ਇਟਲੀ: ਚੋਰੀ ਕਰਨ ਆਏ ਲੁਟੇਰਿਆਂ ਨੂੰ ਰੈਸਟੋਰੈਂਟ ਮਾਲਕ ਨੇ ਇੰਝ ਸਿਖਾਇਆ ਸਬਕ
Wednesday, Feb 07, 2018 - 12:53 PM (IST)
ਮਿਲਾਨ— ਦੋ ਹਥਿਆਰਬੰਦ ਲੁਟੇਰਿਆਂ ਨੇ ਇਸ ਹਫਤੇ ਇਟਲੀ ਦੇ ਮਿਲਾਨ ਸ਼ਹਿਰ ਵਿਚ ਸਥਿਤ ਇਕ 'ਸੁਸ਼ੀ' ਨਾਂ ਦੇ ਰੈਸਟੋਰੈਂਟ ਨੂੰ ਨਿਸ਼ਾਨਾ ਬਣਾਉਂਦੇ ਹੋਏ ਧਾਵਾ ਬੋਲ ਦਿੱਤਾ ਸੀ। ਦੱਸਣਯੋਗ ਹੈ ਕਿ ਇਹ ਘਟਨਾ ਐਤਵਾਰ ਰਾਤ ਨੂੰ ਵਾਪਰੀ ਸੀ, ਜਿੱਥੇ ਦੋ ਹਥਿਆਰਬੰਦ ਲੁਟੇਰਿਆਂ ਨੇ ਰਾਤ ਨੂੰ ਰੈਸਟੋਰੈਂਟ ਵਿਚ ਦਾਖਲ ਹੋ ਕੇ ਕਬਜ਼ਾ ਕਰ ਲਿਆ ਸੀ ਅਤੇ ਰੈਸਟੋਰੈਂਟ ਮਾਲਕ ਨੂੰ ਬੰਦੂਕ ਦਿਖਾਉਂਦੇ ਹੋਏ ਕਾਊਂਟਰ ਪਿੱਛੇ ਜਾਣ ਅਤੇ ਪੈਸੇ ਲਿਆਉਣ ਦਾ ਹੁਕਮ ਦਿੱਤਾ। ਪਰ ਮਾਲਕ ਨੇ ਲੁਟੇਰਿਆਂ ਨੂੰ ਪੈਸੇ ਸੌਂਪਣ ਦੀ ਬਜਾਏ ਉਨ੍ਹਾਂ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਇਹ ਸਭ ਦੇਖਣ ਤੋਂ ਬਾਅਦ ਰੈਸਟੋਰੈਂਟ ਦੇ ਕਰਮਚਾਰੀਆਂ ਦੇ ਇਕ ਮੈਂਬਰ ਨੇ ਵੀ ਚਾਕੂ ਫੜਿਆ 'ਤੇ ਲੁਟੇਰਿਆਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਇਹ ਸਾਰੀ ਘਟਨਾ ਉਥੇ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਪਰ ਲੁਟੇਰੇ ਖੁਦ ਨੂੰ ਬਚਾਉਂਦੇ ਹੋਏ ਉਥੋਂ 3000 ਯੂਰੋ ਲੈ ਕੇ ਦੌੜਨ ਵਿਚ ਸਫਲ ਹੋ ਗਏ। ਇਸ ਲੜਾਈ ਦੌਰਾਨ ਰੈਸਟੋਰੈਂਟ ਮਾਲਕ ਨੂੰ 3 ਗੋਲੀਆਂ ਲੱਗੀਆਂ, ਜਿਨ੍ਹਾਂ ਨੂੰ ਬਾਅਦ ਵਿਚ ਤੁਰੰਤ ਗੰਭੀਰ ਹਾਲਤ ਵਿਚ ਹਪਸਤਾਲ ਲਿਜਾਇਆ ਗਿਆ। ਉਥੇ ਹੀ ਕਰਮਚਾਰੀ ਨੂੰ ਥੋੜ੍ਹੇ ਰੂਪ ਤੋਂ ਹੀ ਸੱਟਾਂ ਲੱਗੀਆਂ।
ਦੱਸਣਯੋਗ ਹੈ ਕਿ ਇਕ ਲੁਟੇਰੇ ਨੂੰ ਬਾਅਦ ਵਿਚ ਹਪਸਤਾਲ ਵਿਚੋਂ ਗ੍ਰਿਫਤਾਰ ਕਰ ਲਿਆ ਗਿਆ, ਜਿੱਥੇ ਉਹ ਵੀ ਆਪਣਾ ਇਲਾਜ ਕਰਾਉਣ ਆਇਆ ਸੀ, ਜਦੋਂਕਿ ਉਸ ਦਾ ਦੂਜਾ ਸਾਥੀ ਉਸ ਦੇ ਅਪਾਰਟਮੈਂਟ ਵਿਚੋਂ ਹੀ ਮਿਲਿਆ।
