ਲੁਧਿਆਣੇ ਦੀ ਪੰਜਾਬਣ ਨੇ ਲਗਾਤਾਰ 5 ਸਾਲ ਪੜ੍ਹਾਈ ''ਚ ਮਾਰੀਆਂ ਮੱਲਾਂ, ਇਟਾਲੀਅਨ ਵੀ ਕਰਨ ਲੱਗੇ ਸਲਾਮ
Tuesday, Oct 20, 2020 - 06:17 PM (IST)
ਰੋਮ/ਇਟਲੀ (ਦਲਵੀਰ ਕੈਂਥ): ਇਟਲੀ ਵਿੱਚ ਭਾਰਤੀ ਭਾਈਚਾਰੇ ਦੇ ਨੌਜਵਾਨ ਤੇ ਮੁਟਿਆਰਾਂ ਵਿੱਦਿਅਕ ਖੇਤਰ ਵਿੱਚ ਜਿਸ ਕਾਬਲੀਅਤ ਨਾਲ ਕਾਮਯਾਬੀ ਦੇ ਝੰਡੇ ਬੁਲੰਦ ਕਰ ਰਹੇ ਹਨ ਉਹ ਆਪਣੇ ਆਪ ਹੀ ਰਿਕਾਰਡ ਬਣਦਾ ਜਾ ਰਿਹਾ ਹੈ। ਅਜਿਹੇ ਰਿਕਾਰਡ ਬਣਾਉਣ ਵਿੱਚ ਪੰਜਾਬ ਦੀਆਂ ਧੀਆਂ ਮੋਹਰੀ ਹਨ, ਜਿਹੜੀਆਂ ਕਿ ਵਿਦੇਸ਼ਾਂ ਵਿੱਚ ਮਿਹਨਤ ਤੇ ਲਗਨ ਨਾਲ ਇਟਾਲੀਅਨ ਬੱਚਿਆਂ ਨੂੰ ਵੀ ਪਛਾੜਦੀਆਂ ਹੋਈਆਂ ਮਾਪਿਆਂ ਦਾ ਅਤੇ ਭਾਰਤ ਦੇਸ਼ ਦਾ ਨਾਮ ਦੁਨੀਆ ਵਿੱਚ ਰੁਸ਼ਨਾ ਰਹੀਆਂ ਹਨ।
ਅਜਿਹੀ ਹੀ ਮਾਪਿਆਂ ਦੀ ਲਾਡਲੀ ਧੀ ਰਮਨਦੀਪ ਕੌਰ ਸਪੁੱਤਰੀ ਪਰਮਜੀਤ ਸਿੰਘ ਸ਼ੇਰਗਿੱਲ ਪਿੰਡ ਗੋਰਾਹੂਰ ਲੁਧਿਆਣਾ ਇਟਲੀ ਵਾਸੀ ਪੁਨਤੀਨੀਆ (ਲਾਤੀਨਾ) ਹੈ, ਜਿਸ ਨੇ ਕਿ ਵਿੱਦਿਅਕ ਖੇਤਰ ਵਿੱਚ ਪੜ੍ਹਾਈ ਕਰਕੇ ਇਲਾਕੇ ਭਰ ਵਿੱਚ ਮਾਪਿਆਂ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ। ਰਮਨਦੀਪ ਕੌਰ ਦੀ ਪੜ੍ਹਾਈ ਵਿੱਚ ਮਿਹਨਤ ਦੇਖ ਹਰ ਭਾਰਤੀ ਮਾਂ-ਬਾਪ ਚਾਹੁੰਣਗੇ ਕਿ ਕਾਸ਼ ਅਜਿਹੀ ਹੀ ਧੀ ਸਾਡੇ ਘਰ ਵੀ ਹੋਵੇ। ਰਮਨਦੀਪ ਕੌਰ ਜਿਹੜੀ ਕਿ ਇਟਲੀ ਦੇ ਇਸਤੀਤੁਈਤੋ ਪ੍ਰੋਫੇਸਿਓਨਾਲੇ ਆਲੇਸਾਨਦਰੋ ਫੀਲੋਸੀ ਤੇਰਾਚੀਨਾ ਦੀ ਵਿੱਦਿਆਰਥਣ ਸੀ ਜਿੱਥੋ ਉਸ ਨੇ ਹੋਟਲ ਮੈਨੇਜਮੈਂਟ ਦਾ ਪੰਜ ਸਾਲਾ ਕੋਰਸ ਇਸ ਸਾਲ ਹੀ ਪੂਰਾ ਕੀਤਾ।