ਰੋਂਦੇ ਬੱਚੇ ਨੂੰ ਦੇਖ ਕੇ ਨਰਸ ਦਾ ਪਸੀਜਿਆ ਦਿਲ, ਹਰ ਇਕ ਨੂੰ ਭਾਵੁਕ ਕਰ ਦੇਵੇਗੀ ਇਹ ਤਸਵੀਰ

06/12/2017 12:52:14 PM

ਇਜ਼ਰਾਇਲ— ਇਜ਼ਰਾਇਲ-ਫਿਲਸਤੀਨ ਵਿਚਾਲੇ ਕਿਸ ਹੱਦ ਤੱਕ ਦੁਸ਼ਮਣੀ ਹੈ, ਇਹ ਗੱਲ ਪੂਰੀ ਦੁਨੀਆ ਜਾਣਦੀ ਹੈ। ਦੋਹਾਂ ਦੇਸ਼ਾਂ ਵਿਚਾਲੇ ਟਕਰਾਅ ਦੇ ਦਰਮਿਆਨ ਹਰ ਇਨਸਾਨ ਨੂੰ ਭਾਵੁਕ ਕਰ ਦੇਣ ਵਾਲੀ ਇਕ ਤਸਵੀਰ ਸਾਹਮਣੇ ਆਈ ਹੈ, ਜਿਸ ਨੂੰ ਦੇਖ ਕੇ ਲੋਕ ਹੈਰਾਨ ਹੋਣ ਦੇ ਨਾਲ-ਨਾਲ ਭਾਵੁਕ ਵੀ ਹੋ ਰਹੇ ਹਨ। ਸੋਸ਼ਲ ਮੀਡੀਆ 'ਤੇ ਛਾਈ ਇਹ ਤਸਵੀਰ, ਜਿਸ 'ਚ ਇਜ਼ਰਾਇਲ ਦੀ ਨਰਸ ਫਿਲਸਤੀਨ ਮਹਿਲਾ ਦੇ ਬੱਚੇ ਨੂੰ ਆਪਣਾ ਦੁੱਧ ਪਿਲਾ ਰਹੀ ਹੈ। ਮਨੁੱਖਤਾ ਅਤੇ ਦੋ ਦਿਲਾਂ ਨੂੰ ਜੋੜ ਵਾਲੀ ਇਹ ਤਸਵੀਰ ਦੁਨੀਆ ਭਰ 'ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। 
ਦਰਅਸਲ ਸੜਕ ਹਾਦਸੇ ਵਿਚ ਫਿਲਸਤੀਨ ਮਹਿਲਾ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਈ ਸੀ ਅਤੇ ਉਸ ਦੇ ਪਤੀ ਦੀ ਮੌਤ ਹੋ ਗਈ ਸੀ। ਮਹਿਲਾ ਨੂੰ ਇਜ਼ਰਾਇਲ ਦੇ ਕਰੀਮ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਹਾਦਸੇ 'ਚ ਉਸ ਦਾ ਬੱਚਾ ਵੀ ਜ਼ਖਮੀ ਹੋ ਗਿਆ। ਹਸਪਤਾਲ 'ਚ ਉਸ ਨੂੰ ਭੁੱਖ ਦੇ ਮਾਰੇ ਰੋਂਦਾ ਦੇਖ ਕੇ ਇਜ਼ਰਾਇਲੀ ਨਰਸ ਦਾ ਦਿਲ ਪਸੀਜ ਗਿਆ। ਉਸ ਨੇ ਬੱਚੇ ਨੂੰ ਆਪਣੀ ਗੋਦੀ 'ਚ ਚੁੱਕਿਆ ਅਤੇ ਆਪਣਾ ਦੁੱਧ ਪਿਲਾਉਣ ਲੱਗੀ। ਇਨਸਾਨੀਅਤ ਦੀ ਮਿਸਾਲ ਪੇਸ਼ ਕਰਨ ਵਾਲੀ ਯਹੂਦੀ ਨਰਸ ਦਾ ਨਾਂ ਉਲਾ ਓਸਟ੍ਰੋਵਸਕੀ-ਜਕ ਹੈ। ਇਜ਼ਰਾਇਲੀ ਨਰਸ ਨੇ ਬੱਚੇ ਨੂੰ ਕਾਫੀ ਦੇਰ ਤੱਕ ਬੋਤਲ ਨਾਲ ਦੁੱਧ ਪਿਲਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਰੋਣਾ ਬੰਦ ਨਹੀਂ ਕੀਤਾ। ਇਸ ਤੋਂ ਬਾਅਦ ਨਰਸ ਨੇ ਆਪਣਾ ਦੁੱਧ ਪਿਲਾਉਣ ਦਾ ਫੈਸਲਾ ਲਿਆ। 9 ਮਹੀਨਿਆਂ ਦੇ ਇਸ ਬੱਚੇ ਦਾ ਨਾਂ ਯਾਮੈਨ ਹੈ।
ਨਰਸ ਨੇ ਕਿਹਾ ਕਿ ਬੱਚੇ ਦੀ ਮਾਸੀ ਬੇਹੱਦ ਹੈਰਾਨ ਸੀ ਕਿ ਇਕ ਯਹੂਦੀ ਕਿਵੇਂ ਦੁੱਧ ਪਿਲਾਉਣ ਨੂੰ ਤਿਆਰ ਹੋ ਗਈ ਪਰ ਮੈਂ ਉਨ੍ਹਾਂ ਨੂੰ ਕਿਹਾ ਕਿ ਹਰ ਮਾਂ ਇਹ ਹੀ ਕਰੇਗੀ। ਨਰਸ ਨੇ ਆਪਣੀ ਸ਼ਿਫਟ ਦੌਰਾਨ ਬੱਚੇ ਨੂੰ ਦੁੱਧ ਪਿਲਾਇਆ। ਇਸ ਤਸਵੀਰ ਨੂੰ ਦੇਖ ਕੇ ਲੋਕ ਹੈਰਾਨੀ ਜ਼ਾਹਰ ਕਰਨ ਦੇ ਨਾਲ ਹੀ ਲਿਖ ਰਹੇ ਹਨ, ''ਦੁਨੀਆ 'ਚ ਇਨਸਾਨੀਅਤ ਤੋਂ ਵਧ ਕੇ ਕੁਝ ਵੀ ਨਹੀਂ ਹੈ।''
ਦੱਸਣਯੋਗ ਹੈ ਕਿ ਇਜ਼ਰਾਇਲ ਦੀ ਸਥਾਪਨਾ 1948 'ਚ ਹੋਈ ਸੀ। ਇਸ ਤੋਂ ਪਹਿਲਾਂ ਇਜ਼ਰਾਇਲ ਦੇਸ਼ ਦੀ ਕੋਈ ਪਛਾਣ ਨਹੀਂ ਸੀ। ਇੱਥੇ ਮੂਲ ਰੂਪ ਨਾਲ ਫਿਲਸਤੀਨ ਨਿਵਾਸ ਕਰਦੇ ਸਨ। 1947 'ਚ ਸੰਯੁਕਤ ਰਾਸ਼ਟਰ ਦੀ ਜਨਰਲ ਅੰਸੈਂਬਲੀ ਨੇ ਕੌਮਾਂਤਰੀ ਦੇਖ-ਰੇਖ 'ਚ ਫਿਲਸਤੀਨ ਨੂੰ ਇਕ ਖੁਦਮੁਖਤਿਆਰ ਇਜ਼ਰਾਇਲ ਨਾਲ ਯਹੂਦੀ ਸਟੇਟ ਅਤੇ ਅਰਬ ਸਟੇਟ 'ਚ ਵੰਡਨ ਲਈ ਵੋਟਾਂ ਪਾਈਆਂ ਸਨ, ਜਿਸ ਤੋਂ ਬਾਅਦ ਇਸ ਦੀ ਸਥਾਪਨਾ ਹੋਈ। ਪਿਛਲੇ 60 ਸਾਲਾਂ ਤੋਂ ਦੋਹਾਂ ਦੇਸ਼ਾਂ ਵਿਚਾਲੇ ਇਸ ਵਜ੍ਹਾ ਤੋਂ ਲਗਾਤਾਰ ਝਗੜੇ ਹੁੰਦੇ ਆ ਰਹੇ ਹਨ।


Related News