ਇਟਲੀ : ਫੈਕਟਰੀ ''ਚੋਂ ਕੱਢੇ 60 ਪੰਜਾਬੀ ਕਾਮੇ ਪਿਛਲੇ 96 ਦਿਨਾਂ ਤੋਂ ਧਰਨੇ ''ਤੇ, ਕੀਤੀ ਇਹ ਅਪੀਲ

Monday, Jan 22, 2024 - 06:09 PM (IST)

ਇਟਲੀ : ਫੈਕਟਰੀ ''ਚੋਂ ਕੱਢੇ 60 ਪੰਜਾਬੀ ਕਾਮੇ ਪਿਛਲੇ 96 ਦਿਨਾਂ ਤੋਂ ਧਰਨੇ ''ਤੇ, ਕੀਤੀ ਇਹ ਅਪੀਲ

ਰੋਮ (ਦਲਵੀਰ ਕੈਂਥ): ਕਰੇਮੋਨਾ ਜ਼ਿਲ੍ਹੇ ਦੇ ਕਸਬਾ ਵੇਸਕੋਵਾਤੋ ਵਿਖੇ ਸਥਿਤ ਪ੍ਰੋਸੂਸ ਮੀਟ ਦੀ ਫੈਕਟਰੀ ਵਿੱਚੋਂ 60 ਪੰਜਾਬੀ ਕਾਮਿਆਂ ਨੂੰ ਕੱਢ ਦਿੱਤਾ ਗਿਆ ਸੀ। ਜਿਸ ਦੇ ਰੋਸ ਵਜੋਂ ਉਹ ਕਾਮੇ ਪਿਛਲੇ ਤਕਰੀਬਨ 96 ਦਿਨਾਂ ਤੋਂ ਫੈਕਟਰੀ ਦੇ ਅੰਦਰ ਅਤੇ ਬਾਹਰ ਵਰਦੇ ਮੀਂਹ, ਤੂਫਾਨ ਅਤੇ ਬਰਫ਼ ਵਿੱਚ ਵੀ ਧਰਨੇ 'ਤੇ ਬੈਠੇ ਹੋਏ ਹਨ। ਜਿੱਥੇ ਕਿ ਉਨ੍ਹਾਂ ਦੀ ਸੰਸਥਾ ਯੂ.ਐਸ.ਬੀ ਉਨ੍ਹਾਂ ਦਾ ਕਾਨੂੰਨੀ ਕਾਰਵਾਈ ਵਿੱਚ ਪੂਰਾ ਸਾਥ ਦੇ ਰਹੀ ਹੈ। ਉੱਥੇ ਹੀ ਇਹ ਵੀਰ ਸਮੇਂ-ਸਮੇਂ 'ਤੇ ਆਪਣੇ ਭਾਈਚਾਰੇ ਨੂੰ ਵੀ ਅਪੀਲ ਕਰਦੇ ਰਹਿੰਦੇ ਹਨ ਕਿ ਉਨ੍ਹਾਂ ਨੂੰ ਸਹਿਯੋਗ ਲਈ ਵੱਧ ਤੋਂ ਵੱਧ ਵੇਸਕੋਵਾਤੋ, ਕਰੇਮੋਨਾ ਵਿਖੇ ਸਥਿਤ ਫੈਕਟਰੀ ਵਿੱਚ ਪਹੁੰਚਣ ਤਾਂ ਜੋ ਉਹ ਫੈਕਟਰੀ ਦੇ ਮਾਲਕਾਂ ਨੂੰ ਆਪਣਾ ਇਕੱਠ ਦਿਖਾ ਸਕਣ ਅਤੇ ਉਨ੍ਹਾਂ ਨੂੰ ਆਪਣੇ ਕੰਮਾਂ 'ਤੇ ਵਾਪਸ ਰੱਖਿਆ ਜਾਵੇ। 

PunjabKesari

ਇਨ੍ਹਾਂ ਵੀਰਾਂ ਅਤੇ ਇਨ੍ਹਾਂ ਦੀ ਸੰਸਥਾ ਯੂ.ਐ.ਸਬੀ ਦੇ ਸੱਦੇ 'ਤੇ ਪਹਿਲਾਂ ਵੀ ਭਾਰੀ ਇਕੱਠ ਕੀਤੇ ਜਾ ਚੁੱਕੇ ਹਨ। ਪਿਛਲੇ ਦਿਨੀ ਇਨ੍ਹਾਂ ਵੀਰਾਂ ਵੱਲੋਂ 21 ਜਨਵਰੀ ਐਤਵਾਰ 2024 ਨੂੰ ਇਕੱਠ ਕਰਨ ਦਾ ਸੱਦਾ ਦਿੱਤਾ ਗਿਆ ਸੀ, ਜਿਸ ਵਿੱਚ ਕਿ ਇੱਕ ਇਟਾਲੀਅਨ ਸੰਸਥਾ ਆਰਚੀ ਵੱਲੋਂ ਫੈਕਟਰੀ ਦੇ ਬਾਹਰ ਪਹੁੰਚ ਕੇ ਇਨ੍ਹਾਂ ਵੀਰਾਂ ਵਾਸਤੇ ਦੁਪਹਿਰ ਦਾ ਖਾਣਾ ਤਿਆਰ ਕੀਤਾ ਗਿਆ ਅਤੇ ਇਨ੍ਹਾਂ ਵੱਲੋਂ ਪਿਛਲੇ 96 ਦਿਨਾਂ ਤੋਂ ਦਿੱਤੇ ਜਾ ਰਹੇ ਧਰਨੇ ਵਿੱਚ ਇਹਨਾਂ ਨੂੰ ਹਮਾਇਤ ਦਿੰਦਿਆਂ ਇਕ ਮਿਸਾਲ ਪੈਦਾ ਕੀਤੀ ਗਈ। ਗੁਰਦੁਆਰਾ ਕਲਗੀਧਰ ਸਾਹਿਬ ਤੋਰੇ ਦੀ ਪਿਚਨਾਰਦੀ ਦੀ ਪ੍ਰਬੰਧਕ ਕਮੇਟੀ ਅਤੇ ਸੇਵਾਦਾਰ ਵੀ ਇਸ ਮੌਕੇ ਇਨ੍ਹਾਂ ਵੀਰਾਂ ਦੀ ਹਮਾਇਤ ਲਈ ਪਹੁੰਚੇ। 

