇ ਅੰਡ੍ਰਾਇਡ ਅਪਰੇਟਿੰਗ ਸਿਸਟਮ ਦਾ ਨਵਾਂ ਵਰਜਨ ਇੰਸਟਾਲ ਕਰਨ ਨੂੰ ਕਿਹਾ, ਜਿਸ ਨੂੰ ਹਾਲ ਹੀ ਦੇ ਗਲੈਕਸੀ ਨੋਟ 7 ਨੂੰ ਧਿਆਨ 'ਚ ਰੱਖ ਕੇ ਬਣਾਇਆ ਗਿਆ ਸੀ। ਇਸ ਅਪਡੇਟ ਨੂੰ ਕਰਨ ਨਾਲ ਗਲੈਕਸੀ ਨੋਟ ਦੇ ਪੁਰਾਣੇ ਫੋਨ ਸਲੋਅ ਚੱਲਣ ਲੱਗੇ।