ਇਟਲੀ ''ਚ ਮਨਾਇਆ ਗਿਆ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦਾ 31ਵਾਂ ਮਹਾ ਪ੍ਰੀਨਿਰਵਾਣ

10/17/2019 10:01:27 AM

ਬੈਰਗਾਮੋ/ਇਟਲੀ (ਕੈਂਥ)— ਬਹੁਜਨ ਕ੍ਰਾਂਤੀ ਮੋਰਚਾ ਇਟਲੀ ਵਲੋਂ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦਾ 31ਵਾਂ ਮਹਾ ਪ੍ਰੀਨਿਰਵਾਣ 'ਸੰਕਲਪ ਪਰਿਵਰਤਨ' ਦਿਵਸ ਵਜੋਂ ਮਨਾਇਆ ਗਿਆ । ਇਸ ਮੌਕੇ ਸ਼੍ਰੀ ਕਾਂਸ਼ੀ ਰਾਮ ਜੀ ਦੇ ਜੀਵਨ ਸੰਘਰਸ਼ ਵਿਸ਼ੇ ਉਪਰ ਵਿਚਾਰ ਗੋਸ਼ਠੀ ਕੀਤੀ ਗਈ । ਜਿਸ ਵਿਚ ਸਾਹਿਬ ਕਾਂਸ਼ੀ ਰਾਮ ਜੀ ਦੇ ਜੀਵਨ ਅਤੇ ਵਿਚਾਰਧਾਰਾ ਉਪਰ ਇਟਲੀ ਦੇ ਵੱਖ-ਵੱਖ ਸ਼ਹਿਰਾਂ ਤੋਂ ਆਏ ਹੋਏ ਬੁਲਾਰਿਆਂ ਨੇ ਆਪਣੇ-ਆਪਣੇ ਵਿਚਾਰ ਦਿੱਤੇ । ਇਟਲੀ ਦੀ ਬਹੁਜਨ ਕ੍ਰਾਂਤੀ ਮੋਰਚਾ ਇਕ ਸਮਾਜਿਕ ਪਰਿਵਰਤਨ ਬੌਧਿਕ ਗੈਰ ਰਾਜਨੀਤਕ ਜੜ੍ਹਾਂ ਨੂੰ ਮਜਬੂਤ ਕਰਨ ਵਾਲੀ ਸੰਸਥਾ ਹੈ ਜੋ ਕਿ ਇਸ ਤਰਾਂ ਦੇ ਸਮਾਗਮਾਂ ਦੁਆਰਾ ਲਗਾਤਾਰ ਉਪਰਾਲੇ ਕਰਦੀ ਰਹਿੰਦੀ ਹੈ। 

ਇਸੇ ਲੜੀ ਦੇ ਤਹਿਤ ਸਾਹਿਬ ਸ਼੍ਰੀ ਕਾਂਸ਼ੀ ਰਾਮ ਦਾ ਜਨਮ ਦਿਨ ਵੀ ਮਨਾਇਆ ਗਿਆ । ਪ੍ਰੋਗਰਾਮ ਦੀ ਸ਼ੁਰੂਆਤ ਅਮਿਤ ਕੁਮਾਰ ਅਤੇ ਬੱਚਿਆਂ ਵਲੋਂ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਜੀਵਨ ਨਾਲ ਸੰਬੰਧਤ ਕਵਿਤਾਵਾਂ ਬੋਲ ਕੇ ਕੀਤੀ ਗਈ। ਇਸ ਤੋਂ ਉਪਰੰਤ ਸੰਗਠਨ ਦੇ ਕਾਰਜਕਰਤਾਵਾਂ ਵੱਲੋਂ ਅਤੇ ਆਏ ਹੋਏ ਸਾਥੀਆਂ ਨੇ ਆਪਣੇ ਵਿਚਾਰ ਦਿੱਤੇ।ਇਸ ਸਮੇਂ ਬੁਲਾਰਿਆ ਨੇ ਬੋਲਦਿਆਂ ਹੋਇਆ ਕਿਹਾ ਕਿ ਬਹੁਜਨ ਨਾਇਕ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਨੇ ਬਹੁਜਨ ਸਮਾਜ ਲਈ ਆਪਣੀ ਨੌਕਰੀ ਨੂੰ ਲੱਤ ਮਾਰ ਕੇ ਪਰਿਵਾਰ ਨੂੰ ਤਿਆਗ ਕੇ ਆਪਣੀ ਸਾਰੀ ਜ਼ਿੰਦਗੀ ਬਹੁਜਨ ਸਮਾਜ ਨੂੰ ਸਮਰਪਿਤ ਕਰ ਦਿੱਤੀ । 

