ਇਟਲੀ: ਗੁਰਦੁਆਰਾ ਸ਼੍ਰੀ ਗੁਰੁ ਹਰਿਗੋਬਿੰਦ ਸਾਹਿਬ ਜੀ ਦੇ ਮੁੱਖ ਸੇਵਾਦਾਰ ਦੀ ਚੋਣ ਸਰਬਸੰਮਤੀ ਨਾਲ ਸੰਪੰਨ
Tuesday, Feb 18, 2025 - 04:09 PM (IST)

ਮਿਲਾਨ/ਇਟਲੀ (ਸਾਬੀ ਚੀਨੀਆ)- ਇਟਲੀ ਦੇ ਜ਼ਿਲ੍ਹਾ ਬਰੇਸ਼ੀਆ ਵਿੱਚ ਸਥਿਤ ਗੁਰਦੁਆਰਾ ਸ਼੍ਰੀ ਗੁਰੁ ਹਰਿਗੋਬਿੰਦ ਸਾਹਿਬ ਜੀ (ਲੇਨੋ) ਦੇ ਪ੍ਰਬੰਧਕੀ ਢਾਂਚੇ ਦੀ ਨਵੇਂ ਸਿਰੇ ਤੋਂ ਸਰਬ ਸੰਮਤੀ ਨਾਲ ਚੋਣ ਕਰਦਿਆਂ ਭਾਈ ਕਰਮਜੀਤ ਸਿੰਘ ਨੂੰ ਅਗਲੇ 2 ਸਾਲ ਲਈ ਮੁੱਖ ਸੇਵਾਦਾਰ ਲਈ ਚੁਣਿਆ ਗਿਆ ਹੈ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਮੁੱਖ ਸੇਵਾਦਾਰ ਲਈ ਹਰ 2 ਸਾਲ ਬਾਅਦ ਸਰਬਸੰਮਤੀ ਨਾਲ ਚੋਣ ਕੀਤੀ ਜਾਂਦੀ ਹੈ। ਇਸ ਮੌਕੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਕਰਮਜੀਤ ਸਿੰਘ ਨੂੰ ਸਿਰੋਪਾ ਭੇਂਟ ਕੀਤਾ।
ਪ੍ਰੈੱਸ ਨਾਲ ਗੱਲਬਾਤ ਕਰਦਿਆਂ ਗੁਰਦੁਆਰਾ ਸਾਹਿਬ ਦੇ ਨਵੇਂ ਬਣੇ ਸੇਵਾਦਾਰ ਸ. ਕਰਮਜੀਤ ਨੇ ਕਿਹਾ ਕਿ ਸੰਗਤਾਂ ਅਤੇ ਪ੍ਰਬੰਧਕਾਂ ਨੇ ਜਿਸ ਉਮੀਦ ਨਾਲ ਉਨ੍ਹਾਂ ਨੂੰ ਸੇਵਾ ਸੌਂਪੀ ਹੈ, ਉਹ ਪੂਰੀ ਤਨਦੇਹੀ ਨਾਲ ਜ਼ਿੰਮੇਵਾਰੀ ਨੂੰ ਨਿਭਾਉਣ ਦਾ ਹਰ ਸਫਲ ਯਤਨ ਕਰਨਗੇ। ਉਹਨਾਂ ਇਹ ਵੀ ਕਿਹਾ ਕਿ ਭਾਈ ਦਵਿੰਦਰ ਸਿੰਘ ਲੈਨੋ ਦੇ ਨਾਲ ਰਣਜੀਤ ਸਿੰਘ ਧਾਮੀ ਗੋਤੋਲੈਂਗੋ ਵੀ ਸਟੇਜ ਸਕੱਤਰ ਦੀ ਜਿੰਮੇਵਾਰੀ ਨਿਭਾਉਣਗੇ। ਦੱਸਣਯੋਗ ਹੈ ਕਿ ਭਾਈ ਕਰਮਜੀਤ ਸਿੰਘ ਪਿੰਡ ਬੂਰੇਜੱਟਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਜੰਮ ਪਲ ਹਨ। ਤਕਰੀਬਨ 15 ਸਾਲ ਪਹਿਲਾਂ ਇਟਲੀ ਪਹੁੰਚੇ ਸ. ਕਰਮਜੀਤ ਪਿਛਲੇ ਲੰਬੇ ਸਮੇਂ ਤੋਂ ਗੁਰਦੁਆਰਾ ਸਾਹਿਬ ਲੇਨੋ ਦੀ ਪ੍ਰਬੰਧਕ ਕਮੇਟੀ ਨਾਲ ਮਿਲ ਕੇ ਸੇਵਾਵਾਂ ਨਿਭਾ ਰਹੇ ਹਨ।