ਇਟਲੀ : ਕਈ ਮਰਹੂਮ ਭਾਰਤੀਆਂ ਨੂੰ ਜਾਂਦੀ ਵਾਰ ਮਾਪਿਆਂ ਨਾਲ ਮਿਲਾ ਚੁੱਕੀ ਹੈ ''ਹੈਂਡ ਟੂ ਹੈਂਡ'' ਸੰਸਥਾ
Wednesday, Apr 21, 2021 - 03:57 PM (IST)
ਰੋਮ (ਦਲਵੀਰ ਕੈਂਥ): ਪਰਦੇਸ ਕੋਈ ਵੀ ਇਨਸਾਨ ਖੁਸ਼ੀ ਲਈ ਨਹੀ ਆਉਂਦਾ। ਸਗੋਂ ਜਦੋ ਹਾਲਾਤ ਸਾਥ ਨਾ ਦੇਣ ਤਾਂ ਹਾਲਾਤ ਬਦਲਣ ਲਈ ਤੇ ਭੱਵਿਖ ਖੁਸ਼ਹਾਲ ਬਣਾਉਣ ਲਈ ਪਰਦੇਸ ਜਾਣਾ ਹੀ ਇਨਸਾਨ ਦੀ ਜ਼ਿੰਦਗੀ ਦਾ ਸਮਝੌਤਾ ਬਣ ਜਾਂਦਾ ਹੈ ਪਰ ਕਾਲਜਾ ਮੂੰਹ ਨੂੰ ਉਂਦੋ ਆਉਂਦਾ ਹੈ ਜਦੋ ਪਰਦੇਸ ਵਿੱਚ ਹੱਡ-ਭੰਨਣੀ ਮਿਹਨਤ ਕਰਦੀਆਂ ਪ੍ਰਵਾਸੀ ਨੂੰ ਮੌਤ ਆ ਦਬੋਚਦੀ ਹੈ। ਪਰਦੇਸ ਵਿੱਚ ਪ੍ਰਵਾਸੀਆਂ ਦਾ ਮਰਨਾ ਵੀ ਕਿਸੇ ਸਰਾਪ ਤੋਂ ਘੱਟ ਨਹੀ ਹੁੰਦਾ ਕਿਉਂਕਿ ਲਾਸ਼ ਨੂੰ ਪਰਦੇਸ ਤੋਂ ਦੇਸ਼ ਜਾਣ ਲਈ ਕਦੀ ਗੁਣਾ ਵੱਧ ਖ਼ਰਚਾ ਹੁੰਦਾ ਹੈ।
ਪਿਛਲੇ ਸਮੇਂ ਦੌਰਾਨ ਯੂਰਪੀਅਨ ਦੇਸ਼ ਇਟਲੀ ਵਿੱਚ ਕਈ ਭਾਰਤੀ ਨੌਜਵਾਨਾਂ ਦੀ ਬੇਵਕਤੀ ਮੌਤ ਨਾਲ ਮਾਹੌਲ ਜਿੱਥੇ ਗਮਗੀਨ ਰਿਹਾ ਉੱਥੇ ਹਾਲਾਤ ਉਦੋਂ ਚਿੰਤਾਜਨਕ ਬਣ ਜਾਂਦੇ ਸਨ ਜਦੋ ਪੈਸਿਆਂ ਦੀ ਘਾਟ ਕਾਰਨ ਮ੍ਰਿਤਕ ਭਾਰਤੀਆਂ ਦੀ ਲਾਸ਼ ਭਾਰਤ ਭੇਜਣ ਵਿੱਚ ਵੱਡੀ ਮੁਸ਼ਕਿਲ ਆਉਂਦੀ ਸੀ।ਇਟਲੀ ਵਿੱਚ ਅਜਿਹੀਆਂ ਕਈ ਉਦਾਹਰਣਾਂ ਦੇਖਣ ਨੂੰ ਮਿਲੀਆਂ, ਜਿਸ ਵਿੱਚ ਕਿ ਪੈਸੇ ਨਾ ਹੋਣ ਕਾਰਨ ਕਈ-ਕਈ ਮਹੀਨੇ ਬਾਅਦ ਨੌਜਵਾਨਾਂ ਦੀਆਂ ਲਾਸ਼ਾਂ ਭਾਰਤ ਪਹੁੰਚੀਆਂ।