ਭਾਰਤ ਵਿਚ ਬਾਬਾ ਸਹਿਬ ਅੰਬੇਡਕਰ ਜੀ ਦੇ ਜਾਣ ਮਗਰੋਂ ਜੋ ਸਮਾਜਿਕ ਅਤੇ ਰਾਜਨੀਤਿਕ ਅੰਦੋਲਨ ਦੀ ਰਫਤਾਰ ਠੰਡੀ ਪੈ ਗਈ ਸੀ ਉਸਨੂੰ ਕਾਂਸ਼ੀ ਰਾਮ ਜੀ ਨੇ ਤੇਜ਼ ਹੀ ਨਹੀਂ ਕੀਤਾ ਸਗੋਂ ਸਿਖਰਾਂ ਵੱਲ ਵੀ ਲੈ ਕੇ ਗਏ । ਸੰਗਠਨ ਵਲੋਂ ਇਸ ਮੌਕੇ ਬਹੁਜਨ ਰਹਿਬਰਾਂ ਨਾਲ ਸਬੰਧਤ ਸਾਹਿਤਕ ਕਿਤਾਬਾਂ ਦਾ ਸਟਾਲ ਵੀ ਲਗਾਇਆ ਗਿਆ । ਜਿਸ ਵਿਚੋਂ ਆਏ ਹੋਏ ਪੰਤਵੰਤੇ ਸੱਜਣ ਢੇਰਾਂ ਦੇ ਢੇਰ ਦਲਿਤ ਸਾਹਿਤ ਲੈ ਕੇ ਗਏ । ਜੋ ਕਿ ਇਹਨਾਂ ਦੇ ਬੌਧਿਕ ਤੱਲ ਨੂੰ ਉੱਚਾ ਚੁੱਕਣ ਅਤੇ ਰਾਜਨੀਤਿਕ ਸੂਝਬੂਝ ਨੂੰ ਹੋਰ ਵੀ ਤਿਖੇਰਾ ਕਰੇਗਾ । 

ਇਸ ਸਮੇਂ ਬੀਬੀ ਰਜਨੀਸ਼ ਕੁਮਾਰੀ ਨੇ ਵੀ ਆਏ ਹੋਏ ਸੱਜਣਾ ਨੂੰ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਗੌਰਵਮਈ ਅਤੇ ਲਾਸਾਨੀ ਜੀਵਨ ਤੋਂ ਜਾਣੂ ਕਰਾਇਆ । ਵਿਰੋਨਾ ਤੋਂ ਆਏ ਹੋਏ ਸਾਥੀ ਸੁਦੇਸ਼ ਕੁਮਾਰ ਨੇ ਆਪਣੇ ਭਾਸ਼ਣ ਵਿਚ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ 15/85 ਵਾਲੇ ਫਾਰਮੂਲਾ ਨੂੰ ਸਮਝਾਉਂਦਿਆਂ ਹੋਇਆਂ ਆਪਣੇ ਸਮਾਜ ਨੂੰ ਦੋਸਤ ਅਤੇ ਦੁਸਮਣ ਗੈਰ ਬਾਬਰੀ ਦੀ ਵਿਵਸਥਾ ਸੰਬੰਧੀ ਸੁਚੇਤ ਕੀਤਾ । ਇਸ ਸਮੇਂ ਗੋਲਡੀ ਸੂਦ, ਸੁਰਿੰਦਰ ਕੁਮਾਰ ਨੇ ਵੀ ਆਪਣੇ ਵਿਚਾਰ ਦਿੰਦਿਆਂ ਕਿਹਾ ਕਿ ਕਾਂਸ਼ੀ ਰਾਮ ਜੀ ਦੇ ਸੰਘਰਸ਼ ਦੀ ਬਦੌਲਤ ਹੀ ਅੱਜ ਲੱਖਾਂ ਲੋਕ ਜਾਗਰੂਕ ਹੋ ਸਕੇ ਹਨ । ਉਨ੍ਹਾਂ ਨੇ ਬਹੁਜਨ ਸਮਾਜ ਦੇ ਪਰਿਵਰਤਨ ਦੀ ਗਤੀ ਨੂੰ ਦੁੱਗਣਾ ਕੀਤਾ ਅਤੇ ਤੱਦ ਹੀ ਅਸੀਂ ਅੱਜ ਸਵੈਮਾਣ ਦੇ ਨਾਲ ਰਹਿਣ ਲੱਗੇ ਹਾਂ ।

ਅੰਤ ਵਿਚ ਸੰਸਥਾਂ ਦੇ ਸਾਥੀ ਟੋਨੀ ਜੱਖੂ, ਸੁਦੇਸ਼ ਕੁਮਾਰ, ਸੁਰਿੰਦਰ ਕੁਮਾਰ, ਗੋਲਡੀ ਸੁੰਡ, ਜਸਵਿੰਦਰ ਸੋਂਧੀ, ਅਮਿਤ ਕੁਮਾਰ, ਸਟੀਵਨ, ਅਸ਼ੋਕ ਕੁਮਾਰ ਨੇ ਆਏ ਹੋਏ ਸਾਥੀਆਂ ਦਾ ਧੰਨਵਾਦ ਕੀਤਾ । ਇਸ ਸਮੇਂ ਅਨੇਕਾਂ ਸਾਥੀਆਂ ਨੇ ਮਿਸ਼ਨਰੀ ਗੀਤਾਂ ਨਾਲ ਆਪਣੀ ਸ਼ਰਧਾ ਦੇ ਫੁੱਲ ਭੇਂਟ ਕੀਤੇ । ਇਸ ਸਮੇਂ ਸਟੇਜ ਦਾ ਸੰਚਾਲਨ ਜਸਵਿੰਦਰ ਸੋਂਧੀ ਨੇ ਬਾਖੂਬੀ ਨਿਭਾਇਆ।


Vandana

Content Editor

Related News