ਜੰਗ ਕਾਰਨ ਵਿਦੇਸ਼ੀ ਕਾਮਿਆਂ ਦੀ ਘਾਟ ਨਾਲ ਜੂਝ ਰਿਹਾ ਇਜ਼ਰਾਈਲ ਦਾ ਖੇਤੀਬਾੜੀ ਸੈਕਟਰ, ਮਾਲੀਏ ਤੇ ਪੈਦਾਵਾਰ ’ਚ ਕਮੀ

12/06/2023 1:21:15 PM

ਤੇਲ ਅਵੀਵ (ਏ. ਐੱਨ. ਆਈ.)- ਹਮਾਸ ਅੱਤਵਾਦੀ ਸੰਗਠਨ ਨਾਲ ਜੰਗ ਕਾਰਨ ਇਜ਼ਰਾਈਲ ਦਾ ਖੇਤੀਬਾੜੀ ਸੈਕਟਰ ਮਾਲੀਏ, ਪੈਦਾਵਾਰ ਅਤੇ ਵਿਦੇਸ਼ੀ ਕਾਮਿਆਂ ਦੀ ਘਾਟ ਦਾ ਸਾਹਮਣਾ ਕਰ ਰਿਹਾ ਹੈ। ਖੇਤੀਬਾੜੀ ਮੰਤਰਾਲਾ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਕਾਮਿਆਂ ਦੀ ਘਾਟ ਨੂੰ ਪੂਰਾ ਕਰਨ ਅਤੇ ਕਿਸਾਨਾਂ ਦੀ ਮਦਦ ਲਈ ਰੋਜ਼ਾਨਾ ਅਾਧਾਰ ’ਤੇ 500 ਗੈਰ-ਲੜਾਕੂ ਫੌਜੀ ਜਵਾਨ ਤਾਇਨਾਤ ਕੀਤੇ ਜਾਣਗੇ।

ਖੇਤੀਬਾੜੀ ਮੰਤਰਾਲਾ ਦੇ ਅਨੁਸਾਰ 7 ਅਕਤੂਬਰ ਤੋਂ ਪਹਿਲਾਂ ਇਜ਼ਰਾਈਲ ਵਿੱਚ ਖੇਤੀਬਾੜੀ ਸੈਕਟਰ ਵਿੱਚ ਕੰਮ ਕਰਨ ਵਾਲੇ 29,900 ਵਿਦੇਸ਼ੀ ਕਾਮੇ ਸਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਥਾਈਲੈਂਡ ਤੋਂ ਸਨ। ਕਿਸਾਨਾਂ ਨੇ ਮੌਸਮ ਦੇ ਹਿਸਾਬ ਨਾਲ 10,000 ਤੋਂ 20,000 ਫਿਲਸਤੀਨੀ ਕਾਮਿਆਂ ਨੂੰ ਵੀ ਰੁਜ਼ਗਾਰ ਦਿੱਤਾ ਹੋਇਆ ਸੀ। ਇਹ ਕਾਮੇ ਪੂਰੇ ਦੇਸ਼ ਵਿੱਚ ਖੇਤਾਂ, ਬਾਗਾਂ ਅਤੇ ਗ੍ਰੀਨਹਾਊਸਾਂ ਵਿੱਚ ਫਸਲਾਂ ਬੀਜਣ, ਰੁਟੀਨ ’ਚ ਖਾਦ ਪਾਉਣ ਜਾਂ ਪਾਣੀ ਦੇਣ ਦਾ ਕੰਮ ਕਰਦੇ ਸਨ। ਜੰਗ ਸ਼ੁਰੂ ਹੋਣ ਦੇ ਬਾਅਦ ਤੋਂ 10,000 ਵਿਦੇਸ਼ੀ ਕਾਮੇ ਆਪਣੇ ਦੇਸ਼ ਪਰਤ ਚੁੱਕੇ ਹਨ ਅਤੇ ਫਿਲਸਤੀਨੀ ਇਲਾਕੇ ’ਚੋਂ ਆਉਣਾ-ਜਾਣਾ ਪੂਰੀ ਤਰ੍ਹਾਂ ਬੰਦ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਬਾਈਡੇਨ ਨੇ ਇਜ਼ਰਾਈਲੀ ਔਰਤਾਂ ਨਾਲ ਜਬਰ ਜ਼ਿਨਾਹ ਕਰਨ ਦੀਆਂ ਰਿਪੋਰਟਾਂ ਦੀ ਕੀਤੀ ਨਿੰਦਾ 