ਭਾਵੇਂ ਇਟਲੀ ਵਿੱਚ ਕਈ ਸਮਾਜ਼ ਸੇਵੀ ਸੰਸਥਾਵਾਂ ਬਣੀਆਂ ਹੋਈਆਂ ਹਨ ਪਰ ਉਹਨਾਂ ਵਿਚੋ ਕੁਝ ਹੀ ਸੰਸਥਾਵਾਂ ਅਜਿਹੀਆਂ ਹਨ ਜੋ ਕਿ ਅਜਿਹੇ ਮਰਹੂਮ ਭਾਰਤੀ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਆਪਣੇ ਕੋਲੋਂ ਖਰਚ ਕਰਕੇ ਭਾਰਤ ਭੇਜਦੀਆਂ ਹਨ ਤੇ ਅਜਿਹੀਆਂ ਸੰਸਥਾਵਾਂ ਨੂੰ ਹਰ ਭਾਰਤ ਦੇ ਦਿਲੋਂ ਆਪ ਮੁਹਾਰੇ ਹੀ ਦੁਆਵਾਂ ਨਿਕਲਦੀਆਂ ਹਨ।
ਮਰਹੂਮ ਭਾਰਤੀ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਮਾਪਿਆਂ ਤੱਕ ਪਹੁੰਚਾਉਣ ਦਾ ਪੁੰਨ ਖੱਟਣ ਦੀ ਨਿਰੰਤਰ ਸੇਵਾ ਕਰਦੀਆਂ ਆ ਰਹੀਆਂ ਸੰਸਥਾਵਾਂ ਵਿੱਚ ਇੱਕ ”ਹੈਂਡ ਟੂ ਹੈਂਡ'' (hand2hand) ਸੰਸਥਾ ਹੈ, ਜੋ ਕਿ 2017 ਤੋਂ ਇਟਲੀ ਚ' ਹੋਂਦ ਵਿੱਚ ਆਈ। ਜਿਸ ਨੇ ਇਟਲੀ ਭਰ ਵਿੱਚ ਹੁਣ ਤੱਕ ਅਨੇਕਾਂ ਅਜਿਹੇ ਪਰਿਵਾਰਾਂ ਦੀ ਮਦਦ ਕੀਤੀ, ਜਿਨ੍ਹਾਂ ਦੇ ਜਿਗਰ ਦੇ ਟੋਟਿਆਂ ਦੀ ਇੱਥੇ ਮੌਤ ਹੋ ਗਈ ਸੀ।ਹੈਂਡ ਟੂ ਹੈਂਡ (hand2hand) ਸੰਸਥਾ ਵੱਲੋਂ ਦਿੱਤੀ ਸਹਾਇਤਾ ਰਾਸ਼ੀ ਨਾਲ ਉਨ੍ਹਾਂ ਪਰਿਵਾਰਾਂ ਦੀ ਮਦਦ ਕੀਤੀ ਗਈ ਤੇ ਇਹ ਮਹਾਂ ਸੇਵਾ ਲਗਾਤਾਰ ਜਾਰੀ ਹੈ। ਇਸ ਸੰਸਥਾ ਨੂੰ ਇਟਲੀ ਦੇ ਜ਼ਿਲ੍ਹਾ ਪਾਰਮਾ ਵਿੱਚ ਰਜਿ਼ਸਟਡ ਕਰਵਾਇਆ ਹੋਇਆ ਹੈ।ਹੁਣ ਇਸ ਸੰਸਥਾ ਵੱਲੋਂ ਇੱਕ ਵਿਸ਼ੇਸ ਕੋਡ (c.f.91045490348) ਜਾਰੀ ਕੀਤਾ ਗਿਆ ਹੈ।