ਇਟਲੀ ''ਚ ਕੋਰੋਨਾ ਦਾ ਕਹਿਰ, 9172 ਲੋਕ ਲੜ ਰਹੇ ਨੇ ਜ਼ਿੰਦਗੀ ਤੇ ਮੌਤ ਦੀ ਲੜਾਈ
Tuesday, Mar 10, 2020 - 12:37 PM (IST)
ਰੋਮ (ਕੈਂਥ): ਕੁਦਰਤੀ ਕਹਿਰ ਕੋਰੋਨਾਵਾਇਰਸ ਪੂਰੀ ਦੁਨੀਆ ਲਈ ਜਾਨਲੇਵਾ ਬਣਦਾ ਜਾ ਰਿਹਾ ਹੈ ।ਇਸ ਨਾਮੁਰਾਦ ਬਿਮਾਰੀ ਕਾਰਨ ਹਜ਼ਾਰਾਂ ਲੋਕ ਬੇਵਕਤੀ ਮੌਤ ਸੌਂ ਚੁੱਕੇ ਹਨ ਤੇ ਸੈਂਕੜੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ। ਚੀਨ ਤੋਂ ਬਾਅਦ ਜੇਕਰ ਕੋਈ ਦੇਸ਼ ਇਸ ਸਮੇਂ ਇਸ ਵਾਇਰਸ ਦੀ ਦਹਿਸ਼ਤ ਵਿੱਚ ਜਿਉਣ ਲਈ ਮਜ਼ਬੂਰ ਹੈ ਤਾਂ ਉਹ ਹੈ ਯੂਰਪੀਅਨ ਦੇਸ਼ ਇਟਲੀ। ਜਿੱਥੇ ਕਿ ਨਿਰੰਤਰ ਕੋਰੋਨਾਵਾਇਰਸ ਆਪਣੇ ਪੰਜੇ ਵਿੱਚ ਲੋਕਾਂ ਨੂੰ ਜਕੜਦਾ ਹੀ ਜਾ ਰਿਹਾ ਹੈ।
ਇਟਲੀ ਸਰਕਾਰ ਨੇ ਇਸ ਕੁਦਰਤੀ ਮੁਸੀਬਤ ਤੋਂ ਬੱਚਣ ਲਈ ਜਿੱਥੇ ਦੇਸ਼ ਦੇ ਕਈ ਸੂਬੇ ਪੂਰੀ ਤਰ੍ਹਾਂ ਸੀਲ ਕਰ ਦਿੱਤੇ ਹਨ ਉੱਥੇ ਹੀ ਪ੍ਰਧਾਨ ਮੰਤਰੀ ਜੋਸੇਪੇ ਕੌਂਤੇ ਨੇ ਅੱਜ ਤੋਂ ਇਟਲੀ ਭਰ ਵਿੱਚ 3 ਅਪ੍ਰੈਲ 2020 ਤੱਕ 'ਰੈੱਡ ਐਲਰਟ' ਜਾਰੀ ਕਰ ਦਿੱਤਾ ਹੈ ਅਤੇ ਦੇਸ਼ ਵਾਸੀਆਂ ਨੂੰ ਇਸ ਨਾਮੁਰਾਦ ਬਿਮਾਰੀ ਵਿਰੁੱਧ ਲੜਾਈ ਲੜਨ ਵਿੱਚ ਸਾਥ ਦੇਣ ਦੀ ਅਪੀਲ ਕੀਤੀ ਹੈ।ਕੋਰੋਨਾਵਾਇਰਸ ਛੂਤ ਦੀ ਬਿਮਾਰੀ ਹੋਣ ਕਾਰਨ ਬਹੁਤ ਅਸਾਨੀ ਨਾਲ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਹੈ।ਚੀਨ ਦੇ ਵੂਹਾਨ ਤੋਂ ਪੈਦਾ ਹੋਇਆ ਕੋਰੋਨਾਵਾਇਰਸ ਲਗਾਤਾਰ ਦੁਨੀਆ ਵਿੱਚ ਦਹਿਸ਼ਤ ਫੈਲਾਉਂਦਾ ਹੀ ਜਾ ਰਿਹਾ ਹੈ।
ਪੜ੍ਹੋ ਇਹ ਅਹਿਮ ਖਬਰ- ਕੋਵਿਡ 19 : ਕੈਨੇਡਾ 'ਚ ਪਹਿਲੀ ਮੌਤ, ਦੁਨੀਆ ਭਰ 'ਚ ਮ੍ਰਿਤਕਾਂ ਦੀ ਗਿਣਤੀ 4,000 ਦੇ ਪਾਰ
ਇਟਲੀ ਵਿੱਚ ਇਸ ਸਮੇਂ 9,172 ਲੋਕ ਕੋਰੋਨਾਵਾਇਰਸ ਦੇ ਜਾਲ ਵਿੱਚ ਫਸੇ ਹੋਏ ਹਨ, ਜਿਹਨਾਂ ਵਿੱਚੋਂ 733 ਲੋਕ ਗੰਭੀਰ ਦੱਸੇ ਜਾ ਰਹੇ ਹਨ ਜਦੋਂ ਕਿ 463 ਲੋਕਾਂ ਨੂੰ ਕੋਰੋਨਾਵਾਇਰਸ ਯਮਦੂਤ ਬਣ ਮਾਰ ਚੁੱਕਾ ਹੈ।ਪਿਛਲੇ 24 ਘੰਟਿਆਂ ਵਿੱਚ ਇਸ ਬਿਮਾਰੀ ਨੇ 1,598 ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ ਜਦੋਂ ਕਿ ਇੱਕ ਦਿਨ ਵਿੱਚ 97 ਲੋਕ ਮੌਤ ਦੀ ਨੀਂਦ ਸੌਂ ਚੁੱਕੇ ਹਨ।ਇਟਲੀ ਵਿੱਚ ਇਸ ਬਿਮਾਰੀ ਨਾਲ ਇੱਕ ਭਾਰਤੀ ਵੀ ਗ੍ਰਸਤ ਹੈ ਪਰ ਉਸ ਸੰਬੰਧੀ ਹੁਣ ਤੱਕ ਪ੍ਰਸ਼ਾਸ਼ਨ ਵੱਲੋਂ ਕੋਈ ਪੂਰੀ ਜਾਣਕਾਰੀ ਨਸ਼ਰ ਨਹੀਂ ਕੀਤੀ ਗਈ।ਕੋਰੋਨਾਵਾਇਰਸ ਦੀ ਦਹਿਸ਼ਤ ਕਾਰਨ ਲੋਕਾਂ ਅੰਦਰ ਬਹੁਤ ਹੀ ਜ਼ਿਆਦਾ ਖੌਫ਼ ਦੇਖਿਆ ਜਾ ਰਿਹਾ ਹੈ ਜਿਸ ਤੋਂ ਬਚਣ ਲਈ ਕਈ ਭਾਰਤੀ ਲੋਕ ਤਾਂ ਭਾਰਤ ਵੱਲ ਕੂਚ ਕਰ ਰਹੇ ਹਨ ਪਰ ਜਿਹੜੇ ਸੂਬੇ ਇਟਲੀ ਸਰਕਾਰ ਨੇ ਸੀਲ ਕਰ ਦਿੱਤੇ ਹਨ ਉੱਥੋਂ ਨਾ ਕੋਈ ਵਿਅਕਤੀ ਬਾਹਰ ਜਾ ਸਕਦਾ ਹੈ ਅਤੇ ਨਾ ਹੀ ਕੋਈ ਅੰਦਰ ਆ ਸਕਦਾ ਹੈ।
ਸੂਬਿਆਂ ਨੂੰ ਚਾਰੇ ਪਾਸਿਆਂ ਤੋਂ ਪੁਲਸ ਨੇ ਆਪਣੀ ਨਿਗਰਾਨੀ ਵਿੱਚ ਰੱਖਿਆ ਹੋਇਆ ਹੈ।ਰਾਜਧਾਨੀ ਰੋਮ ਵਿੱਚ ਹੁਣ ਤੱਕ ਇਸ ਬਿਮਾਰੀ ਦਾ ਅਸਰ ਘੱਟ ਦੇਖਿਆ ਗਿਆ ਪਰ ਲੋਕ ਇਸ ਬਿਮਾਰੀ ਤੋਂ ਬੱਚਣ ਲਈ ਬਹੁਤ ਘੱਟ ਬਾਹਰ ਜਾ ਰਹੇ ਹਨ। ਜਿਹੜੇ ਲੋਕ ਕੰਮਾਂ ਕਾਰਾਂ ਵਾਲੇ ਹਨ ਉਹੀ ਮਜਬੂਰੀ ਵਿੱਚ ਘਰੋਂ ਬਾਹਰ ਨਿਕਲ ਰਹੇ ਹਨ।ਕੋਰੋਨਾਵਾਇਰਸ ਇਟਲੀ ਨੂੰ ਦੋਹਰੀ ਮਾਰ ਝੱਲਣ ਲਈ ਬੇਵੱਸ ਤੇ ਲਾਚਾਰ ਕਰ ਰਿਹਾ ਹੈ। ਇੱਕ ਪਾਸੇ ਲੋਕਾਂ ਨੂੰ ਦਰਦਨਾਕ ਮੌਤ ਦੇ ਰਿਹਾ ਹੈ ਦੂਜੇ ਪਾਸੇ ਇਟਲੀ ਦੀ ਆਰਥਿਕਤਾ ਨੂੰ ਵੀ ਵੱਡੇ ਪਧੱਰ 'ਤੇ ਪ੍ਰਭਾਵਿਤ ਕਰ ਰਿਹਾ ਹੈ।ਲੋਕ ਸਸਤੇ ਸਮਾਨ ਨੂੰ ਮਹਿੰਗੇ ਭਾਅ ਲੈਣ ਲਈ ਮਜਬੂਰ ਹਨ ਕਿਉਂਕਿ ਮਾਰਕਿਟਾਂ ਵਿੱਚ ਖਾਣ-ਪੀਣ ਵਾਲੇ ਸਮਾਨ ਦੀ ਕਿਲੱਤ ਆ ਰਹੀ ਹੈ।ਜੇਕਰ ਕੋਰੋਨਾਵਾਇਰਸ ਦਾ ਕਹਿਰ ਇਟਲੀ ਵਿੱਚ ਇੰਝ ਹੀ ਰਿਹਾ ਤਾਂ ਇਸ ਦੇ ਨਤੀਜੇ ਬਹੁਤ ਘਾਤਕ ਸਿੱਧ ਹੋ ਸਕਦੇ ਹਨ।