ਇਜ਼ਰਾਈਲ ''ਚ ਸੰਘਰਸ਼ ਜਾਰੀ, 10 ਹਜ਼ਾਰ ਭਾਰਤੀ ਬੰਕਰਾਂ ''ਚ ਰਹਿਣ ਲਈ ਮਜਬੂਰ

Monday, May 17, 2021 - 11:26 AM (IST)

ਇਜ਼ਰਾਈਲ ''ਚ ਸੰਘਰਸ਼ ਜਾਰੀ, 10 ਹਜ਼ਾਰ ਭਾਰਤੀ ਬੰਕਰਾਂ ''ਚ ਰਹਿਣ ਲਈ ਮਜਬੂਰ

ਯੇਰੂਸ਼ਲਮ (ਬਿਊਰੋ): ਇਜ਼ਰਾਈਲ ਅਤੇ ਫਿਲਸਤੀਨ ਵਿਚਾਲੇ ਸੰਘਰਸ਼ ਜਾਰੀ ਹੈ। ਇਸ ਦੌਰਾਨ ਵੱਡੀ ਗਿਣਤੀ ਵਿਚ ਭਾਰਤੀ ਇੱਥੇ ਫਸੇ ਹੋਏ ਹਨ। ਇਕ ਭਾਰਤੀ ਨੇ ਆਪਣੇ ਬਾਰੇ ਦੱਸਦਿਆਂ ਕਿਹਾ ਕਿ ਉਹ ਆਪਣੀ ਪਤਨੀ ਅਤੇ ਤਿੰਨ ਧੀਆਂ ਨਾਲ ਢਾਈ ਸਾਲ ਤੋਂ ਇਜ਼ਰਾਈਲ ਦੇ ਬੇਰਸੇਵਾ ਸ਼ਹਿਰ ਵਿਚ ਰਹਿ ਰਿਹਾ ਹੈ। ਇਹ ਸ਼ਹਿਰ ਗਾਜ਼ਾ ਪੱਟੀ ਬਾਰਡਰ ਤੋਂ ਕਰੀਬ 45 ਕਿਲੋਮੀਟਰ ਦੂਰ ਹੈ। ਫਿਲਸਤੀਨੀ ਸੰਗਠਨ ਹਮਾਸ ਨੇ ਰਾਕੇਟ ਹਮਲੇ ਸ਼ੁਰੂ ਕਰ ਕੇ ਇੱਥੇ ਯੁੱਧ ਜਿਹੇ ਹਾਲਾਤ ਪੈਦਾ ਕਰ ਦਿੱਤੇ ਹਨ। 

ਇਜ਼ਰਾਇਲੀ ਸੈਨਾ ਵੀ ਜਵਾਬੀ ਕਾਰਵਾਈ ਕਰ ਕੇ ਹਮਾਸ ਨੂੰ ਭਾਰੀ ਨੁਕਸਾਨ ਪਹੁੰਚਾ ਰਹੀ ਹੈ। ਇਜ਼ਰਾਈਲ ਅਤੇ ਹਮਾਸ ਵਿਚਾਲੇ ਸੰਘਰਸ਼ ਸ਼ੁਰੂ ਹੋਣ ਮਗਰੋਂ ਪਿਛਲੇ 7 ਦਿਨਾਂ ਤੋਂ ਬਾਜ਼ਾਰ ਬੰਦ ਹਨ। ਜਨਜੀਵਨ ਕਾਫੀ ਪ੍ਰਭਾਵਿਤ ਹੋਇਆ ਹੈ। ਲੋਕ ਸਹਿਮੇ ਹੋਏ ਹਨ ਅਤੇ ਦਿਨ-ਰਾਤ ਘਰਾਂ ਵਿਚ ਬਣੇ ਬੰਕਰਾਂ ਵਿਚ ਰਹਿਣ ਲਈ ਮਜਬੂਰ ਹਨ। ਭਾਰਤੀ ਸ਼ਖਸ ਮੁਤਾਬਕ ਉਸ ਦੇ ਮਕਾਨ ਵਿਚ ਬੰਕਰ ਨਹੀਂ ਹੈ। ਇਸ ਲਈ ਉਹ ਨੇੜਲੇ ਬਣੇ ਇਕ ਬੰਕਰ ਵਿਚ ਰਹਿੰਦੇ ਹਨ। 1995 ਦੇ ਬਾਅਦ ਬਣਨ ਵਾਲੇ ਘਰ-ਇਮਾਰਤਾਂ ਵਿਚ ਸੇਫਟੀ-ਰੂਮ ਅਤੇ ਬੰਕਰਾਂ ਦੀ ਸਮੱਸਿਆ ਹੈ ਪਰ 1992 ਤੋਂ ਪਹਿਲਾਂ ਬਣੇ ਘਰਾਂ ਵਿਚ ਅਜਿਹੇ ਇੰਤਜ਼ਾਮ ਨਹੀਂ ਹਨ। ਇਸ ਕਾਰਨ 1992 ਤੋਂ ਪਹਿਲਾਂ ਦੇ ਘਰਾਂ ਵਿਚ ਰਹਿਣ ਵਾਲਿਆਂ ਨੂੰ ਨੇੜਲੇ ਬੰਕਰ ਸੇਫਟੀ ਰੂਮ ਵਿਚ ਰੱਖਿਆ ਜਾ ਰਿਹਾ ਹੈ। 