ਇਸ ਕੁੜੀ ਨੇ ਲਗਾਤਾਰ ਕੋਰਸ ਦੇ ਪੰਜ ਸਾਲ ਪਹਿਲੇ ਨੰਬਰ 'ਤੇ ਆਕੇ ਇਹ ਗੱਲ ਪ੍ਰਮਾਣਿਤ ਕਰ ਦਿੱਤੀ ਹੈ ਕਿ ਕੁੜੀਆਂ ਅਸਲ ਵਿਚ ਹੀ ਘਰ ਦੀ ਸ਼ਾਨ ਹੁੰਦੀਆਂ ਹਨ।
ਪੜ੍ਹੋ ਇਹ ਅਹਿਮ ਖਬਰ- ਗੁਰੂ ਨਾਨਕ ਸਾਹਿਬ ਦੀ 551ਵੀਂ ਜਯੰਤੀ ਮੌਕੇ ਪਾਕਿ ਨੇ ਭਾਰਤੀ ਸਿੱਖ ਸ਼ਰਧਾਲੂਆਂ ਨੂੰ ਦਿੱਤਾ ਸੱਦਾ
ਰਮਨਦੀਪ ਕੌਰ ਦੀ ਇਹ ਕਾਮਯਾਬੀ ਇੱਕ ਰਿਕਾਰਡ ਹੈ।ਇਸ ਪੜ੍ਹਾਈ ਵਿੱਚ ਰਮਨਦੀਪ ਕੌਰ ਦੇ ਭਰਾ ਅਮਨਦੀਪ ਸਿੰਘ ਨੇ ਵੀ ਚੌਥਾ ਸਥਾਨ ਹਾਸਲ ਕੀਤਾ ਹੈ।ਰਮਨਦੀਪ ਕੌਰ ਤੇ ਅਮਨਦੀਪ ਸਿੰਘ ਦੀ ਇਸ ਮਿਹਨਤ ਨੂੰ ਦੇਖ ਭਾਰਤੀਆਂ ਦੇ ਨਾਲ ਇਟਾਲੀਅਨ ਮਾਪੇ ਅਤੇ ਅਧਿਆਪਕ ਵੀ ਹੈਰਾਨ ਹਨ ਕਿ ਇਹਨਾਂ ਬੱਚਿਆਂ ਨੇ ਕਿੰਨੀ ਮਿਹਨਤ ਅਤੇ ਲਗਨ ਨਾਲ ਇਸ ਮੁਕਾਮ ਨੂੰ ਹਾਸਲ ਕੀਤਾ ਹੈ।ਇਹਨਾਂ ਦੋਹਾਂ ਬੱਚਿਆਂ ਦੇ ਇਸ ਸ਼ਲਾਘਾਯੋਗ ਉੱਦਮ ਨਾਲ ਮਾਪਿਆਂ ਦੇ ਨਾਲ-ਨਾਲ ਭਾਰਤੀ ਭਾਈਚਾਰੇ ਦੀ ਵੀ ਇਟਾਲੀਅਨ ਅਤੇ ਹੋਰ ਦੇਸ਼ਾਂ ਦੇ ਨਾਗਰਿਕਾਂ ਵਿੱਚ ਬੱਲੇ-ਬੱਲੇ ਹੋਈ ਹੈ।ਸਮੁੱਚੇ ਭਾਰਤੀ ਭਾਈਚਾਰੇ ਨੇ ਇਸ ਕਾਮਯਾਬੀ ਲਈ ਰਮਨਦੀਪ ਕੌਰ, ਅਮਨਦੀਪ ਸਿੰਘ ਅਤੇ ਉਸ ਦੇ ਮਾਪਿਆਂ ਨੂੰ ਵਿਸ਼ੇਸ਼ ਮੁਬਾਰਕਬਾਦ ਵੀ ਦਿੱਤੀ।ਪਰਮਜੀਤ ਸਿੰਘ ਸ਼ੇਰਗਿੱਲ ਦੇ ਇਹਨਾਂ ਦੋਹਾਂ ਬੱਚਿਆਂ ਤੋਂ ਇਟਲੀ ਦੇ ਹੋਰ ਬੱਚਿਆਂ ਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ ਤਾਂ ਜੋ ਉਹ ਵੀ ਆਪਣੇ ਮਾਪਿਆਂ ਤੇ ਦੇਸ਼ ਲਈ ਮਾਣ ਦਾ ਸਵੱਬ ਬਣ ਸਕਣ।