ਇਟਲੀ :''ਆਸ ਦੀ ਕਿਰਨ'' ਸੰਸਥਾ ਵਲੋਂ ਪਾਸਪੋਰਟ ਸੰਬੰਧੀ ਲਾਏ ਵਿਸ਼ੇਸ਼ ਕੈਂਪਾਂ ਦੀ ਹੋ ਰਹੀ ਵਡਿਆਈ

Wednesday, Jun 17, 2020 - 12:13 PM (IST)

ਇਟਲੀ :''ਆਸ ਦੀ ਕਿਰਨ'' ਸੰਸਥਾ ਵਲੋਂ ਪਾਸਪੋਰਟ ਸੰਬੰਧੀ ਲਾਏ ਵਿਸ਼ੇਸ਼ ਕੈਂਪਾਂ ਦੀ ਹੋ ਰਹੀ ਵਡਿਆਈ

ਰੋਮ, (ਕੈਂਥ)- ਜਿਸ ਦਿਨ ਤੋਂ ਇਟਲੀ ਵਿੱਚ ਸਰਕਾਰ ਵੱਲੋਂ ਗ਼ੈਰ ਕਾਨੂੰਨੀ ਪ੍ਰਵਾਸੀਆਂ ਨੂੰ ਪੱਕੇ ਕਰਨ ਦਾ ਐਲਾਨ ਕੀਤਾ ਗਿਆ ਸੀ ਉਸ ਦਿਨ ਤੋਂ ਇਟਲੀ ਵਿੱਚ ਬਿਨਾਂ ਪੇਪਰਾਂ ਤੋਂ ਰਹਿ ਰਹੇ ਭਾਰਤੀਆਂ ਨੂੰ ਸਭ ਤੋਂ ਵੱਡੀ ਮੁਸ਼ਕਲ ਆ ਰਹੀਂ ਸੀ ਕਿ ਉਹ ਆਪਣੇ ਪਾਸਪੋਰਟ ਕਿਵੇਂ ਰੀਨਿਊ ਕਰਵਾਉਣਗੇ, ਕਿਉਂਕਿ ਇਟਲੀ ਵਿੱਚ ਤਾਲਾਬੰਦੀ ਕਾਰਨ ਭਾਰਤੀ ਅੰਬੈਸੀ ਰੋਮ ਅਤੇ ਕੌਂਸਲੇਟ ਦਫਤਰ ਮਿਲਾਨ ਬੰਦ ਪਾਏ ਸਨ, ਸਿਰਫ ਹੀ ਸਿਰਫ ਐਮਰਜੈਂਸੀ ਸੇਵਾਵਾਂ ਹੀ ਨਿਭਾਈਆਂ ਜਾ ਰਹੀਆਂ ਸਨ। ਇਸ ਦੇ ਬਾਵਜੂਦ ਵੀ ਗ਼ੈਰ ਕਾਨੂੰਨੀ ਤੌਰ 'ਤੇ ਰਹਿ ਰਹੇ ਭਾਰਤੀਆਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। 

