ਇਟਲੀ : ਜਲਵਾਯੂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਹਜ਼ਾਰਾਂ ਨੌਜਵਾਨ ਸੜਕਾਂ ’ਤੇ ਉਤਰੇ

Saturday, Sep 25, 2021 - 04:05 PM (IST)

ਇਟਲੀ : ਜਲਵਾਯੂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਹਜ਼ਾਰਾਂ ਨੌਜਵਾਨ ਸੜਕਾਂ ’ਤੇ ਉਤਰੇ

ਰੋਮ (ਕੈਂਥ)-ਪ੍ਰਦੂਸ਼ਿਤ ਵਾਤਾਵਰਣ ਹਰ ਦੇਸ਼ ਦੇ ਵਰਤਮਾਨ ਤੇ ਭੱਵਿਖ ਲਈ ਖਤਰਾ ਹੈ, ਜਿਸ ਪ੍ਰਤੀ ਜੇਕਰ ਇਨਸਾਨ ਜਾਗਰੂਕ ਨਾ ਹੋਇਆ ਤਾਂ ਹਰਜਾਨਾ ਸਭ ਨੂੰ ਭੁਗਤਣਾ ਪਵੇਗਾ । ਜਲਵਾਯੂ ਨੂੰ ਸ਼ੁੱਧ ਕਰਨ ਲਈ ਦੁਨੀਆ ਭਰ ’ਚ ਅਨੇਕਾਂ ਸੰਸਥਾਵਾਂ ਵੱਡੇ ਪੱਧਰ ’ਤੇ ਕੰਮ ਕਰ ਰਹੀਆਂ ਹਨ ਤੇ ਇਸ ਲੜੀ ’ਚ ਰਾਜਧਾਨੀ ਰੋਮ ’ਚ ਵੀ ਪਹਿਲੀ ਵਾਰ ਸੰਗਠਿਤ ਹੋ ਦੇਸ਼ ਦੇ 70 ਸ਼ਹਿਰਾਂ ਤੋਂ ਕਰੀਬ 5000 ਨੌਜਵਾਨ ਕੁੜੀਆਂ-ਮੁੰਡਿਆਂ ਨੇ ਜਲਵਾਯੂ ਨੂੰ ਸ਼ੁੱਧ ਕਰਨ ਲਈ ਲੋਕਾਂ ਨੂੰ ਜਾਗਰੂਕ ਕਰਨ ਹਿੱਤ ਵਿਸ਼ੇਸ਼ ਮੁਜ਼ਾਹਰਾ ਕੀਤਾ। ਇਸ ਦੌਰਾਨ ਨੌਜਵਾਨਾਂ ਨੇ ‘ਸਿਸਟਮ ਨੂੰ ਬਦਲੋ ਨਾ ਕਿ ਜਲਵਾਯੂ ਨੂੰ’’  ਦੇ ਨਾਅਰੇ ਲਗਾਏ ।

PunjabKesari

ਰੋਮ ਸ਼ਹਿਰ ਦੀਆਂ ਸੜਕਾਂ ਉੱਪਰ ਹਜ਼ਾਰਾਂ ਦੀ ਗਿਣਤੀ ’ਚ ਲਾਮਬੰਦ ਹੋਏ ਇਨ੍ਹਾਂ ਨੌਜਵਾਨਾਂ ਨੇ ਦਰੱਖ਼ਤ ਕੱਟਣ ਅਤੇ ਜਲਵਾਯੂ ਨੂੰ ਅਸ਼ੁੱਧ ਕਰ ਰਹੇ ਕੰਮਾਂ ਨੂੰ ਤੁਰੰਤ ਬੰਦ ਕਰਨ ਦੀ ਮੰਗ ਕੀਤੀ। ਪ੍ਰਦੂਸ਼ਿਤ ਵਾਤਾਵਰਣ ਤਾਪਮਾਨ ਨੂੰ ਨਿਰੰਤਰ ਗਰਮ ਕਰਦਾ ਜਾ ਰਿਹਾ ਹੈ। ਨੌਜਵਾਨ ਵਰਗ ਨੇ ਇਹ ਵੀ ਕਿਹਾ ਕਿ ਕਾਰੋਬਾਰੀਆਂ ਦੇ ਮੁਨਾਫ਼ੇ ਨਾਲ਼ੋਂ ਉਨ੍ਹਾਂ ਦਾ ਭੱਵਿਖ ਜ਼ਿਆਦਾ ਮੱਹਤਵਪੂਰਨ ਹੈ ।

