ਓਮੀਕਰੋਨ ਦੀ ਦਹਿਸ਼ਤ : ਇਜ਼ਰਾਈਲ ਲਗਾਉਣ ਜਾ ਰਿਹਾ ਕੋਰੋਨਾ ਵੈਕਸੀਨ ਦੀ ''ਚੌਥੀ ਡੋਜ਼''
Wednesday, Dec 22, 2021 - 06:24 PM (IST)
ਯੇਰੂਸ਼ਲਮ (ਬਿਊਰੋ): ਦੱਖਣੀ ਅਫਰੀਕਾ ਵਿਚ ਮਿਲੇ ਕੋਰੋਨਾ ਵਾਇਰਸ ਦੇ ਨਵੇਂ ਓਮੀਕਰੋਨ ਵੇਰੀਐਂਟ ਨੇ ਇਕ ਵਾਰ ਫਿਰ ਦੁਨੀਆ ਦੀ ਚਿੰਤਾ ਵਧਾ ਦਿੱਤੀ ਹੈ। ਇਸ ਤੋਂ ਬਚਾਅ ਲਈ ਵੱਡੇ ਪੱਧਰ 'ਤੇ ਲੋਕਾਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ। ਇਕ ਪਾਸੇ ਜਿੱਥੇ ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ਵਿਚ ਹਾਲੇ ਵੀ ਵੈਕਸੀਨ ਦੀ ਪਹਿਲੀ ਅਤੇ ਦੂਜੀ ਡੋਜ਼ ਲਗਾਈ ਜਾ ਰਹੀ ਹੈ ਉੱਥੇ ਇਜ਼ਰਾਈਲ ਆਪਣੇ ਲੋਕਾਂ ਨੂੰ ਕੋਰੋਨਾ ਵੈਕਸੀਨ ਦੀ ਚੌਥੀ ਡੋਜ਼ ਦੇਣ ਜਾ ਰਿਹਾ ਹੈ। ਗੌਰਤਲਬ ਹੈ ਕਿ ਇਜ਼ਰਾਈਲ ਦੁਨੀਆ ਦਾ ਪਹਿਲਾ ਦੇਸ਼ ਸੀ ਜਿਸ ਨੇ ਆਪਣੇ ਨਾਗਰਿਕਾਂ ਨੂੰ ਸਭ ਤੋਂ ਪਹਿਲਾਂ ਕੋਰੋਨਾ ਖ਼ਿਲਾਫ਼ ਵੈਕਸੀਨ ਦੀ ਬੂਸਟਰ ਡੋਜ਼ ਦਿੱਤੀ ਸੀ ਅਤੇ ਹੁਣ ਵੈਕਸੀਨ ਦੀ ਚੌਥੀ ਡੋਜ਼ ਦੀ ਤਿਆਰੀ ਵੀ ਹੋ ਰਹੀ ਹੈ।
ਇਸ ਦੇ ਨਾਲ ਹੀ ਇਜ਼ਰਾਈਲ ਦੁਨੀਆ ਦਾ ਪਹਿਲਾ ਦੇਸ਼ ਬਣ ਜਾਵੇਗਾ ਜਿੱਥੇ ਚੌਥੀ ਡੋਜ਼ ਲਗਾਈ ਜਾਵੇਗੀ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਫਤਾਲੀ ਬੇਨੇਟ ਨੇ ਚੌਥੀ ਡੋਜ਼ ਲਗਾਉਣ ਦਾ ਐਲਾਨ ਕੀਤਾ ਹੈ। ਉਹਨਾਂ ਨੇ ਮੰਗਲਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚੌਥੀ ਡੋਜ਼ ਹਾਲੇ 60 ਸਾਲ ਤੋਂ ਉੱਪਰ ਦੇ ਬਜ਼ੁਰਗਾਂ ਅਤੇ ਗੰਭੀਰ ਬੀਮਾਰੀਆਂ ਨਾਲ ਜੂਝ ਰਹੇ ਲੋਕਾਂ ਨੂੰ ਲਗਾਈ ਜਾਵੇਗੀ।
ਪੜ੍ਹੋ ਇਹ ਅਹਿਮ ਖਬਰ- ਓਮੀਕਰੋਨ ਦੀ ਦਹਿਸ਼ਤ, ਬ੍ਰਿਟੇਨ 'ਚ ਤਾਲਾਬੰਦੀ ਨੂੰ ਲੈ ਕੇ PM ਜਾਨਸਨ ਦਾ ਅਹਿਮ ਬਿਆਨ
ਇੱਥੇ ਦੱਸ ਦਈਏ ਕਿ ਇਜ਼ਰਾਈਲ ਵਿਚ ਵੀ ਓਮੀਕਰੋਨ ਦਾ ਕਹਿਰ ਦੇਖਣ ਨੂੰ ਮਿਲਿਆ ਹੈ। ਇੱਥੇ ਨਵੇਂ ਵੇਰੀਐਂਟ ਨਾਲ ਇਕ ਮੌਤ ਵੀ ਹੋ ਚੁੱਕੀ ਹੈ। ਪ੍ਰਧਾਨ ਮੰਤਰੀ ਨਫਤਾਲੀ ਬੇਨੇਟ ਨੇ ਕੁਝ ਦਿਨ ਪਹਿਲਾਂ ਰਾਸ਼ਟਰ ਨੂੰ ਸੰਬੋਧਿਤ ਕਰਦਿਆਂ ਕਿਹਾ ਸੀ ਕਿ ਦੇਸ਼ ਵਿਚ ਕੋਰੋਨਾ ਦੀ ਪਹਿਲੀ 5ਵੀਂ ਲਹਿਰ ਦੀ ਸ਼ੁਰੂਆਤ ਹੋ ਗਈ ਹੈ। 93 ਲੱਖ ਦੀ ਆਬਾਦੀ ਵਾਲੇ ਇਜ਼ਰਾਈਲ ਦੀ ਜ਼ਿਆਦਾਤਰ ਆਬਾਦੀ ਦਾ ਟੀਕਾਕਰਨ ਹੋ ਚੁੱਕਾ ਹੈ ਫਿਰ ਵੀ ਇਨਫੈਕਸ਼ਨ ਬੇਕਾਬੂ ਹੁੰਦਾ ਜਾ ਰਿਹਾ ਹੈ। ਇਜ਼ਰਾਈਲ ਵਿਚ ਹੁਣ ਤੱਕ ਇਨਫੈਕਸ਼ਨ ਨਾਲ 8,200 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।