ਇਸ ਕੋਡ 'ਤੇ ਇਟਲੀ ਰਹਿੰਦਾ ਕੋਈ ਵੀ ਵਿਆਕਤੀ ਇਸ ਸੰਸਥਾ ਨੂੰ ਪਿਛਲੇ ਸਾਲ ਦੇ ਸਰਕਾਰ ਨੂੰ ਦਿੱਤੇ ਹੋਏ ਟੈਕਸ ਵਿਚੋਂ ਦਾਨ ਕਰਕੇ ਮਦਦ ਕਰ ਸਕਦਾ ਹੈ।
ਪੜ੍ਹੋ ਇਹ ਅਹਿਮ ਖਬਰ- ਨੇਪਾਲ ਦੀ ਹਵਾਈ ਯਾਤਰਾ ਕਰਨ ਵਾਲੇ ਭਾਰਤੀ ਨਾਗਰਿਕਾਂ ਨੂੰ ਮਿਲੀ ਇਹ ਸਹੂਲਤ
ਇਸ ਸੰਸਥਾ ਦੇ ਮੈਬਰ ਅਮਨਦੀਪ ਸਿੰਘ, ਰੁਘਬੀਰ ਸਿੰਘ, ਮਨਪ੍ਰੀਤ ਸਿੰਘ, ਭੁਪਿੰਦਰ ਸਿੰਘ, ਗੁਰਮਿੰਦਰ ਸਿੰਘ,ਜਤਿੰਦਰ ਸਿੰਘ, ਗੁਰਜੋਤ ਖੱਖ, ਅਮੀਰ ਖਾਨ, ਕੁਲਵੀਰ ਸਿੰਘ, ਅਵਤਾਰ ਸਿੰਘ, ਗੁਰਪ੍ਰੀਤ ਸਿੰਘ ,ਇੰਦਰਪਾਲ ਸਿੰਘ, ਪਰਮਦੀਪ ਸਿੰਘ ਨੇ ਸਮੂਹ ਭਾਰਤੀਆਂ ਨੂੰ ਅਪੀਲ ਕੀਤੀ ਕਿ ਉਹ ਸਾਡਾ ਸਹਿਯੋਗ ਕਰਨ ਤਾਂ ਕਿ ਇਟਲੀ ਵਿੱਚ ਕਿਸੇ ਵੀ ਭਾਰਤੀ ਦੀ ਮੌਤ ਹੋਣ 'ਤੇ ਸੰਸਕਾਰ ਇੱਥੇ ਕੀਤਾ ਜਾ ਸਕੇ ਅਤੇ ਬੇਸਹਾਰਿਆਂ ਦਾ ਸਹਾਰਾ ਬਣ ਸਕੀਏ।ਕਿਸੇ ਵੀ ਮਰਹੂਮ ਭਾਰਤੀ ਦੀ ਲਾਸ਼ ਦਾ ਅੰਤਿਮ ਕਿਰਿਆ-ਕਰਮ ਪੈਸੇ ਦੀ ਘਾਟ ਕਾਰਨ ਨਾ ਰੁੱਕੇ।ਹੈਂਡ ਟੂ ਹੈਂਡ ਅਜਿਹੀ ਸੰਸਥਾ ਹੈ ਜਿਹੜੀ ਕਿ ਮਰੇ ਹੋਏ ਭਾਰਤੀਆਂ ਨਾਲ ਵੀ ਸਾਥ ਨਿਭਾ ਰਹੀ ਹੈ ਨਹੀਂ ਤਾਂ ਇੱਥੇ ਅਜਿਹੇ ਲੋਕ ਵੀ ਹਨ ਜਿਹੜੇ ਜਿਉਂਦੇ ਇਨਸਾਨ ਦੀ ਮਦਦ ਕਰਨ ਲਈ ਵੀ ਪਹਿਲਾਂ ਆਪਣਾ ਮੁਨਾਫ਼ਾ ਸੋਚਦੇ ਹਨ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।