ਪੜ੍ਹੋ ਇਹ ਅਹਿਮ ਖ਼ਬਰ-ਹੁਨਰਮੰਦ ਪ੍ਰਵਾਸੀਆਂ ਨੂੰ ਆਸਟ੍ਰੇਲੀਆ ਨੇ ਦਿੱਤਾ ਵੱਡਾ ਝਟਕਾ, ਕੀਤਾ ਇਹ ਐਲਾਨ

ਇਨ੍ਹਾਂ ਤੋਂ ਇਲਾਵਾ ਇਟਲੀ ਦੇ ਵੱਖ-ਵੱਖ ਹਿੱਸਿਆਂ ਤੋਂ ਵੀ ਇਨ੍ਹਾੰ ਵੀਰਾਂ ਦੇ ਸਹਿਯੋਗ ਲਈ ਬੁਲਾਏ ਗਏ ਇਕੱਠ ਵਿੱਚ ਆਦਮੀ, ਔਰਤਾਂ, ਬੱਚੇ, ਬਜ਼ੁਰਗ, ਪੰਜਾਬੀ ਭਾਈਚਾਰਾ ਤੇ ਇਟਾਲੀਅਨ ਭਾਈਚਾਰੇ ਦੇ ਲੋਕਾਂ ਨੇ ਵੀ ਸ਼ਿਰਕਤ ਕੀਤੀ। ਇਨ੍ਹਾਂ ਵੀਰਾਂ ਵੱਲੋਂ ਹਮੇਸ਼ਾ ਹੀ ਬੇਨਤੀ ਕੀਤੀ ਜਾਂਦੀ ਹੈ ਕਿ ਉਨ੍ਹਾਂ ਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਨਹੀਂ ਹੈ‌। ਉਹ ਸਿਰਫ ਸਹਿਯੋਗ ਮੰਗਦੇ ਹਨ ਤਾਂ ਕਿ ਸਭ ਇਕੱਠ ਦੇ ਰੂਪ ਵਿੱਚ ਉਨ੍ਹਾਂ ਕੋਲ ਪਹੁੰਚਣ ਤਾਂ ਜੋ ਇਕੱਠ ਨੂੰ ਵੇਖਦੇ ਹੋਏ ਇਨ੍ਹਾਂ ਨੂੰ ਕੰਮਾਂ 'ਤੇ ਵਾਪਸ ਬੁਲਾਇਆ ਜਾਵੇ। ਇਹ ਵੀਰ ਸਿਰਫ਼ ਤੇ ਸਿਰਫ਼ ਸਹਿਯੋਗ ਦੀ ਮੰਗ ਕਰਦੇ ਹਨ। ਸਾਰੇ ਪੰਜਾਬੀ ਭਾਰਤੀ ਭਾਈਚਾਰੇ ਨੂੰ ਤਾਕੀਦ ਹੈ ਕਿ ਵੱਧ ਤੋਂ ਵੱਧ ਇਨ੍ਹਾਂ ਦੇ ਸਹਿਯੋਗ ਲਈ ਇੱਕ ਵਾਰ ਜਰੂਰ ਵੇਸਕੋਵਾਤੋ ਵਿਖੇ ਪਹੁੰਚੋ। ਅੰਤ ਵਿੱਚ ਇਨ੍ਹਾਂ ਵੀਰਾਂ ਨੇ ਆਰਚੀ ਗਰੁੱਪ, ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਹੋਰ ਵੱਖ-ਵੱਖ ਇਲਾਕਿਆਂ ਤੋਂ ਪਹੁੰਚੇ ਵੀਰਾਂ ਦਾ ਧੰਨਵਾਦ ਕੀਤਾ। 96 ਦਿਨਾਂ ਤੋਂ ਪੰਜਾਬੀ ਵੀਰਾਂ ਦਾ ਸੰਘਰਸ਼ ਅੱਜ ਵੀ ਜਾਰੀ ਹੈ ਪਰ ਫੈਕਟਰੀ ਮਾਲਕ ਪਤਾ ਨਹੀਂ ਕਿਉਂ ਕੁੰਭਕਰਨੀ ਨੀਂਦ ਸੁੱਤਾ ਪਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News