ਹੁਣ ਆਇਰਲੈਂਡ ਨੇ ਬ੍ਰਿਟੇਨ ਦੀ ਯਾਤਰਾ 'ਤੇ 31 ਦਸੰਬਰ ਤੱਕ ਪਾਬੰਦੀ ਲਾਈ

Tuesday, Dec 22, 2020 - 06:52 PM (IST)

ਲੰਡਨ- ਹੁਣ ਆਇਰਲੈਂਡ ਨੇ ਗ੍ਰੇਟ ਬ੍ਰਿਟੇਨ ਦੀ ਯਾਤਰਾ 'ਤੇ 31 ਦਸੰਬਰ ਤੱਕ ਪਾਬੰਦੀ ਲਾ ਦਿੱਤੀ ਹੈ। ਹਾਲ ਹੀ ਵਿਚ ਯੂ. ਕੇ. ਵਿਚ ਨਵੇਂ ਕੋਰੋਨਾ ਵਾਇਰਸ ਦਾ ਖਦਸ਼ਾ ਪੈਦਾ ਹੋਣ ਮਗਰੋਂ ਕਈ ਮੁਲਕ ਉਸ ਨਾਲ ਸਾਰੇ ਤਰ੍ਹਾਂ ਦੀ ਯਾਤਰਾ ਨੂੰ ਰੋਕਣ ਦਾ ਫ਼ੈਸਲਾ ਕਰ ਰਹੇ ਹਨ।

ਹੁਣ ਤੱਕ ਘੱਟੋ-ਘੱਟ 40 ਦੇਸ਼ਾਂ ਵੱਲੋਂ ਪਾਬੰਦੀਆਂ ਦਾ ਐਲਾਨ ਕੀਤਾ ਜਾ ਚੁੱਕਾ ਹੈ। ਫਰਾਂਸ ਨੇ ਹਵਾਈ ਯਾਤਰਾ ਦੇ ਨਾਲ-ਨਾਲ ਇੰਗਲਿਸ਼ ਚੈਨਲ ਸੁਰੰਗ ਰਾਹੀਂ ਯਾਤਰਾ ਕਰਨ ਵਾਲੇ ਸਾਰੇ ਯਾਤਰੀਆਂ ਅਤੇ ਮਾਲ ਆਵਾਜਾਈ 'ਤੇ ਮੰਗਲਵਾਰ ਦੀ ਅੱਧੀ ਰਾਤ ਤੱਕ ਪਾਬੰਦੀ ਲਾਈ ਹੈ।

ਜਰਮਨੀ ਨੇ 31 ਦਸੰਬਰ ਯੂ. ਕੇ. ਨੂੰ ਆਉਣ-ਜਾਣ ਵਾਲੀਆਂ ਉਡਾਣਾਂ ਨੂੰ ਰੱਦ ਕੀਤਾ ਹੈ। ਭਾਰਤ ਵੱਲੋਂ ਵੀ 31 ਦਸੰਬਰ ਤੱਕ ਇਹ ਪਾਬੰਦੀ ਲਾਈ ਗਈ ਹੈ। ਸਕਾਈ ਨਿਊਜ਼ ਮੁਤਾਬਕ, ਆਇਰਲੈਂਡ ਨੇ ਆਪਣੇ ਨਾਗਰਿਕਾਂ ਅਤੇ ਆਇਰਲੈਂਡ ਆਉਣ ਲਈ ਯੂ. ਕੇ. ਦੇ ਹਵਾਈ ਅੱਡਿਆਂ 'ਤੇ ਫਸੇ ਯਾਤਰੀਆਂ ਨੂੰ ਛੱਡ ਕੇ 31 ਦਸੰਬਰ ਤੱਕ ਯੂ. ਕੇ. ਆਉਣ-ਜਾਣ ਵਾਲੀਆਂ ਉਡਾਣਾਂ 'ਤੇ ਪਾਬੰਦੀ ਲਾ ਦਿੱਤੀ ਹੈ।

ਨੀਦਰਲੈਂਡ ਵੀ ਘੱਟੋ-ਘੱਟ ਨਵਾਂ ਸਾਲ ਚੜ੍ਹਨ ਤੱਕ ਉਡਾਣਾਂ 'ਤੇ ਪਾਬੰਦੀ ਲਾ ਚੁੱਕਾ ਹੈ। ਸਵਿਟਜ਼ਰਲੈਂਡ ਨੇ ਬ੍ਰਿਟੇਨ ਅਤੇ ਦੱਖਣੀ ਅਫਰੀਕਾ ਤੋਂ ਆਉਣ ਵਾਲੇ ਵਿਦੇਸ਼ੀ ਨਾਗਰਿਕਾਂ 'ਤੇ ਰੋਕ ਲਾ ਦਿੱਤੀ ਹੈ ਅਤੇ 14 ਦਸੰਬਰ ਤੋਂ ਆਏ ਲੋਕਾਂ ਨੂੰ ਇਕਾਂਤਵਾਸ ਦਾ ਹੁਕਮ ਦੇ ਦਿੱਤਾ ਹੈ। ਉੱਥੇ ਹੀ, ਇਟਲੀ ਨੇ 6 ਜਨਵਰੀ ਤੱਕ ਯੂ. ਕੇ. ਲਈ ਯਾਤਰਾ 'ਤੇ ਪਾਬੰਦੀ ਲਾ ਦਿੱਤੀ ਹੈ। ਰੂਸ ਨੇ ਮੰਗਲਵਾਰ ਤੋਂ ਇਕ ਹਫ਼ਤੇ ਲਈ ਯੂ. ਕੇ. ਨਾਲ ਹਵਾਈ ਯਾਤਰਾ ਬੰਦ ਕਰ ਦਿੱਤੀ ਹੈ। ਆਸਟਰੀਆ ਵਿਚ ਨਵੇਂ ਸਾਲ ਤੱਕ ਬ੍ਰਿਟੇਨ ਤੋਂ ਕਿਸੇ ਵੀ ਯਾਤਰੀ ਉਡਾਣ ਨੂੰ ਇੱਥੇ ਉਤਰਨ ਦੀ ਆਗਿਆ ਨਹੀਂ ਹੋਵੇਗੀ। ਇਸੇ ਤਰ੍ਹਾਂ, ਨਾਰਵੇ, ਡੈਨਮਾਰਕ, ਸਵੀਡਨ, ਬੁਲਗਾਰੀਆ, ਮਾਲਟਾ, ਫਿਨਲੈਂਡ, ਪੋਲੈਂਡ ਨੇ ਵੀ ਯਾਤਰਾ ਮੁਅੱਤਲ ਕਰ ਦਿੱਤੀ ਹੈ।


Sanjeev

Content Editor

Related News