ਇਜ਼ਰਾਈਲੀ ਫੌਜ ਨੇ ਘੇਰੀ ਗਾਜ਼ਾ ਸਿਟੀ, ਉੱਤਰੀ ਹਿੱਸੇ ਨੂੰ ਦੱਖਣੀ ਹਿੱਸੇ ਨਾਲੋਂ ਕੀਤਾ ਵੱਖ, ਹਮਾਸ ਦੇ 450 ਟਿਕਾਣੇ ਤਬਾਹ

Tuesday, Nov 07, 2023 - 05:08 PM (IST)

ਦੀਰ ਅਲ ਬਲਾਹ (ਏਜੰਸੀਆਂ)– ਇਜ਼ਰਾਈਲੀ ਫੌਜ ਨੇ ਸੋਮਵਾਰ ਤੜਕੇ ਗਾਜ਼ਾ ਸ਼ਹਿਰ ਨੂੰ ਘੇਰਦਿਆਂ ਹਮਾਸ ਸ਼ਾਸਿਤ ਖ਼ੇਤਰ ਦੇ ਉੱਤਰੀ ਹਿੱਸੇ ਨੂੰ ਦੱਖਣੀ ਹਿੱਸੇ ਨਾਲੋਂ ਵੱਖ ਕਰ ਦਿੱਤਾ। ਫੌਜ ਨੇ ਪਿਛਲੇ 24 ਘੰਟਿਆਂ ’ਚ ਗਾਜ਼ਾ ਪੱਟੀ ’ਚ ਇਕ ਵਿਆਪਕ ਮੁਹਿੰਮ ਦੌਰਾਨ ਹਮਾਸ ਦੇ ਲਗਭਗ 450 ਟਿਕਾਣਿਆਂ ਨੂੰ ਤਬਾਹ ਕਰ ਦਿੱਤਾ, ਜਿਨ੍ਹਾਂ ’ਚ ਸੁਰੰਗਾਂ, ਨਿਰੀਖਣ ਚੌਕੀਆਂ ਤੇ ਐਂਟੀ-ਟੈਂਕ ਮਿਜ਼ਾਈਲ ਲਾਂਚ ਸਾਈਟਸ ਆਦਿ ਸ਼ਾਮਲ ਹਨ।

ਆਈ. ਡੀ. ਐੱਫ. ਨੇ ਗਾਜ਼ਾ ਦੇ ਅੰਦਰ ਹਮਾਸ ਦੇ ਇਕ ਫੌਜੀ ਕੰਪਲੈਕਸ ’ਤੇ ਕਬਜ਼ਾ ਕਰਨ ਦਾ ਵੀ ਐਲਾਨ ਕੀਤਾ, ਜਿਸ ’ਚ ਨਿਗਰਾਨ ਪੋਸਟਾਂ, ਹਮਾਸ ਦੇ ਵਰਕਰਾਂ ਲਈ ਸਿਖਲਾਈ ਸਹੂਲਤਾਂ ਵਾਲੇ ਸਥਾਨ ਤੇ ਅੰਡਰਗਰਾਊਂਡ ਸੁਰੰਗਾਂ ਸ਼ਾਮਲ ਸਨ। ਹਵਾਈ ਹਮਲੇ ’ਚ ਹਮਾਸ ਦੇ ਕਈ ਕਮਾਂਡਰ ਮਾਰੇ ਗਏ, ਜਿਨ੍ਹਾਂ ’ਚ ਜਮਾਲ ਮੂਸਾ ਵੀ ਸ਼ਾਮਲ ਹੈ। ਮੂਸਾ ਅੱਤਵਾਦੀ ਸੰਗਠਨ ’ਚ ਵਿਸ਼ੇਸ਼ ਸੁਰੱਖਿਆ ਲਈ ਜ਼ਿੰਮੇਵਾਰ ਸੀ।

1993 ’ਚ ਜਮਾਲ ਮੂਸਾ ਨੇ ਗਾਜ਼ਾ ਪੱਟੀ ’ਚ ਗਸ਼ਤ ਕਰ ਰਹੀ ਆਈ. ਡੀ. ਐੱਫ. ਫੋਰਸ ’ਤੇ ਗੋਲੀਬਾਰੀ ਕੀਤੀ ਸੀ। ਆਈ. ਡੀ. ਐੱਫ. ਨੇ ਕਿਹਾ ਕਿ ਉਸ ਦੀਆਂ ਬਟਾਲੀਅਨਾਂ ਨੇ ਜ਼ਮੀਨੀ ਪੱਧਰ ’ਤੇ ਹਮਾਸ ਦੇ ਕਈ ਕਮਾਂਡਰਾਂ ਨੂੰ ਵੀ ਖ਼ਤਮ ਕਰ ਦਿੱਤਾ ਹੈ। ਪੂਰੇ ਗਾਜ਼ਾ ’ਚ ਸੰਚਾਰ ਸੇਵਾ, ਜੋ ਰਾਤ ਭਰ ਠੱਪ ਰਹੀ, ਨੂੰ ਬਹਾਲ ਕਰ ਦਿੱਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਇਤਰਾਜ਼ਯੋਗ ਡੀਪਫੇਕ ਵੀਡੀਓ ’ਤੇ ਰਸ਼ਮਿਕਾ ਮੰਦਾਨਾ ਦਾ ਆਇਆ ਪਹਿਲਾ ਬਿਆਨ, ‘‘ਇਹ ਖ਼ਤਰਨਾਕ ਹੈ...’’

