ਇਸ ਦੇਸ਼ 'ਚ 15 ਦੇਸ਼ਾਂ ਦੇ ਯਾਤਰੀ ਬਿਨਾਂ ਇਕਾਂਤਵਾਸ ਹੋਏ ਕਰ ਸਕਣਗੇ ਯਾਤਰਾ
Thursday, Jul 23, 2020 - 01:21 PM (IST)
ਡਬਲਿਨ (ਬਿਊਰੋ): ਪੂਰੀ ਦੁਨੀਆ ਦੇ ਦੇਸ਼ ਜਿੱਥੇ ਕੋਰੋਨਾਵਾਇਰਸ ਮਹਾਮਾਰੀ ਕਾਰਨ ਤਾਲਾਬੰਦੀ ਦੀ ਸਥਿਤੀ ਵਿਚ ਹਨ ਉੱਥੇ ਆਇਰਲੈਂਡ ਵੱਲੋਂ ਇਕ ਵੱਡਾ ਐਲਾਨ ਕੀਤਾ ਗਿਆ ਹੈ। ਇਸ ਐਲਾਨ ਮੁਤਾਬਕ ਆਇਰਲੈਂਡ ਵਿਚ ਹੁਣ ਜਲਦੀ ਹੀ 15 ਦੇਸ਼ਾਂ ਦੇ ਯਾਤਰੀ ਬਿਨਾਂ ਕੁਆਰੰਟੀਨ ਨਿਯਮਾਂ ਦੀ ਪਾਲਣਾ ਕਰਦਿਆਂ ਯਾਤਰਾ ਕਰ ਪਾਉਣਗੇ। ਸਮਾਚਾਰ ਏਜੰਸੀ ਸ਼ਿਨਹੂਆ ਨੇ ਬੁੱਧਵਾਰ ਨੂੰ ਸਥਾਨਕ ਮੀਡੀਆ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਸੰਯੁਕਤ ਰਾਜ ਅਮਰੀਕਾ ਅਤੇ ਯੂਨਾਈਟਿਡ ਕਿੰਗਡਮ ਨੂੰ ਛੱਡ ਕੇ ਦੇਸ਼ ਵਿਚ 15 ਦੇਸ਼ਾਂ ਦੇ ਯਾਤਰੀਆਂ ਨੂੰ ਯਾਤਰਾ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ।ਇੱਥੇ ਦੱਸ ਦਈਏ ਕਿ ਅਮਰੀਕਾ ਵਿਚ ਕੋਰੋਨਾਵਾਇਰਸ ਦੇ ਦੁਨੀਆ ਭਰ ਵਿਚੋਂ ਸਭ ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ ਅਤੇ ਯੂਕੇ ਵੀ ਪੀੜਤ ਦੇਸ਼ਾਂ ਦੀ ਲਿਸਟ ਵਿਚ ਸ਼ਾਮਲ ਹੈ।
ਗ੍ਰੀਨ ਲਿਸਟ ਦਾ ਹੋਇਆ ਐਲਾਨ
ਦੇਸ਼ ਵਿਚ ਇਸ ਦੇ ਲਈ ਗ੍ਰੀਨ ਲਿਸਟ ਦਾ ਐਲਾਨ ਕੀਤਾ ਗਿਆ ਹੈ। ਆਯਰਿਸ਼ ਰਾਸ਼ਟਰੀ ਰੇਡੀਓ ਅਤੇ ਟੀਵੀ ਪ੍ਰਸਾਰਕ ਆਰ.ਟੀ.ਈ. ਰਿਪੋਰਟਾਂ ਦੇ ਹਵਾਲੇ ਨਾਲ ਪਤਾ ਚੱਲਿਆ ਹੈ ਕਿ 15 ਦੇਸ਼ਾਂ ਨੂੰ ਆਇਰਲੈਂਡ ਵਿਚ ਯਾਤਰਾ ਕਰਨ ਦੀ ਇਜਾਜ਼ਤ ਮਿਲੇਗੀ। ਇਹਨਾਂ ਵਿਚ ਮਾਲਟਾ, ਫਿਨਲੈਂਡ, ਨਾਰਵੇ, ਇਟਲੀ, ਹੰਗਰੀ, ਐਸਟੋਨੀਆ, ਲਾਤਵੀਆ, ਲਿਥੁਆਨੀਆ, ਸਾਈਪ੍ਰਸ, ਸਲੋਵਾਕੀਆ ਸ਼ਾਮਲ ਹਨ। ਇਸ ਦੇ ਇਲਾਵਾ ਗ੍ਰੀਸ, ਗ੍ਰੀਨਲੈਂਡ, ਜਿਬਰਾਲਟਰ, ਮੋਨਾਕੋ ਅਤੇ ਸੈਨਮੈਰੀਨੋ ਸ਼ਾਮਲ ਹਨ।
