ਇਟਲੀ : 24 ਘੰਟਿਆਂ ''ਚ ਕੋਰੋਨਾ ਦੇ 4700 ਮਰੀਜ਼ ਹੋਏ ਤੰਦਰੁਸਤ

Friday, May 01, 2020 - 02:59 PM (IST)

ਇਟਲੀ : 24 ਘੰਟਿਆਂ ''ਚ ਕੋਰੋਨਾ ਦੇ 4700 ਮਰੀਜ਼ ਹੋਏ ਤੰਦਰੁਸਤ

ਰੋਮ, (ਕੈਂਥ)- ਕੋਵਿਡ -19 ਨੇ ਆਪਣੀ ਤਬਾਹੀ ਨਾਲ ਪੂਰੀ ਦੁਨੀਆਂ ਨੂੰ ਜਿਸ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਹੈ, ਉਸ ਤੋਂ ਪ੍ਰਮਾਣੂ ਤਾਕਤ ਬਣੇ ਦੇਸ਼ਾਂ ਨੂੰ ਵੀ ਪਸੀਨੋ-ਪਸੀਨੀ ਕਰ ਦਿੱਤਾ ਹੈ । ਯੂਰਪੀਅਨ ਦੇਸ਼ ਵੀ ਇਸ ਕੁਦਰਤੀ ਤਬਾਹੀ ਦੇ ਕਹਿਰ ਤੋਂ ਕੁਰਲਾ ਉੱਠੇ ਹਨ । ਇਟਲੀ ਯੂਰਪ ਦਾ ਅਜਿਹਾ ਦੇਸ਼ ਹੈ ਜਿੱਥੇ ਸਭ ਤੋਂ ਪਹਿਲਾਂ ਕੋਵਿਡ -19 ਨੇ ਪਿੰਡਾਂ ਦੇ ਪਿੰਡ ਸ਼ਮਸ਼ਾਨ ਘਾਟ ਬਣਾ ਦਿੱਤੀ ਤੇ ਹੁਣ ਤੱਕ 27,967 ਲੋਕਾਂ ਨੂੰ ਮੌਤ ਦੀ ਸਜ਼ਾ ਦੇ ਚੁੱਕਾ ਹੈ ਜਦੋਂ ਕਿ 2,05,463 ਲੋਕ ਕੋਵਿਡ-19 ਤੋਂ ਪ੍ਰਭਾਵਿਤ ਹਨ।

ਬੇਸ਼ੱਕ ਪਹਿਲਾਂ-ਪਹਿਲ ਇਟਲੀ ਸਰਕਾਰ ਨੇ ਕੋਵਿਡ-19 ਨੂੰ ਗੰਭੀਰਤਾ ਨਾਲ ਨਹੀਂ ਲਿਆ, ਜਿਸ ਕਾਰਨ ਹਜ਼ਾਰਾਂ ਲੋਕਾਂ ਨੂੰ ਜਾਨ ਤੋਂ ਹੱਥ ਧੋਣੇ ਪਏ ਪਰ ਸਰਕਾਰ ਨੇ ਜਲਦੀ ਹੀ ਜਿਸ ਦਲੇਰੀ ਅਤੇ ਫੁਰਤੀਲੇ ਢੰਗ ਨਾਲ ਇਹ ਮਹਾਂਮਾਰੀ ਨੂੰ ਸੋਧਾ ਲਾਇਆ ਉਹ ਕਾਬਲੇ ਤਾਰੀਫ਼ ਹੈ।ਪਹਿਲਾਂ ਜਿੱਥੇ ਇਟਲੀ ਵਿੱਚ ਹਰ ਰੋਜ਼ 5 ਹਜ਼ਾਰ ਦੇ ਕਰੀਬ ਨਵੇਂ ਮਰੀਜ਼ ਕੋਵਿਡ-19 ਦੇ ਸਾਹਮਣੇ ਆ ਰਹੇ ਸਨ, ਹੁਣ ਉੱਥੇ ਹੀ ਇੱਕ ਦਿਨ ਵਿੱਚ 4700 ਦੇ ਕਰੀਬ ਮਰੀਜ਼ਾਂ ਦਾ ਠੀਕ ਹੋਣਾ ਇਟਲੀ ਸਰਕਾਰ ,ਸਿਹਤ ਵਿਭਾਗ,ਪੁਲਸ ਪ੍ਰਸ਼ਾਸਨ ਤੇ ਸਿਵਲ ਸੁਰੱਖਿਆ ਵਿਭਾਗ ਦੀਆਂ ਅਣਥੱਕ ਕੋਸ਼ਿਸਾਂ ਲਈ ਵੱਡੀ ਕਾਮਯਾਬੀ ਮੰਨੀ ਜਾ ਰਹੀ ਹੈ।