ਮਿਲਟਰੀ ਫੋਰਸਾਂ ਦੇ ਸੋਮਵਾਰ ਜਾਂ ਮੰਗਲਵਾਰ ਨੂੰ ਸ਼ਹਿਰ ’ਚ ਦਾਖ਼ਲ ਹੋਣ ਤੇ ਅੱਤਵਾਦੀਆਂ ਦੇ ਸੁਰੰਗਾਂ ਦੇ ਵੱਡੇ ਨੈੱਟਵਰਕ ਦੀ ਵਰਤੋਂ ਕਰਕੇ ਸੜਕਾਂ ’ਤੇ ਲੜਨ ਦੀ ਸੰਭਾਵਨਾ ਹੈ।

ਹੁਣ ਤੱਕ 10,000 ਤੋਂ ਵਧ ਫਲਸਤੀਨੀਆਂ ਦੀ ਮੌਤ
ਹਮਾਸ ਸ਼ਾਸਿਤ ਗਾਜ਼ਾ ਦੇ ਸਿਹਤ ਮੰਤਰਾਲਾ ਨੇ ਦੱਸਿਆ ਕਿ ਇਜ਼ਰਾਈਲ ਨਾਲ ਚੱਲ ਰਹੀ ਜੰਗ ’ਚ ਹੁਣ ਤੱਕ 10,022 ਫਲਸਤੀਨੀਆਂ ਦੀ ਮੌਤ ਹੋ ਚੁੱਕੀ ਹੈ। ਸੋਮਵਾਰ ਨੂੰ ਜਾਰੀ ਕੀਤੇ ਗਏ ਇਹ ਅੰਕੜੇ ਦਰਸਾਉਂਦੇ ਹਨ ਕਿ 75 ਸਾਲ ਪਹਿਲਾਂ ਇਜ਼ਰਾਈਲ ਦੀ ਸਥਾਪਨਾ ਤੋਂ ਬਾਅਦ ਇਥੇ ਸੰਘਰਸ਼ ਦਾ ਇਹ ਸਭ ਤੋਂ ਘਾਤਕ ਦੌਰ ਹੈ। ਹਮਾਸ ਦੇ ਹਮਲੇ ’ਚ ਇਜ਼ਰਾਈਲ ’ਚ 1,400 ਤੋਂ ਵਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਹਮਾਸ ਨੇ ਲਗਭਗ 240 ਲੋਕਾਂ ਨੂੰ ਬੰਧਕ ਬਣਾ ਲਿਆ ਹੈ।

ਸੰਯੁਕਤ ਰਾਸ਼ਟਰ ਦੇ 88 ਮੁਲਾਜ਼ਮਾਂ ਦੀ ਵੀ ਜਾ ਚੁੱਕੀ ਹੈ ਜਾਨ
ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਇਜ਼ਰਾਈਲ ਤੇ ਹਮਾਸ ਵਿਚਾਲੇ ਜੰਗ ਸ਼ੁਰੂ ਹੋਣ ਤੋਂ ਬਾਅਦ ਉਸ ਦੇ 88 ਮੁਲਾਜ਼ਮ ਮਾਰੇ ਗਏ ਹਨ। ਸੰਯੁਕਤ ਰਾਸ਼ਟਰ ਦੀਆਂ ਸਾਰੀਆਂ ਪ੍ਰਮੁੱਖ ਏਜੰਸੀਆਂ ਦੇ ਮੁਖੀਅਾਂ ਨੇ ਇਕ ਸਾਂਝੇ ਬਿਆਨ ’ਚ ਕਿਹਾ ਕਿ ਇਹ ਅੰਕੜਾ ਇਕ ਹੀ ਜੰਗ ’ਚ ਹੁਣ ਤਕ ਦਰਜ ਕੀਤੀਆਂ ਗਈਆਂ ਸੰਯੁਕਤ ਰਾਸ਼ਟਰ ਮੁਲਾਜ਼ਮਾਂ ਦੀਆਂ ਮੌਤਾਂ ਦੀ ਸਭ ਤੋਂ ਵੱਧ ਗਿਣਤੀ ਨੂੰ ਦਰਸਾਉਂਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News