ਮੰਤਰਾਲਾ ਨੇ ਕਿਹਾ ਕਿ ਇਨ੍ਹਾਂ ਕਾਰਨਾਂ ਕਰਕੇ 30,000 ਕਾਮਿਆਂ ਦੀ ਘਾਟ ਹੋਈ ਹੈ, ਜੋ ਕਿ ਦੇਸ਼ ਦੀ ਸਥਾਪਨਾ ਤੋਂ ਬਾਅਦ ਇਜ਼ਰਾਈਲੀ ਖੇਤੀਬਾੜੀ ਸੈਕਟਰ ਵਿੱਚ ਸਭ ਤੋਂ ਵੱਡਾ ਮਨੁੱਖੀ ਸ਼ਕਤੀ ਸੰਕਟ ਹੈ। ਮੰਤਰਾਲਾ ਵੱਲੋਂ ਦੱਸੀ ਗਈ ਰੂਪਰੇਖਾ ਅਨੁਸਾਰ ਗੈਰ-ਲੜਾਕੂ ਫੌਜੀ ਜਵਾਨਾਂ, ਜੋ ਰੁਟੀਨ ’ਚ ਸੁਰੱਖਿਆ ਦਾ ਕੰਮ ਨਹੀਂ ਕਰਦੇ, ਨੂੰ ਦੱਖਣੀ ਅਤੇ ਕੇਂਦਰੀ ਇਲਾਕਿਆਂ ਵਿੱਚ ਕਿਸਾਨਾਂ ਦੀ ਮਦਦ ਲਈ ਤਾਇਨਾਤ ਕੀਤਾ ਜਾਵੇਗਾ। ਇਜ਼ਰਾਈਲ ਸਰਕਾਰ ਨੇ ਹਾਲ ਹੀ ਵਿੱਚ ਖੇਤੀਬਾੜੀ ਸੈਕਟਰ ਵਿੱਚ 5,000 ਵਿਦੇਸ਼ੀ ਕਾਮਿਆਂ ਦੇ ਦਾਖਲੇ ਨੂੰ ਮਨਜ਼ੂਰੀ ਦਿੱਤੀ ਹੈ ਅਤੇ ਇਜ਼ਰਾਈਲੀਆਂ ਨੂੰ ਖੇਤੀਬਾੜੀ ਸੈਕਟਰ ਵੱਲ ਆਕਰਸ਼ਿਤ ਕਰਨ ਲਈ ਹਰ ਮਹੀਨੇ ਹਜ਼ਾਰਾਂ ਸ਼ੇਕੇਲ (ਇਜ਼ਰਾਈਲੀ ਕਰੰਸੀ) ਇਨਸੈਂਟਿਵ ਦੇਣ ਦੀ ਪੇਸ਼ਕਸ਼ ਸ਼ੁਰੂ ਕੀਤੀ ਹੈ।

ਇਕ ਸਰਵੇਖਣ ਵਿੱਚ ਪਾਇਆ ਗਿਆ ਹੈ ਕਿ ਪੂਰੇ ਇਜ਼ਰਾਈਲ ਦੇ ਕਿਸਾਨ ਘਟ ਰਹੀ ਪੈਦਾਵਾਰ ਅਤੇ ਲਗਾਤਾਰ ਘਟ ਰਹੇ ਮਾਲੀਏ ਦਾ ਸਾਹਮਣਾ ਕਰ ਰਹੇ ਹਨ। ਸੁਰੱਖਿਆ ਚਿੰਤਾਵਾਂ ਦੇ ਕਾਰਨ ਗਾਜ਼ਾ ਅਤੇ ਲਿਬਨਾਨ ਦੀਆਂ ਸਰਹੱਦਾਂ ਨੇੜੇ ਬਹੁਤ ਸਾਰੇ ਕਿਸਾਨ ਆਪਣੇ ਖੇਤਾਂ ਅਤੇ ਬਾਗਾਂ ਤੱਕ ਪਹੁੰਚਣ ਵਿੱਚ ਵੀ ਅਸਮਰਥ ਹਨ। ਕਿਸਾਨਾਂ ਨੇ ਉਤਪਾਦਨ ਅਤੇ ਮਾਲੀਆ ਦੋਵਾਂ ਵਿੱਚ 35 ਪ੍ਰਤੀਸ਼ਤ ਦੀ ਗਿਰਾਵਟ ਦਾ ਅਨੁਮਾਨ ਲਗਾਇਆ ਹੈ। ਗਾਜ਼ਾ ਸਰਹੱਦ ਦੇ ਨੇੜੇ ਖੇਤੀ ਵਾਲੀ ਜ਼ਮੀਨ-ਜਿਸ ਨੂੰ ਇਜ਼ਰਾਈਲ ਦੀ ਰੋਟੀ ਦੀ ਟੋਕਰੀ ਮੰਨਿਆ ਜਾਂਦਾ ਹੈ-’ਚ ਔਸਤਨ 70 ਫੀਸਦੀ ਝਾੜ ਅਤੇ 69 ਫੀਸਦੀ ਆਮਦਨੀ ਦੇ ਨੁਕਸਾਨ ਦਾ ਅਨੁਮਾਨ ਲਗਾਇਆ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


Vandana

Content Editor

Related News