ਪੜ੍ਹੋ ਇਹ ਅਹਿਮ ਖਬਰ -ਕੈਨੇਡਾ ਦੇ ਵੱਖ-ਵੱਖ ਹਿੱਸਿਆਂ 'ਚ ਹੋਏ ਫਿਲਸਤੀਨ ਪੱਖੀ ਮੁਜ਼ਾਹਰੇ

ਸ਼ਨੀਵਾਰ ਰਾਤ ਕਰੀਬ ਢਾਈ ਵਜੇ ਇਲਾਕੇ ਵਿਚ ਬੰਬਾਰੀ ਹੋਈ ਸੀ ਉਦੋਂ ਤੋਂ ਲਗਾਤਾਰ ਵਾਰਨਿੰਗ ਸਾਇਰਨ ਗੂੰਜ ਰਹੇ ਹਨ। ਇਲਾਕਿਆਂ ਦੀਆਂ ਛੋਟੀਆਂ-ਛੋਟੀਆਂ ਦੁਕਾਨਾਂ ਕੁਝ ਸਮੇਂ ਲਈ ਖੋਲ੍ਹੀਆਂ ਜਾ ਰਹੀਆਂ ਹਨ ਤਾਂ ਜੋ ਲੋਕ ਜ਼ਰੂਰੀ ਚੀਜ਼ਾਂ ਖਰੀਦ ਕੇ ਗੁਜਾਰਾ ਕਰ ਸਕਣ। ਇਜ਼ਰਾਈਲ ਵਿਚ ਕਰੀਬ 10 ਹਜ਼ਾਰ ਭਾਰਤੀ ਰਹਿੰਦੇ ਹਨ। ਇਹਨਾਂ ਵਿਚ ਢਾਈ-ਤਿੰਨ ਹਜ਼ਾਰ ਗੁਜਰਾਤੀ ਹਨ ਜੋ ਰਾਜਕੋਟ ਦੇ ਇਲਾਵਾ ਪੋਰਬੰਦਰ-ਜੂਨਾਗੜ੍ਹ ਅਤੇ ਵਡੋਦਰਾ ਸਮੇਤ ਇਲਾਕਿਆਂ ਤੋਂ ਹਨ। 1200 ਭਾਰਤੀ ਵਿਦਿਆਰਥੀ ਹੋਸਟਲ ਦੇ ਸੇਫਟੀ ਰੂਮ ਵਿਚ ਹਨ। ਇਜ਼ਰਾਈਲ ਦੀਆਂ 9 ਯੂਨੀਵਰਸਿਟੀਆਂ ਵਿਚ ਕਰੀਬ 1200 ਭਾਰਤੀ ਵਿਦਿਆਰਥੀ ਹਨ। ਵਿਦਿਆਰਥੀ ਹੋਸਟਲ ਤੋਂ ਬਾਹਰ ਨਹੀਂ ਨਿਕਲ ਪਾ ਰਹੇ ਹਨ। ਉਹ ਹੋਸਟਲ ਦੇ ਸੇਫਟੀ ਰੂਮ ਵਿਚ ਸੁਰੱਖਿਅਤ ਹਨ।ਸੋਸ਼ਲ ਮੀਡੀਆ ਜ਼ਰੀਏ ਇਕ-ਦੂਜੇ ਦੇ ਸੰਪਰਕ ਵਿਚ ਹਨ ਅਤੇ ਮਦਦ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ।