PunjabKesari

ਪ੍ਰਦੂਸ਼ਿਤ ਵਾਤਾਵਰਣ ਇਨਸਾਨ ਨੂੰ ਅਜਿਹੀਆਂ ਬੀਮਾਰੀਆਂ ਵੰਡ ਰਿਹਾ ਹੈ, ਜਿਹੜੀਆਂ ਉਸ ਦੀ ਮੌਤ ਦਾ ਕਾਰਨ ਬਣ ਰਹੀਆਂ ਹਨ। ਜੇਕਰ ਦੇਸ਼ਵਾਸੀ ਚਾਹੁੰਦੇ ਹਨ ਕਿ ਇਟਲੀ ਦਾ ਅੱਜ ਤੇ ਕੱਲ ਬਿਹਤਰ ਹੋਵੇ ਤਾਂ ਸਭ ਨੂੰ ਜਲਵਾਯੂ ਨੂੰ ਸ਼ੁੱਧ ਕਰਨ ਲਈ ਉਪਰਾਲੇ ਕਰਨੇ ਚਾਹੀਦੇ ਹਨ। ਜ਼ਿਕਰਯੋਗ ਹੈ ਕਿ ਜਲਵਾਯੂ ਅਸ਼ੁੱਧ ਦੁਨੀਆ ਭਰ ’ਚ ਹੋ ਰਹੀਆਂ ਬੇਵਕਤੀ ਮੌਤਾਂ ਦੇ ਕਾਰਨਾਂ ’ਚੋਂ ਪ੍ਰਮੁੱਖ ਹੈ । ਹਵਾ, ਜ਼ਮੀਨ ਅਤੇ ਪਾਣੀ ਦਾ ਪ੍ਰਦੂਸ਼ਣ 9 ਮਿਲੀਅਨ ਤੋਂ ਵੀ ਵੱਧ ਅਚਨਚੇਤੀ ਮੌਤਾਂ ਦਾ ਕਾਰਨ ਬਣਦਾ ਹੈ, ਜਿਹੜਾ ਦੁਨੀਆ ਭਰ ’ਚ ਹੋ ਰਹੀਆਂ ਮੌਤਾਂ ਦਾ 16 ਫੀਸਦੀ ਬਣਦਾ ਹੈ। ਇਟਲੀ ’ਚ ਜਲਵਾਯੂ ਦਾ ਪ੍ਰਦੂਸ਼ਣ ਤੇਜ਼ੀ ਨਾਲ ਵਧ ਰਿਹਾ ਹੈ, ਜਿਸ ਨੂੰ ਸ਼ੁੱਧ ਕਰਨ ਲਈ ਸਰਕਾਰ ਵੱਡੇ ਪੱਧਰ ’ਤੇ ਕੰਮ ਕਰ ਰਹੀ ਹੈ ਪਰ ਜਦੋਂ ਤੱਕ ਦੇਸ਼ ਦੇ ਬਾਸ਼ਿੰਦੇ ਇਸ ਕੰਮ ’ਚ ਸਰਕਾਰ ਦਾ ਸਾਥ ਨਹੀਂ ਦਿੰਦੇ, ਉਦੋਂ ਤੱਕ ਕਾਮਯਾਬ ਹੋਣਾ ਔਖਾ ਹੀ ਨਹੀਂ, ਅਸੰਭਵ ਹੈ।
 


author

Manoj

Content Editor

Related News