ਇਟਲੀ ''ਚ ਕੋਰੋਨਾਵਾਇਰਸ ਦੀ ਐਂਟਰੀ, ਚੀਨ ਆਉਣ-ਜਾਣ ਲਈ ਉਡਾਣਾਂ ਕੀਤੀਆਂ ਰੱਦ

Friday, Jan 31, 2020 - 10:53 AM (IST)

ਇਟਲੀ ''ਚ ਕੋਰੋਨਾਵਾਇਰਸ ਦੀ ਐਂਟਰੀ, ਚੀਨ ਆਉਣ-ਜਾਣ ਲਈ ਉਡਾਣਾਂ ਕੀਤੀਆਂ ਰੱਦ

ਰੋਮ/ਇਟਲੀ (ਕੈਂਥ): ਕੋਰੋਨਾਵਾਇਰਸ ਨੇ ਪੂਰੀ ਦੁਨੀਆ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ ਹੈ ਕਿਉਂਕਿ ਛੂਤ ਦੀ ਇਸ ਬੀਮਾਰੀ ਨਾਲ ਚੰਦ ਦਿਨਾਂ ਵਿੱਚ ਹੀ ਹੁਣ ਤੱਕ 213 ਲੋਕਾਂ ਦੀ ਮੌਤ ਹੋ ਚੁੱਕੀ ਹੈ।ਦੁਨੀਆ ਭਰ ਦੇ ਦੇਸ਼ ਇਸ ਬੀਮਾਰੀ ਤੋਂ ਬੱਚਣ ਲਈ ਪੂਰੀ ਤਰ੍ਹਾਂ ਚੌਕੰਨੇ ਹੋਕੇ ਕੰਮ ਕਰ ਰਹੇ ਹਨ।ਯੂਰਪੀਅਨ ਦੇਸ਼ ਵੀ ਪੂਰੀ ਤਰ੍ਹਾਂ ਕੋਰੋਨਾਵਾਇਰਸ ਤੋਂ ਬੱਚਣ ਲਈ ਅੱਡੀਆਂ ਭਾਰ ਖੜ੍ਹੇ ਦਿਖਾਈ ਦੇ ਰਹੇ ਹਨ।ਬੇਸ਼ੱਕ ਇਟਲੀ ਸਰਕਾਰ ਨੇ ਏਅਰਪੋਰਟਾਂ ਉਪੱਰ ਵਿਸ਼ੇਸ਼ ਜਾਂਚ ਮਸ਼ੀਨਾਂ ਲਗਾ ਦਿੱਤੀਆਂ ਪਰ ਇਸ ਦੇ ਬਾਵਜੂਦ ਕੋਰੋਨਾਵਾਇਰਸ ਇਟਲੀ ਵਿੱਚ ਪਹੁੰਚ ਹੀ ਗਿਆ।

ਇਟਲੀ ਵਿੱਚ ਕੋਰੋਨਾਵਾਇਰਸ ਦੇ ਪਹਿਲੇ ਦੋ ਕੇਸ ਦਰਜ ਕੀਤੇ ਗਏ ਹਨ।ਇਸ ਗੱਲ ਦਾ ਖੁਲਾਸਾ ਇਟਲੀ ਦੇ ਪ੍ਰਧਾਨ ਮੰਤਰੀ ਜੁਸੇਪੇ ਕੌਂਤੇ ਨੇ ਆਪਣੀ ਰਿਹਾਇਸ਼ ਪਲਾਸੋ ਕੀਜੀ ਰੋਮ ਵਿਖੇ ਇਟਲੀ ਦੇ ਸਿਹਤ ਮੰਤਰੀ ਰੋਬੇਰਤੋ ਸਪੇਰਾਂਸਾ ਨਾਲ ਮੁਲਾਕਾਤ ਦੌਰਾਨ ਕੀਤਾ।ਪ੍ਰਧਾਨ ਮੰਤਰੀ ਕੌਂਤੇ ਨੇ ਇਸ ਗੱਲ ਦੀ ਘੋਸ਼ਣਾ ਵੀ ਕੀਤੀ ਕਿ ਉਹਨਾਂ ਚੀਨ ਜਾਣ ਅਤੇ ਆਉਣ ਲਈ ਹਵਾਈ ਆਵਾਜਾਈ ਨੂੰ ਬੰਦ ਕਰ ਦਿੱਤਾ ਹੈ।ਕੋਰੋਨਾਵਾਇਰਸ ਦੇ ਬਚਾਅ ਲਈ ਅਜਿਹੀ ਸਾਵਧਾਨੀ ਅਪਨਾਉਣ ਵਾਲਾ ਇਟਲੀ ਪਹਿਲਾ ਦੇਸ਼ ਹੈ।

ਇਟਲੀ ਵਿੱਚ ਜਿਹੜੇ ਪਹਿਲੇ ਦੋ ਕੇਸ ਕੋਰੋਨਾਵਾਇਰਸ ਦੇ ਦਰਜ਼ ਕੀਤੇ ਗਏ ਹਨ ਉਹ ਦੋਵੇਂ ਪਤੀ-ਪਤਨੀ ਚੀਨੀ ਸੈਲਾਨੀ ਹਨ।ਜਿਹਨਾਂ ਦੀ ਉਮਰ 66 ਅਤੇ 67 ਸਾਲ ਹੈ।23 ਜਨਵਰੀ ਨੂੰ ਇਹ ਜੋੜਾ ਮਿਲਾਨ ਦੇ ਮਾਲਪੇਂਸਾ ਏਅਰਪੋਰਟ 'ਤੇ ਉੱਤਰਿਆ ਸੀ ਜਿਹੜਾ ਕਿ ਚੀਨ ਦੇ ਸੂਬੇ ਵੁਹਾਨ ਤੋਂ ਆਇਆ ਸੀ।ਇਸ ਚੀਨੀ ਜੋੜੇ ਨੂੰ ਰੋਮ ਦੇ ਸਪਾਲਾਨਜਾਨੀ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਹੈ ਜਿੱਥੇ ਕਿ ਡਾਕਟਰਾਂ ਮੁਤਾਬਕ ਮਰੀਜ਼ਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।ਇਹ ਚੀਨੀ ਜੋੜਾ ਜਿਹੜੇ ਹੋਟਲ ਪਲਾਤੀਨੋ ਵਿੱਚ ਰੁੱਕਿਆ ਸੀ ਉਸ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ।ਇਹ ਜੋੜਾ ਜਿਹੜਾ ਕਿ ਇਟਲੀ ਘੁੰਮਣ ਆਈ ਇੱਕ ਸੈਲਾਨੀ ਪਾਰਟੀ ਦਾ ਹਿੱਸਾ ਹੈ ਸਿਰਫ਼ ਇਹੀ ਵੁਹਾਨ ਤੋਂ ਆਇਆ ਸੀ।


author

Vandana

Content Editor

Related News