ਇਰਾਕੀ ਮਹਿਲਾ ਮਾਡਲ ਦੀ ਗੋਲੀ ਮਾਰ ਕੇ ਹੱਤਿਆ
Saturday, Sep 29, 2018 - 09:32 PM (IST)

ਬਗਦਾਦ (ਇੰਟ.)–ਇਰਾਕ ਦੀ ਰਾਜਧਾਨੀ ਬਗਦਾਦ ਵਿਖੇ ਇਕ ਮਹਿਲਾ ਮਾਡਲ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ। ਮਿਲੀਆਂ ਖਬਰਾਂ ਮੁਤਾਬਕ 22 ਸਾਲਾ ਉਕਤ ਮਾਡਲ ਦੀ ਹੱਤਿਆ ਇਸ ਲਈ ਕੀਤੀ ਗਈ ਕਿਉਂਕਿ ਉਹ ਇਕ ਵਿਸ਼ੇਸ਼ ਕਿਸਮ ਦੀ ਜੀਵਨਸ਼ੈਲੀ ਨਾਲ ਆਪਣੀ ਜ਼ਿੰਦਗੀ ਬਤੀਤ ਕਰ ਰਹੀ ਸੀ। ਉਹ ਆਪਣੀ ਕਾਰ ਰਾਹੀਂ ਬਗਦਾਦ ਦੇ ਇਕ ਇਲਾਕੇ ’ਚੋਂ ਲੰਘ ਰਹੀ ਸੀ ਤੇ ਕਾਰ ’ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ।
ਮ੍ਰਿਤਕ ਮਾਡਲ ਦੀ ਪਛਾਣ ਤਾਰਾ ਫਰੇਸ ਵਜੋਂ ਹੋਈ ਹੈ। ਉਹ ਆਪਣੇ ਟੈਟੂ, ਵਾਲਾਂ ਦੇ ਵੱਖ-ਵੱਖ ਰੰਗਾਂ ਅਤੇ ਕੱਪੜਿਆਂ ਦੇ ਡਿਜ਼ਾਈਨਾਂ ਕਾਰਨ ਬਹੁਤ ਚਰਚਿਤ ਸੀ। ਇੰਸਟਾਗ੍ਰਾਮ ’ਤੇ ਉਸ ਦੇ ਫਾਲੋਅਰਜ਼ ਦੀ ਗਿਣਤੀ 27 ਲੱਖ ਤੋਂ ਵੱਧ ਦੱਸੀ ਗਈ ਹੈ। ਉਸ ਦੀ ਹੱਤਿਆ ਪਿਛੋਂ ਪੂਰੇ ਇਰਾਕ ’ਚ ਸਨਸਨੀ ਫੈਲੀ ਹੋਈ ਹੈ।