ਇਜ਼ਰਾਈਲ ਨੇ ਨਿਭਾਈ ਦੋਸਤੀ, ਮੈਡੀਕਲ ਉਪਕਰਨਾਂ ਦੀ ਤੀਜੀ ਖੇਪ ਪਹੁੰਚੀ ਭਾਰਤ
Wednesday, May 12, 2021 - 09:29 AM (IST)
ਯੇਰੂਸ਼ਲਮ (ਬਿਊਰੋ): ਭਾਰਤ ਵਿਚ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਨੇ ਤਬਾਹੀ ਮਚਾਈ ਹੋਈ ਹੈ। ਅੰਤਰਰਾਸ਼ਟਰੀ ਪੱਧਰ 'ਤੇ ਬਹੁਤ ਸਾਰ ਦੇਸ਼ ਮਦਦ ਲਈ ਅੱਗੇ ਆਏ ਹਨ। ਇਸ ਦੇ ਤਹਿਤ ਕੋਰੋਨਾ ਮਹਾਮਾਰੀ ਨਾਲ ਲੜਨ ਲਈ ਇਜ਼ਰਾਈਲ ਤੋਂ ਜੀਵਨ ਰੱਖਿਅਕ ਮੈਡੀਕਲ ਉਪਕਰਨਾਂ ਦੀ ਤੀਜੀ ਖੇਪ ਭਾਰਤ ਪਹੁੰਚ ਗਈ ਹੈ। ਇਹਨਾਂ ਵਿਚ 1300 ਆਕਸੀਜਨ ਕੰਨਸਟ੍ਰੇਟਰ ਅਤੇ 400 ਰੇਸਪਿਰੇਟਰ ਸ਼ਾਮਲ ਹਨ। ਹਵਾਈ ਸੈਨਾ ਦੇ ਜਹਾਜ਼ ਜ਼ਰੀਏ 4,7 ਅਤੇ 9 ਮਈ ਨੂੰ ਮੈਡੀਕਲ ਉਪਕਰਨਾਂ ਦੀ ਖੇਪ ਭਾਰਤ ਭੇਜੀ ਗਈ ਹੈ।
ਇਜ਼ਰਾਈਲ ਸਰਕਾਰਵੱਲੋਂ ਹੁਣ ਤੱਕ ਕੁੱਲ 60 ਟਨ ਮੈਡੀਕਲ ਸਮੱਗਰੀ ਭੇਜੀ ਗਈ ਹੈ। ਇਹਨਾਂ ਵਿਚ 3 ਆਕਸੀਜਨ ਜੈਨਰੇਟਰ, 1710 ਆਕਸੀਜਨ ਕੰਸਨਟ੍ਰੇਟਰ ਅਤੇ 400 ਵੈਂਟੀਲੇਟਰ ਹਨ। ਭਾਰਤ ਵਿਚ ਇਜ਼ਰਾਈਲ ਦੇ ਰਾਜਦੂਤ ਡਾਕਟਰ ਰੌਨ ਮਲਕਰ ਨੇ ਕਿਹਾ ਕਿ ਲੋੜ ਦੇ ਇਸ ਸਮੇਂ ਵਿਚ ਇਕ ਸੱਚੇ ਦੋਸਤ ਅਤੇ ਰਣਨੀਤਕ ਹਿੱਸੇਦਾਰ ਦੇ ਤੌਰ 'ਤੇ ਇਜ਼ਰਾਈਲ ਨੂੰ ਭਾਰਤ ਨਾਲ ਮਜ਼ਬੂਤੀ ਨਾਲ ਖੜ੍ਹੇ ਰਹਿਣ ਵਿਚ ਖੁਸ਼ੀ ਹੋ ਰਹੀ ਹੈ।
ਉੱਧਰ ਭਾਰਤ ਵਿਚ ਕੋਰੋਨਾ ਅੰਕੜੇ ਇਕ ਵਾਰ ਫਿਰ ਵੱਧ ਗਏ ਹਨ। ਸੋਮਵਾਰ ਨੂੰ ਦੇਸ਼ ਵਿਚ ਕੋਰੋਨਾ ਦੇ ਕੁੱਲ 3.29 ਲੱਖ ਨਵੇਂ ਮਾਮਲੇ ਸਾਹਮਣੇ ਆਏ ਸਨ ਜੋ ਮੰਗਲਵਾਰ ਨੂੰ ਵੱਧ ਕੇ 3.48 ਲੱਖ ਹੋ ਗਏ ਹਨ। ਮੌਤ ਦੇ ਨਵੇਂ ਅੰਕੜਿਆਂ ਨੇ ਹੁਣ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਦੇਸ਼ ਵਿਚ ਇਕ ਦਿਨ ਵਿਚ ਪਹਿਲੀ ਵਾਰ ਕੋਰੋਨ ਨਾਲ 4200 ਮਰੀਜ਼ਾਂ ਦੀ ਮੌਤ ਹੋਈ ਹੈ। ਇਸ ਤੋਂ ਪਹਿਲਾਂ 7 ਮਈ ਨੂੰ ਦੇਸ਼ ਵਿਚ ਸਭ ਤੋਂ ਵੱਧ ਮੌਤਾਂ ਹੋਈਆਂ ਸਨ। ਜਦੋਂ ਇਕ ਦਿਨ ਵਿਚ ਰਿਕਾਰਡ 4187 ਮਰੀਜ਼ਾਂ ਨੇ ਜਾਨ ਗਵਾਈ ਸੀ।
ਨੋਟ - ਇਜ਼ਰਾਈਲ ਤੋਂ ਮੈਡੀਕਲ ਉਪਕਰਨਾਂ ਦੀ ਤੀਜੀ ਖੇਪ ਪਹੁੰਚੀ ਭਾਰਤ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।