ਪੰਜਾਬ ''ਚ ਮੌਨਸੂਨ ਦੀ ਐਂਟਰੀ ਬਾਰੇ ਨਵੀਂ ਅਪਡੇਟ! ਤਪਦੀ ਗਰਮੀ ਤੋਂ ਰਾਹਤ ਦਿਵਾਏਗਾ ਮੀਂਹ

Monday, Jun 29, 2026 - 03:44 PM (IST)

ਪੰਜਾਬ ''ਚ ਮੌਨਸੂਨ ਦੀ ਐਂਟਰੀ ਬਾਰੇ ਨਵੀਂ ਅਪਡੇਟ! ਤਪਦੀ ਗਰਮੀ ਤੋਂ ਰਾਹਤ ਦਿਵਾਏਗਾ ਮੀਂਹ

ਚੰਡੀਗੜ੍ਹ: ਪੰਜਾਬ ਵਿਚ ਪਿਛਲੇ ਕੁਝ ਦਿਨਾਂ ਤੋਂ ਹੁੰਮਸ ਭਰੀ ਗਰਮੀ ਨੇ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨ ਕੀਤਾ ਹੋਇਆ ਹੈ। ਲੋਕ ਗਰਮੀ ਤੋਂ ਰਾਹਤ ਲਈ ਮੌਨਸੂਨ ਦੀ ਉਡੀਕ ਵਿਚ ਹਨ, ਜੋ ਇਸ ਵਾਰ ਆਪਣੇ ਨਿਰਧਾਰਤ ਸਮੇਂ ਤੋਂ ਲੇਟ ਹੋ ਚੁੱਕਿਆ ਹੈ। ਹੁਣ ਪੰਜਾਬ ਵਿਚ ਮੌਨਸੂਨ ਦੀ ਐਂਟਰੀ ਬਾਰੇ ਨਵੀਂ ਅਪਡੇਟ ਸਾਹਮਣੇ ਆਈ ਹੈ। ਮੌਸਮ ਵਿਭਾਗ ਅਨੁਸਾਰ, ਜੁਲਾਈ ਮਹੀਨੇ ਦੇ ਪਹਿਲੇ ਹਫ਼ਤੇ ਪੰਜਾਬ ਵਿਚ ਮੌਨਸੂਨ ਦੀ ਐਂਟਰੀ ਹੋ ਸਕਦੀ ਹੈ। ਵਿਭਾਗ ਅਨੁਸਾਰ, ਅਗਲੇ 2 ਤੋਂ 3 ਦਿਨਾਂ ਦੇ ਅੰਦਰ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਕੁਝ ਹਿੱਸਿਆਂ ਵਿਚ ਮੌਨਸੂਨ ਦੇ ਦਸਤਕ ਦੇਣ ਲਈ ਹਾਲਾਤ ਪੂਰੀ ਤਰ੍ਹਾਂ ਅਨੁਕੂਲ ਬਣ ਚੁੱਕੇ ਹਨ। 

ਵਿਭਾਗ ਦੀ ਭਵਿੱਖਬਾਣੀ ਮੁਤਾਬਕ, ਅਗਲੇ 48 ਘੰਟਿਆਂ ਵਿਚ ਮੌਸਮ ਬਦਲਣ ਦੀ ਸੰਭਾਵਨਾ ਹੈ, ਜਿਸ ਨਾਲ ਲੋਕਾਂ ਨੂੰ ਲੂ ਤੋਂ ਰਾਹਤ ਮਿਲੇਗੀ। ਮੌਨਸੂਨ ਤੋਂ ਪਹਿਲਾਂ ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ ਪੰਜਾਬ ਦੇ ਕੁਝ ਇਲਾਕਿਆਂ ਵਿਚ ਹਲਕੀ ਬਾਰਿਸ਼ ਹੋ ਸਕਦੀ ਹੈ। ਜੁਲਾਈ ਮਹੀਨੇ ਦੇ ਸ਼ੁਰੂਆਤੀ ਦਿਨਾਂ ਦੌਰਾਨ ਸੂਬੇ ਵਿਚ ਕਈ ਥਾਈਂ 40-50 ਕਿੱਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਅਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। 

ਜ਼ਿਕਰਯੋਗ ਹੈ ਕਿ ਆਮ ਤੌਰ 'ਤੇ ਪੰਜਾਬ ਵਿਚ ਮੌਨਸੂਨ ਦੀ ਐਂਟਰੀ ਦਾ ਸਮਾਂ 24 ਜੂਨ ਮੰਨਿਆ ਜਾ ਰਿਹਾ ਹੈ, ਜੋ ਇਸ ਸਾਲ ਥੋੜ੍ਹੇ ਦਿਨ ਪੱਛੜ ਗਿਆ ਹੈ। ਇਸ ਦੇ ਲੇਟ ਹੋਣ ਦੇ ਮੁੱਖ ਕਾਰਨ ਪ੍ਰਸ਼ਾਂਤ ਮਹਾਂਸਾਗਰ ਵਿਚ ਐਲ ਨੀਨੋ ਪ੍ਰਭਾਵ, ਉੱਤਰ-ਪੱਛਮੀ ਹਵਾਵਾਂ ਅਤੇ ਵਾਰ-ਵਾਰ ਆ ਰਹੀਆਂ ਪੱਛਮੀ ਗੜਬੜੀਆਂ ਹਨ। ਮਾਹਰਾਂ ਦਾ ਮੰਨਣਾ ਹੈ ਕਿ ਜਿਵੇਂ ਹੀ ਬਾਰਿਸ਼ ਦਾ ਇਹ ਦੌਰ ਸ਼ੁਰੂ ਹੋਵੇਗਾ, ਤਾਪਮਾਨ ਵਿਚ 4 ਤੋਂ 6 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦਰਜ ਕੀਤੀ ਜਾਵੇਗੀ, ਜੋ ਲੋਕਾਂ ਨੂੰ ਭਿਆਨਕ ਗਰਮੀ ਤੋਂ ਵੱਡੀ ਰਾਹਤ ਦੇਵੇਗੀ।


author

Anmol Tagra

Content Editor

Related News