ਚਾਬਹਾਰ ