ਇਟਲੀ : ਪਰਿਵਾਰ ਨੂੰ ਵਿਦੇਸ਼ ਘੁਮਾਉਣ ਦੇ ਸੁਫ਼ਨੇ ਰਹਿ ਗਏ ਅਧੂਰੇ, ਸੜਕ ਹਾਦਸੇ ’ਚ ਪੰਜਾਬੀ ਵਿਅਕਤੀ ਦੀ ਮੌਤ
Friday, Jul 16, 2021 - 02:40 AM (IST)
ਰੋਮ,ਫਿਲੌਰ(ਕੈਂਥ,ਭਾਖੜੀ)- ਬੀਤੇ ਦਿਨੀਂ ਇਟਲੀ ਦੇ ਵੈਨੇਤੋ ਸੂਬੇ ’ਚ ਆਏ ਤੇਜ਼ ਤੂਫ਼ਾਨ ਤੇ ਖ਼ਰਾਬ ਮੌਸਮ ਕਾਰਨ ਇਲਾਕਾ ਕਾਫ਼ੀ ਪ੍ਰਭਾਵਿਤ ਰਿਹਾ ਤੇ ਖ਼ਰਾਬ ਮੌਸਮ ਦੇ ਚੱਲਦਿਆਂ ਹੀ ਇੱਕ ਪੰਜਾਬੀ ਭਾਰਤੀ ਦੀ ਸੜਕ ਹਾਦਸੇ ’ਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰੈੱਸ ਨੂੰ ਇਸ ਮੰਦਭਾਗੀ ਘਟਨਾ ਦੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਦੋਸਤ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਸ ਦਾ ਦੋਸਤ ਮਨੋਜ ਕੁਮਾਰ ਮਹਿਮੀ (45 ਸਾਲ) ਬੀਤੀ ਰਾਤ ਕੰਮ ਲਈ ਸਕੂਟਰ ਉੱਪਰ ਜਾ ਰਿਹਾ ਸੀ। ਉਸ ਰਾਤ ਮੌਸਮ ਵੀ ਖ਼ਰਾਬ ਸੀ ਤੇ ਜਦੋਂ ਘਰੋਂ ਨਿਕਲਿਆ ਤਾਂ ਆਰਜੀਨਿਆਨੋ (ਵਿਚੈਂਸਾ) ਨੇੜੇ ਉਸ ਦੇ ਸਕੂਟਰ ਨੂੰ ਕਿਸੇ ਵਾਹਨ ਨੇ ਮਗਰੋਂ ਟੱਕਰ ਮਾਰ ਦਿੱਤੀ, ਜਿਸ ਕਾਰਨ ਮਨੋਜ ਕੁਮਾਰ ਮਹਿਮੀ ਸਕੂਟਰ ਤੋਂ ਡਿੱਗ ਕੇ ਗੰਭੀਰ ਜ਼ਖਮੀ ਹੋ ਗਿਆ ।
ਇਹ ਵੀ ਪੜ੍ਹੋ : ਬੱਸ ਧਮਾਕੇ ਨੂੰ ਲੈ ਕੇ PAK ’ਤੇ ਭੜਕਿਆ ਚੀਨ, ਡਰਿਆ ਪਾਕਿ ਵਾਰ-ਵਾਰ ਬਦਲ ਰਿਹੈ ਬਿਆਨ
ਜ਼ਖਮੀ ਮਨੋਜ ਕੁਮਾਰ ਮਹਿਮੀ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਸਾਰੇ ਮਾਮਲੇ ਦੀ ਪੁਲਸ ਜਾਂਚ ਕਰ ਰਹੀ ਹੈ। ਮਰਹੂਮ ਮਨੋਜ ਮਹਿਮੀ, ਜਿਹੜਾ 20 ਸਾਲ ਪਹਿਲਾਂ ਪਿੰਡ ਰਟੈਂਡਾ (ਸ਼ਹੀਦ ਭਗਤ ਸਿੰਘ ਨਗਰ ) ਤੋਂ ਭੱਵਿਖ ਬਿਹਤਰ ਬਣਾਉਣ ਇਟਲੀ ਆਇਆ ਸੀ, ਆਪਣੇ ਪਿੱਛੇ ਵਿਧਵਾ ਪਤਨੀ ਤੋਂ ਇਲਾਵਾ ਦੋ ਮਾਸੂਮ ਬੱਚੇ ਰੋਂਦੇ ਛੱਡ ਗਿਆ ਹੈ। ਮ੍ਰਿਤਕ ਦਾ ਪਰਿਵਾਰ ਜਲਦ ਹੀ ਇਟਲੀ ਆਉਣ ਵਾਲਾ ਸੀ, ਜਿਨ੍ਹਾਂ ਦੇ ਇਟਲੀ ਦੇ ਵੀਜ਼ੇ ਲੱਗੇ ਹੋਏ ਸਨ ਪਰ ਉਡਾਣਾਂ ਬੰਦ ਹੋਣ ਕਾਰਨ ਹਾਲੇ ਰੁਕੇ ਸਨ । ਆਪਣੇ ਪਰਿਵਾਰ ਨੂੰ ਇਟਲੀ ਬੁਲਾਉਣ ਦੇ ਸੁਫ਼ਨੇ ਦੇਖਦਾ ਹੀ ਮਰਹੂਮ ਮਨੋਜ ਕੁਮਾਰ ਮਹਿਮੀ ਅੱਖਾਂ ਮੀਚ ਗਿਆ, ਜਦਕਿ ਉਹ ਪਰਿਵਾਰ ਨੂੰ ਆਪਣੇ ਕੋਲ ਬੁਲਾਉਣ ਲਈ ਕਈ ਸਾਲਾਂ ਤੋਂ ਜੱਦੋ-ਜਹਿਦ ਕਰ ਰਿਹਾ ਸੀ ਤੇ ਜਦੋਂ ਸਭ ਕੁਝ ਮੁਕੰਮਲ ਹੋ ਗਿਆ ਤਾਂ ਇਹ ਭਾਣਾ ਵਾਪਰ ਗਿਆ। ਇਸ ਘਟਨਾ ਨਾਲ ਭਾਰਤੀ ਭਾਈਚਾਰੇ ’ਚ ਸ਼ੋਕ ਦੀ ਲਹਿਰ ਹੈ।