ਓਧਰ ਰੋਮ ਸਥਿਤ ਭਾਰਤੀ ਅੰਬੈਸੀ ਵਲੋਂ ਇੱਕ ਵਿਸ਼ੇਸ਼ ਮੁਹਿੰਮ ਤਹਿਤ ਇਟਲੀ ਵਿੱਚ ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਇਟਲੀ ਦੇ ਵੱਖ-ਵੱਖ ਸ਼ਹਿਰਾਂ ਤੇ ਕਸਬਿਆਂ ਵਿੱਚ ਪਾਸਪੋਰਟ ਸੰਬੰਧੀ ਕੈਂਪ ਲਗਾਏ ਗਏ ਸਨ। ਇਸੇ ਲੜੀ ਤਹਿਤ ਰੋਮ ਇਟਲੀ ਤੋਂ ਸਮਾਜ ਸੇਵੀ ਸੰਸਥਾ 'ਆਸ ਦੀ ਕਿਰਨ' ਸੰਸਥਾ ਵਲੋਂ ਭਾਰਤੀ ਅੰਬੈਸੀ ਰੋਮ ਦੇ ਸਹਿਯੋਗ ਨਾਲ ਇਟਲੀ ਦੇ ਵੱਖ-ਵੱਖ ਸ਼ਹਿਰਾਂ ਤੇ ਕਸਬਿਆਂ ਵਿੱਚ ਜਾ ਕੇ ਪਾਸਪੋਰਟ ਸੰਬੰਧੀ ਕੈਂਪ ਲਗਾਏ ਗਏ ਸਨ। ਇਨ੍ਹਾਂ ਵਿਸ਼ੇਸ਼ ਕੈਂਪਾਂ ਵਿੱਚ ਆ ਕੇ ਜਿਨ੍ਹਾਂ ਭਾਰਤੀਆਂ ਨੇ ਲਾਭ ਉਠਾ ਕੇ ਆਪਣੇ ਪਾਸਪੋਰਟ ਰੀਨਿਊ ਹੋਣ ਤੋਂ ਬਾਅਦ ਅਥਾਰਟੀ ਪੱਤਰ ਮਿਲ ਜਾਣ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਪਹਿਲਾਂ ਵੀ ਆਪਣੇ ਪਾਸਪੋਰਟ ਰੀਨਿਊ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਕਿਸੇ ਕਾਰਨਾਂ ਕਰਕੇ ਪਾਸਪੋਰਟ ਰੀਨਿਊ ਨਹੀਂ ਕਰਵਾ ਸਕੇ ਪਰ ਹੁਣ ਉਹ ਬਹੁਤ ਧੰਨਵਾਦੀ ਹਾਂ ਆਸ ਦੀ ਕਿਰਨ ਸੰਸਥਾ ਦੇ ਸਮੂਹ ਸੇਵਾਦਾਰਾਂ ਦੇ ਜਿਨ੍ਹਾਂ ਨੇ ਉਨ੍ਹਾਂ ਨੂੰ ਸਹੀ ਮਾਰਗ ਦਿਖਾ ਕੇ ਅਤੇ ਬਿਨ੍ਹਾਂ ਕਿਸੇ ਵਾਧੂ ਖ਼ਰਚ ਤੋਂ ਪਾਸਪੋਰਟ ਸੰਬੰਧੀ ਅਰਜ਼ੀਆਂ ਲੈ ਕੇ ਅਥਾਰਟੀ ਪੱਤਰ ਲਿਆ ਕੇ ਦਿੱਤੇ ਗਏ ਹਨ।                  

ਦੱਸਣਯੋਗ ਹੈ ਕਿ ਆਸ ਦੀ ਕਿਰਨ ਸੰਸਥਾ ਵਲੋਂ ਇਹ ਨਿਸ਼ਕਾਮ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਇਸ ਤੋਂ ਪਹਿਲਾਂ ਵੀ ਕੋਰੋਨਾ ਵਾਇਰਸ ਦੇ ਚਲਦਿਆਂ ਇਟਲੀ ਵਿੱਚ ਤਾਲਾਬੰਦੀ ਉਪਰੰਤ ਵੀ ਸੰਸਥਾ ਦੇ ਸੇਵਾਦਾਰਾਂ ਵਲੋਂ ਆਪਣੀਆ ਜਾਨਾਂ ਦੀ ਪਰਵਾਹ ਨਾ ਕਰਦਿਆਂ ਲੋੜਵੰਦਾਂ ਦੇ ਘਰ ਘਰ ਜਾ ਕੇ ਖਾਣ-ਪੀਣ ਦੀਆਂ ਜ਼ਰੂਰੀ ਵਸਤਾਂ ਦੀਆ ਸੇਵਾਵਾਂ ਨਿਭਾ ਚੁੱਕੇ ਹਨ। ਓਧਰ ਦੂਜੇ ਪਾਸੇ ਆਸ ਦੀ ਕਿਰਨ ਸੰਸਥਾ ਦੇ ਮੈਂਬਰਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਮਾਣ ਮਹਿਸੂਸ ਕਰ ਰਹੇ ਹਾਂ ਕਿ ਇਸ ਮੁਸ਼ਕਲ ਦੌਰ ਵਿੱਚ ਆਸ ਦੀ ਕਿਰਨ ਸੰਸਥਾ ਦੇ ਸਮੂਹ ਸੇਵਾਦਾਰਾਂ ਨੂੰ ਭਾਰਤੀ ਭਾਈਚਾਰੇ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਸੀ, ਸੰਸਥਾ ਦੇ ਸਮੂਹ ਸੇਵਾਦਾਰਾਂ ਹਮੇਸ਼ਾ ਰਿਣੀ ਰਹਿਣਗੇ, ਜਿਨ੍ਹਾਂ ਨੇ ਸੰਸਥਾ ਦੀਆਂ ਸੇਵਾਵਾਂ ਤੋਂ ਖੁਸ਼ ਹੋ ਕੇ ਮਾਣ ਅਤੇ ਸਤਿਕਾਰ ਬਖਸ਼ਿਆ।
 


author

Lalita Mam

Content Editor

Related News