ਇਟਲੀ ਸਿੱਖ ਸੰਗਤ ਨੇ ਖਾਲਸਾ ਏਡ ਦੇ ਮੁਖੀ ਰਵੀ ਸਿੰਘ ਦਾ ਕੀਤਾ ਸਮਰਥਨ

Saturday, Jan 02, 2021 - 04:58 PM (IST)

ਇਟਲੀ ਸਿੱਖ ਸੰਗਤ ਨੇ ਖਾਲਸਾ ਏਡ ਦੇ ਮੁਖੀ ਰਵੀ ਸਿੰਘ ਦਾ ਕੀਤਾ ਸਮਰਥਨ

ਰੋਮ,(ਕੈਂਥ)- ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ਦਾ ਅੱਜ 37ਵਾਂ ਦਿਨ ਹੈ, ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਕੜਾਕੇ ਦੀ ਠੰਡ 'ਚ ਵੀ ਦਿੱਲੀ ਦੀਆਂ ਬਰੂਹਾਂ 'ਤੇ ਡਟੇ ਹੋਏ ਹਨ। ਇਸ ਦੌਰਾਨ ਕਿਸਾਨੀ ਅੰਦੋਲਨ ਨੂੰ ਵੱਖ-ਵੱਖ ਵਰਗਾਂ ਦਾ ਸਹਿਯੋਗ ਵੀ ਮਿਲ ਰਿਹਾ ਹੈ। ਕੜਾਕੇ ਦੀ ਇਸ ਠੰਡ ‘ਚ ਕਿਸਾਨ ਦਿੱਲੀ ਦੇ ਬਾਰਡਰਾਂ ‘ਤੇ ਪ੍ਰਦਰਸ਼ਨ ਕਰ ਰਹੇ ਨੇ,ਅਜਿਹੇ ਵਿੱਚ ਖਾਲਸਾ ਏਡ ਵੀ ਕਿਸਾਨਾਂ ਦੀ ਸੇਵਾ ਲਈ ਉੱਥੇ ਪਹੁੰਚੀ ਹੋਈ ਹੈ।

ਕਿਸਾਨਾਂ ਲਈ ਲੰਗਰ ਤੇ ਰਿਹਾਇਸ਼ ਤੋਂ ਲੈ ਕੇ ਹਰ ਚੀਜ਼ ਜੋ ਕਿਸਾਨਾਂ ਨੂੰ ਚਾਹੀਦੀ ਹੈ, ਉਹ ਖਾਲਸਾ ਏਡ ਵੱਲੋਂ ਮੁੱਹਈਆ ਕਰਵਾਈ ਜਾ ਰਹੀ ਹੈ ਪਰ ਕੁਝ ਮੀਡੀਆ ਵੱਲੋਂ ਇੱਥੇ ਸੇਵਾ ਕਰਨ ਵਾਲੇ ਖਾਲਸਾ ਏਡ ਦੇ ਮੁਖੀ ਰਵੀ ਸਿੰਘ ਨੂੰ ਅੱਤਵਾਦੀ ਕਿਹਾ ਜਾ ਰਿਹਾ ਹੈ। ਇਟਲੀ ਦੇ ਗੁਰਦੁਆਰਾ ਸੰਗਤ ਸਭਾ ਤੈਰਾਨੋਵਾ ਅਰੇਸੋ ਇਟਲੀ ਦੀ ਪ੍ਰਬੰਧਕੀ ਕਮੇਟੀ ਦੁਆਰਾ ਰਵੀ ਸਿੰਘ ਲਈ ਅੱਤਵਾਦੀ ਸ਼ਬਦ ਵਰਤੇ ਜਾਣ ਵਾਲੇ ਮੀਡੀਆ ਨੂੰ ਕਰੜੇ ਹੱਥੀਂ ਲਿਆ ਹੈ।

ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸੁਰਿੰਦਰ ਸਿੰਘ ਧਾਲੀਵਾਲ, ਹਰਪ੍ਰੀਤ ਸਿੰਘ ਜ਼ੀਰਾ, ਮੁਖਤਿਆਰ ਸਿੰਘ ਕਾਕਾ, ਬਲਬੀਰ ਸਿੰਘ,ਦਲਜੀਤ ਸਿੰਘ ਫੌਜੀ, ਗੁਰਬਖ਼ਸ਼ ਸਿੰਘ, ਦਮਨਦੀਪ ਸਿੰਘ, ਛਿੰਦਰਪਾਲ ਸਿੰਘ  ਨੇ ਕਿਹਾ ਕਿ ਅੱਜ ਦੁਨੀਆ ਰਵੀ ਸਿੰਘ ਖਾਲਸਾ ਏਡ ਨੂੰ ਨੋਬਲ ਪੁਰਸਕਾਰ ਦੇਣ ਦੀ ਵਕਾਲਤ ਕਰ ਰਹੀ ਹੈ ਅਤੇ ਕੁੱਝ ਘਟੀਆ ਚੈਨਲਾਂ ਵਾਲੇ ਉਹਨਾਂ ਨੂੰ ਅੱਤਵਾਦੀ ਕਹਿ ਰਹੇ ਹਨ । ਅਸੀਂ ਰਵੀ ਸਿੰਘ ਖਾਲਸਾ ਨੂੰ ਤੇ ਖਾਲਸਾ ਏਡ ਦੇ ਮਨੁੱਖਤਾ ਲਈ ਪਾਏ ਯੋਗਦਾਨ ਨੂੰ ਸਲਾਮ ਕਰਦੇ ਹਾਂ ਤੇ ਰਵੀ ਸਿੰਘ ਵੀਰ ਨੂੰ ਵਾਹਿਗੁਰੂ ਹਮੇਸਾ ਚੜ੍ਹਦੀ ਕਲਾ ਚ ਰੱਖੇ ।ਉਨ੍ਹਾਂ ਮੀਡੀਆ 'ਤੇ ਵਰ੍ਹਦੇ ਹੋਏ ਅੱਗੇ ਕਿਹਾ ਕਿ ਕਿਸਾਨਾਂ ਦੇ ਇਸ ਅੰਦੋਲਨ ਨੂੰ ਜਿਸ ਤਰ੍ਹਾਂ ਕੁੱਝ ਮੀਡੀਆ ਗ਼ਲਤ ਢੰਗ ਨਾਲ ਪੇਸ਼ ਕਰ ਰਹੀਆਂ ਹਨ, ਉਹ ਬਹੁਤ ਹੀ ਮੰਦਭਾਗਾ ਹੈ ਅਤੇ ਨਿੰਦਣਯੋਗ ਹੈ।


author

Lalita Mam

Content Editor

Related News