ਇਟਲੀ : ਚਾਰ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਧਾਰਮਿਕ ਸਮਾਗਮ ਆਯੋਜਿਤ

Friday, Dec 27, 2019 - 11:21 AM (IST)

ਇਟਲੀ : ਚਾਰ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਧਾਰਮਿਕ ਸਮਾਗਮ ਆਯੋਜਿਤ

ਰੋਮ /ਇਟਲੀ (ਕੈਂਥ): ਮਹਾਨ ਸਿੱਖ ਧਰਮ ਦਾ ਇਤਿਹਾਸ ਲਾਸਾਨੀ ਕੁਰਬਾਨੀਆਂ ਨਾਲ ਭਰਿਆ ਪਿਆ ਹੈ ਜਿਸ ਲਈ ਸਮੁੱਚੀ ਸਿੱਖ ਕੌਮ ਸਮੂਹ ਸ਼ਹੀਦਾਂ ਦੀ ਸਦਾ ਹੀ ਰਿਣੀ ਰਹੇਗੀ ।ਦਸੰਬਰ ਮਹੀਨਾ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਰਿਵਾਰ ਦੀ ਸ਼ਹਾਦਤ ਦਾ ਮਹੀਨਾ ਹੈ। ਇਸ ਦੌਰਾਨ ਦੁਨੀਆ ਭਰ ਵਿੱਚ ਸਿੱਖ ਸੰਗਤਾਂ ਵੱਲੋਂ ਸ਼ਹੀਦਾਂ ਦੀ ਯਾਦ ਵਿੱਚ ਸਮਾਗਮ ਕਰਵਾਏ ਜਾਂਦੇ ਹਨ ਤੇ ਇਸ ਲੜੀ ਵਿੱਚ ਮਾਤਾ ਗੁੱਜਰ ਕੌਰ ਜੀ ਤੇ ਚਾਰ ਸਾਹਿਬਜਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਵਿਸ਼ਾਲ ਧਾਰਮਿਕ ਸਮਾਗਮ ਗੁਰਦੁਆਰਾ ਸਿੰਘ ਸਭਾ ਕੋਰਤੇਨੋਵਾ ਜਿਲਾ ਬੈਰਗਾਮੋ ,ਗੁਰਦੁਆਰਾ ਸਿੰਘ ਸਭਾ ਬੋਰਗੋ ਹਰਮਾਦਾ (ਲਾਤੀਨਾ) ਤੇ ਗੁਰਦੁਆਰਾ ਸਿੰਘ ਸਭਾ ਪੁਨਤੀਨੀਆ (ਲਾਤੀਨਾ)ਵਿਖੇ ਕਰਵਾਏ ਗਏ। 

ਗੁਰਦਆਰਾ ਸਿੰਘ ਸਭਾ ਕੌਰਤੇਨੋਵਾ ਵਿਖੇ ਸਜਾਏ ਗਏ ਧਾਰਮਿਕ ਦੀਵਾਨ ਦੌਰਾਨ ਭਾਈ ਮਨਜੀਤ ਸਿੰਘ ਸੱਤ ਸਾਬਕਾ ਹਜੂਰੀ ਰਾਗੀ ਸਿਰੀ ਦਰਬਾਰ ਸਾਹਿਬ ਅਤੇ ਮਾਛੀਵਾੜੇ ਵਾਲਿਆਂ ਦੇ ਕਵੀਸ਼ਰੀ ਜਥੇ ਨੇ ਨਿੱਕੀਆਂ ਜਿੰਦਾਂ ਤੇ ਵੱਡੇ ਸਾਕੇ ਬਾਰੇ ਵਰਨਣ ਵਿਸਥਾਰ ਪੂਰਵਕ ਕੀਤਾ। ਇਸ ਗੁਰਦੁਆਰਾ ਸਾਹਿਬ ਵਿਖੇ ਸਫ਼ਰ-ਏ-ਸ਼ਹਾਦਤ ਸਮਾਗਮ 29 ਦਸੰਬਰ ਤੱਕ ਚੱਲ ਰਹੇ ਹਨ, ਜਿਸ ਵਿੱਚ ਪੰਥ ਦੇ ਕਈ ਪ੍ਰਸਿੱਧ ਰਾਗੀ ਗੁਰੂਚਰਨਾਂ ਵਿੱਚ ਹਾਜ਼ਰੀ ਲੁਆ ਰਹੇ ਹਨ।ਇਸ ਤਰ੍ਹਾਂ ਹੀ ਗੁਰਦੁਆਰਾ ਸਿੰਘ ਸਭਾ ਬੋਰਗੋ ਹਰਮਾਦਾ (ਲਾਤੀਨਾ)ਅਤੇ ਗੁਰਦਆਰਾ ਸਿੰਘ ਸਭਾ ਪੁਨਤੀਨੀਆ (ਲਾਤੀਨਾ)ਵਿਖੇ ਵਿਸ਼ਾਲ ਸ਼ਹੀਦੀ ਸਮਾਗਮ ਹੋਏ। 

PunjabKesari

ਇਸ ਜਿਸ ਵਿੱਚ ਪੰਥ ਦੇ ਪ੍ਰਸਿੱਧ ਢਾਡੀ ਜੱਥੇ ਗਿਆਨੀ ਸੋਹਣ ਸਿੰਘ ਸੇਵਕ ਬਲਾਚੌਰ (ਸ਼ਹੀਦ ਭਗਤ ਸਿੰਘ ਨਗਰ) ਬੀਬੀ ਕਿਰਨਜੀਤ ਕੌਰ, ਬੀਬੀ ਰਿਪੰਦਰ ਕੌਰ (ਲੁਧਿਆਣਾ) ਅਤੇ ਸਾਰੰਗੀ ਮਾਸਟਰ ਬਲਵਿੰਦਰ ਸਿੰਘ ਕਮਲ (ਮਾਛੀਵਾੜਾ ਸਾਹਿਬ) ਹੁਰਾਂ ਨੇ ਆਪਣੀ ਬੁਲੰਦ ਤੇ ਸ਼ਰੀਲੀ ਅਵਾਜ਼ ਵਿੱਚ ਮਹਾਨ ਸਿੱਖ ਧਰਮ ਦੀਆਂ ਲਾਸਾਨੀ ਕੁਰਬਾਨੀਆਂ ਦਾ ਹਾਲ ਢਾਡੀ ਵਾਰਾਂ ਦੁਆਰਾ ਸੰਗਤਾਂ ਦੇ ਸਨਮੁੱਖ ਪੇਸ਼ ਕੀਤਾ। ਇਹਨਾਂ ਸ਼ਹੀਦੀ ਸਮਾਗਮਾਂ ਮੌਕੇ ਇਲਾਕੇ ਭਰ ਦੀਆਂ ਸੰਗਤਾਂ ਨੇ ਬੜੀ ਭਾਰੀ ਗਿਣਤੀ ਵਿੱਚ ਪਹੁੰਚ ਕੇ ਹਾਜ਼ਰੀ ਭਰੀ।ਆਈਆਂ ਸੰਗਤਾਂ ਵਾਸਤੇ ਚਾਹ ਪਾਣੀ ਅਤੇ ਗੁਰੂ ਕਾ ਅਤੁੱਟ ਲੰਗਰ ਵੀ ਵਰਤਾਇਆ ਗਿਆ।
 


author

Vandana

Content Editor

Related News