ਮੌਤਾਂ ਦੀ ਗਿਣਤੀ ਜਿਹੜੀ ਕਿ ਕਦੀ 969 ਤੱਕ ਰੋਜ਼ਾਨਾ ਪਹੁੰਚ ਗਈ ਸੀ, ਉਹ ਵੀ ਹੁਣ ਘੱਟ ਕੇ 285 ਤੱਕ ਰਹੀ ਗਈ ਹੈ। ਇਟਲੀ ਵਿਚ ਹੁਣ ਤੱਕ 75,945 ਲੋਕਾਂ ਨੂੰ  ਸਿਹਤ ਵਿਭਾਗ ਨੇ ਕੋਵਿਡ-19 ਦੇ ਪੰਜੇ ਵਿਚੋਂ ਆਜ਼ਾਦ ਵੀ ਕਰਵਾਇਆ ਹੈ ।ਇਟਲੀ ਵਿੱਚ ਇਟਾਲੀਅਨ ਲੋਕਾਂ ਤੋਂ ਇਲਵਾ ਵਿਦੇਸ਼ੀ ਮੂਲ ਦੇ 6,395 ਮਰੀਜ਼ ਵੀ ਕੋਵਿਡ-19 ਨਾਲ ਗ੍ਰਸਤ ਹਨ ਜਿਹੜਾ ਕਿ ਕੁਲ ਦਾ 5.1% ਦੱਸਿਆ ਜਾ ਰਿਹਾ ਹੈ।ਇਟਲੀ ਦੀ ਕੋਵਿਡ-19 ਵਿਰੁੱਧ ਛਿੜੀ ਜੰਗ ਵਿੱਚ ਹੁਣ ਤੱਕ 151 ਡਾਕਟਰ,34 ਤੋਂ ਵੱਧ ਨਰਸਾਂ ਤੋਂ 12 ਤੋਂ ਵੱਧ ਫਾਰਮਾਸਿਸਟ ਕੁਰਬਾਨ ਹੋ ਚੁੱਕੇ ਹਨ ਜਦੋਂ ਹਜ਼ਾਰਾ ਸਿਹਤ ਕਰਮੀ ਕੋਵਿਡ-19 ਦੀ ਉਸ ਸਮੇਂ ਲਪੇਟ ਵਿੱਚ ਆ ਗਏ ਜਦੋਂ ਇਹ ਲੋਕਾਂ ਨੂੰ ਕੋਵਿਡ-19 ਤੋ ਬਚਾਉਣ ਲਈ ਲੜਾਈ ਲੜ ਰਹੇ ਸਨ।