ਪੜ੍ਹੋ ਇਹ ਅਹਿਮ ਖਬਰ- ਰਾਹਤ ਦੀ ਖਬਰ : ਨਿਊਜ਼ੀਲੈਂਡ 'ਚ ਕੋਵਿਡ-19 ਦਾ ਕੋਈ ਨਵਾਂ ਮਾਮਲਾ ਨਹੀਂ
11 ਦੇਸ਼ਾਂ ਨੂੰ ਸ਼ਾਮਲ ਕਰਨ ਦਾ ਕਾਰਨ
ਰਿਪੋਰਟ ਮੁਤਾਬਕ ਇਸ ਗ੍ਰੀਨ ਲਿਸਟ ਵਿਚ ਉਹਨਾਂ 11 ਦੇਸ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ ਜਿੱਥੇ ਆਇਰਲੈਂਡ ਵਾਂਗ ਹੀ ਕੋਰੋਨਾ ਦੇ ਮਾਮਲੇ ਦਰਜ ਹੋਏ ਹਨ। ਜਾਂ ਕਹਿ ਸਕਦੇ ਹਾਂ ਕਿ ਜਿਹੜੇ ਦੇਸ਼ਾਂ ਦੀ ਸਥਿਤੀ ਆਇਰਲੈਂਡ ਵਰਗੀ ਹੀ ਹੈ। ਇਸ ਦੇ ਨਾਲ ਹੀ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਸਰਕਾਰ ਇਸ ਗ੍ਰੀਨ ਲਿਸਟ ਦੀ ਹਰੇਕ ਦੂਜੇ ਹਫਤੇ ਵਿਚ ਸਮੀਖਿਆ ਕਰੇਗੀ। ਇਸ ਦੇ ਨਾਲ ਹੀ ਸਾਰੇ ਲੋਕਾਂ ਨੂੰ ਗੈਰ-ਜ਼ਰੂਰੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਸਿਰਫ ਉੱਤਰੀ ਆਇਰਲੈਂਡ ਦੇ ਇਲਾਵਾ ਕਿਤੇ ਹੋਰ ਤੋਂ ਆਇਰਲੈਂਡ ਗਣਰਾਜ ਵਿਚ ਪਹੁੰਚਣ ਵਾਲੇ ਯਾਤਰੀਆਂ ਨੂੰ ਸੈਲਫ ਆਈਸੋਲੇਸ਼ਨ ਵਿਚ ਰਹਿਣ ਦੀ ਲੋੜ ਹੁੰਦੀ ਹੈ ਅਤੇ 14 ਦਿਨਾਂ ਤੱਕ ਕੁਆਰੰਟੀਨ ਨਿਯਮਾਂ ਦਾ ਪਾਲਣ ਕਰਨਾ ਹੁੰਦਾ ਹੈ।
ਆਇਰਲੈਂਡ 'ਚ 5,819 ਮਾਮਲੇ
ਆਇਰਿਸ਼ ਡਿਪਾਰਟਮੈਂਟ ਆਫ ਹੈਲਥ ਨੇ ਬੁੱਧਵਾਰ ਰਾਤ ਨੂੰ ਦੇਸ਼ ਵਿਚ ਕੋਵਿਡ-19 ਦੇ 17 ਨਵੇਂ ਪੁਸ਼ਟੀ ਕੀਤੇ ਮਾਮਲਿਆਂ ਅਤੇ ਵਾਇਰਸ ਸਬੰਧੀ 1 ਨਵੀਂ ਮੌਤ ਦੀ ਸੂਚਨਾ ਦਿੱਤੀ। ਹੁਣ ਤੱਕ ਇੱਥੇ ਕੋਰੋਨਾਵਾਇਰਸ ਨਾਲ 5,819 ਲੋਕਾਂ ਦੇ ਪੀੜਤ ਹੋਣ ਦੇ ਮਾਮਲੇ ਦਰਜ ਕੀਤੇ ਗਏ ਹਨ ਜਦਕਿ 1,754 ਲੋਕਾਂ ਦੀ ਮੌਤ ਹੋਈ ਹੈ।