ਆਈ.ਐੱਸ. ਦੀ ਸ਼ੱਕੀ ਔਰਤ ਮੈਂਬਰ ਜਰਮਨੀ ਪਰਤੀ
Sunday, Nov 24, 2019 - 06:36 PM (IST)

ਫਰੈਂਕਫਰਟ- ਇਸਲਾਮਕ ਸਟੇਟ ਦੀ ਦਹਿਸ਼ਤਗਰਦੀ ਜਥੇਬੰਦੀ ਨਾਲ ਜੁੜੀ ਇਕ ਔਰਤ ਅਤੇ ਉਸ ਦੇ 3 ਬੱਚੇ ਜਰਮਨੀ ’ਚ ਵਾਪਸ ਆ ਗਏ ਹਨ। ਇਹ ਜਾਣਕਾਰੀ ਪੁਲਸ ਵੱਲੋਂ ਦਿੱਤੀ ਗਈ ਹੈ। ਉਹ ਪਹਿਲੀ ਅਜਿਹੀ ਆਈ. ਐੱਸ. ਮੈਂਬਰ ਹੈ ਜਿਹੜੀ ਸੀਰੀਆ ਤੋਂ ਜਰਮਨ ਅਧਿਕਾਰਤ ਤੌਰ ’ਤੇ ਮੁੜੀ ਹੈ।
ਲਾਰਾ ਐੱਚ. ਨਾਂ ਦੀ ਇਹ 30 ਸਾਲਾ ਔਰਤ ਹਿੱਸੇ ਰਾਜ ਦੀ ਹੈ ਅਤੇ ਇਰਾਕ ਦੇ ਇਰਬਿਲ ਤੋਂ ਸ਼ਨੀਵਾਰ ਨੂੰ ਇਕ ਜਹਾਜ਼ ਰਾਹੀਂ ਫਰੈਂਕਫਰਟ ਉੱਡੀ। ਔਰਤ ਨੂੰ ਫੌਰੀ ਤੌਰ ’ਤੇ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਉਸ ਦਾ ਪਾਸਪੋਰਟ ਜ਼ਬਤ ਕਰ ਲਿਆ ਗਿਆ ਹੈ ਤੇ ਉਸ ਦੇ ਦੇਸ਼ ਛੱਡਣ ’ਤੇ ਪਾਬੰਦੀ ਲਾ ਦਿੱਤੀ ਗਈ ਹੈ। ਹਫਤਾਵਾਰੀ ਰਸਾਲੇ ਡਰ ਸਪੀਗਲ ਅਨੁਸਾਰ ਉਹ 2016 ’ਚ ਮੱਧ ਜਰਮਨੀ ਦੇ ਗਿਸੇਨ ਤੋਂ ਆਪਣੇ ਬੱਚਿਆਂ ਅਤੇ ਪਤੀ ਨਾਲ ਸੀਰੀਆ ਗਈ ਸੀ, ਜਿੱਥੇ ਉਹ ਆਈ. ਐੱਸ. ’ਚ ਸ਼ਾਮਲ ਹੋ ਗਈ। ਉਹ ਜਰਮਨੀ ਦੇ ਇਸਲਾਮੀ ਦਹਿਸ਼ਤਗਰਦਾਂ ਦੇ ਗਰੁੱਪ ਸਾਲਾਫਿਸਟ ਨਾਲ ਜੁੜੀ ਰਹੀ ਹੈ। ਉਸ ਦੇ ਪਤੀ ਦੇ ਅਖੌਤੀ ਤੌਰ ’ਤੇ ਕਤਲ ਅਤੇ ਕੁਰਦ ਸੁਰੱਖਿਆ ਦਸਤਿਆਂ ਵੱਲੋਂ ਹਿਰਾਸਤ ’ਚ ਲਏ ਜਾਣ ਤੋਂ ਬਾਅਦ ਲਾਰਾ ਨੇ ਦਾਅਵਾ ਕੀਤਾ ਕਿ ਉਹ ਆਈ. ਐੱਸ. ਦੀ ਵਿਚਾਰਧਾਰਾ ਤੋਂ ਲਾਂਭੇ ਹੋ ਗਈ ਹੈ। ਅਮਰੀਕਾ ਦੀ ਇਕ ਜਥੇਬੰਦੀ ਉਸ ਨੂੰ ਉੱਤਰੀ-ਪੂਰਬੀ ਸੀਰੀਆ ਦੀ ਅੱਲ ਹੋਲ ਜੇਲ ਤੋਂ ਇਰਬਿਲ ਲੈ ਕੇ ਆਈ ਹੈ।