ਕੋਰੋਨਾ ਸੰਕਟ ਕਾਰਨ ਯੂਰਪੀਅਨ ਦੇਸ਼ਾਂ ਵਿੱਚ ਕੰਮਕਾਰ ਠੱਪ ਹੋ ਜਾਣ ਨਾਲ ਉਹ ਦੇਸ਼ ਬੁਰੀ ਤਰ੍ਹਾਂ ਆਰਥਿਕ ਮੰਦਹਾਲੀ ਦੀ ਮਾਰ ਝੱਲ ਰਹੇ ਹਨ ਜਿੱਥੋਂ ਦੇ ਵਸਨੀਕ ਵਿਕਾਸਸ਼ੀਲ ਯੂਰਪੀਅਨ ਦੇਸ਼ਾਂ ਵਿੱਚ ਹਰ ਸਾਲ ਕੰਮ ਕਰਨ ਆਉਂਦੇ ਹਨ, ਉਨ੍ਹਾਂ ਵਿੱਚ ਯੂਕਰੇਨ, ਰੋਮਾਨੀਆਂ, ਪੋਲੈਂਡ ਆਦਿ ਮੁੱਖ ਹਨ ਜਿਹੜੇ ਕਿ ਯੂਰਪ ਵਿੱਚ ਹੁੰਦਿਆਂ ਹੋਇਆ ਵੀ ਆਰਥਿਕ ਪੱਖੋਂ ਕਾਫ਼ੀ ਪੱਛੜੇ ਹੋਏ ਹੋਣ ਕਾਰਨ ਇਨ੍ਹਾਂ ਦੇਸ਼ਾਂ ਦੇ ਨਾਗਰਿਕ ਹਰ ਸਾਲ ਜਰਮਨ,ਫਰਾਂਸ,ਸਪੇਨ ਅਤੇ ਇਟਲੀ ਆਦਿ ਵਿੱਚ ਮੌਸਮੀ ਕੰਮ ਕਰਨ ਆਉਂਦੇ ਸਨ ਪਰ ਹੁਣ ਕੋਰੋਨਾ ਸੰਕਟ ਦੇ ਚੱਲਦਿਆਂ ਸਭ ਦੇਸ਼ਾਂ ਨੇ ਬਾਹਰੋਂ ਆਉਣ ਵਾਲੇ ਕਾਮਿਆਂ ਉਪੱਰ ਆਰਜੀ ਰੋਕ ਲਗਾਈ ਹੋਈ ਹੈ । ਕੋਰੋਨਾ ਸੰਕਟ ਕਾਰਨ ਯੂਰਪੀ ਭਰ ਵਿੱਚ ਪ੍ਰਕਾਸ਼ਿਤ ਹੋਣ ਵਾਲੀਆਂ ਅਖ਼ਬਾਰਾਂ ਨੂੰ ਵੀ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ। ਇੱਕਲੇ ਇਟਲੀ ਵਿਚ ਹੀ ਲੱਖਾਂ ਯੂਰੋ ਦਾ ਘਾਟਾ ਪ੍ਰਿੰਟ ਮੀਡੀਏ ਨੂੰ ਪੈ ਰਿਹਾ ਹੈ, ਜਿਸ ਦੀ ਪੁਸ਼ਟੀ ਇਟਲੀ ਦੇ ਨਿਊਜ਼ ਪੇਪਰਾਂ ਦੀ ਮਹਾਂਸਭਾ ਦੇ ਪ੍ਰਧਾਨ ਆਂਦਰਿਆ ਰਿਫੇਜ਼ਰ ਮੌਂਤੀ ਨੇ ਕਰਦਿਆਂ ਕਿਹਾ ਕਿ ਉਹਨਾਂ ਦਾ ਕਾਰੋਬਾਰ ਕੋਵਿਡ-19 ਕਾਰਨ ਹੋਏ ਲਾਕਡਾਊਨ ਨੇ ਤਹਿਸ-ਨਹਿਸ ਕਰ ਦਿੱਤਾ ਹੈ, ਜਿਸ ਲਈ ਉਨ੍ਹਾਂ ਇਟਲੀ ਸਰਕਾਰ ਤੋਂ  400 ਮਿਲੀਅਨ ਯੂਰੋ ਬਚਾਅ ਫੰਡ ਦੀ ਮੰਗ ਕੀਤੀ ਹੈ ਜਿਸ ਨਾਲ ਉਹ ਸਤੰਬਰ ਤੱਕ ਇਟਲੀ ਦੇ ਨਿਊਜ਼ ਪੇਪਰਾਂ ਦੇ ਸਿਸਟਮ ਠੀਕ ਕਰ ਸਕਣ।ਇਟਲੀ ਵਿੱਚ ਕੋਵਿਡ-19 ਨੂੰ ਸਰਕਾਰ ਵੱਲੋਂ ਪਾਈ ਜਾ ਰਹੀ ਨੱਥ ਨਾਲ ਆਮ ਨਾਗਰਿਕ ਕਾਫ਼ੀ ਰਾਹਤ ਮਹਿਸੂਸ ਕਰਦਾ ਹੋਇਆ ਸਰਕਾਰ ਦਾ  ਧੰਨਵਾਦ ਕਰ ਰਿਹਾ ਹੈ, ਜਿਸ ਨੇ ਇਸ ਮਹਾਂਮਾਰੀ ਤੋਂ ਲੋਕਾਂ ਨੂੰ ਸੁੱਰਖਿਅਤ ਕਰਨ ਲਈ ਦਿਨ-ਰਾਤ ਇੱਕ ਕਰ ਦਿੱਤਾ।


author

Lalita Mam

Content Editor

Related News