ਪੜ੍ਹੋ ਇਹ ਅਹਿਮ ਖਬਰ- ਬਲਿੰਕਨ ਨੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਕੁਰੈਸ਼ੀ ਨਾਲ ਫੋਨ 'ਤੇ ਕੀਤੀ ਗੱਲਬਾਤ

ਸੋਸ਼ਲ ਮੀਡੀਆ ਜ਼ਰੀਏ ਦੇ ਰਹੇ  ਸੁਰੱਖਿਆ ਟਿਪਸ 
ਸੰਕਟ ਦੇ ਇਸ ਸਮੇਂ ਵਿਚ ਲੋਕ ਸੋਸ਼ਲ ਮੀਡੀਆ ਜ਼ਰੀਏ ਇਕ-ਦੂਜੇ ਦਾ ਸਹਾਰਾ ਬਣੇ ਹੋਏ ਹਨ। ਭਾਰਤੀ ਇਜ਼ਰਾਈਲ ਵਿਚ ਆਪਣੇ ਸ਼ਹਿਰਾਂ ਵਿਚ ਹੋ ਰਹੀਆਂ ਘਟਨਾਵਾਂ ਤੋਂ ਇਕ-ਦੂਜੇ ਨੂੰ ਅਪਡੇਟ ਕਰਾਉਣ ਦੇ ਨਾਲ-ਨਾਲ ਸੁਰੱਖਿਆ ਉਪਾਅ ਵੀ ਦੱਸ ਰਹੇ ਹਨ ਤਾਂ ਜੋ ਹਰੇਕ ਵਿਅਕਤੀ ਜਿੱਥੇ ਹੈ ਉੱਥੇ ਸੁਰੱਖਿਅਤ ਰਹੇ। 

42 ਲੋਕਾਂ ਦੀ ਗਈ ਜਾਨ
ਇਜ਼ਰਾਈਲ ਨੇ ਐਤਵਾਰ ਨੂੰ ਗਾਜ਼ਾ ਪੱਟੀ 'ਤੇ ਮੁੜ ਹਵਾਈ ਹਮਲੇ ਕੀਤੇ। ਇਸ ਵਿਚ 42 ਲੋਕਾਂ ਦੀ ਮੌਤ ਹੋ ਗਈ। ਇਹਨਾਂ ਵਿਚ 16 ਔਰਤਾਂ ਅਤੇ 10 ਬੱਚੇ ਸ਼ਾਮਲ ਹਨ। ਇਹਨਾਂ ਦੇ ਇਲਾਵਾ 50 ਲੋਕ ਜ਼ਖਮੀ ਹੋਏ ਹਨ। ਗਾਜ਼ਾ ਦੇ ਸਿਹਤ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ। ਪਿਛਲੇ ਇਕ ਹਫ਼ਤੇ ਵਿਚ ਇਹ ਇਜ਼ਰਾਈਲ ਦੇ ਗਾਜ਼ਾ 'ਤੇ ਸਭ ਤੋਂ ਵੱਡਾ ਹਮਲਾ ਹੈ। ਪਿਛਲੇ ਇਕ ਹਫ਼ਤੇ ਦੇ ਸੰਘਰਸ਼ ਵਿਚ ਗਾਜ਼ਾ ਵਿਚ 188 ਫਿਲਸਤੀਨੀ ਮਾਰੇ ਗਏ ਹਨ ਜਦਕਿ 1230 ਫਿਲਸਤੀਨੀ ਜ਼ਖਮੀ ਹੋਏ ਹਨ। ਮਾਰੇ ਗਏ ਫਿਲਸਤੀਨੀਆਂ ਵਿਚ 55 ਬੱਚੇ ਵੀ ਸ਼ਾਮਲ ਹਨ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News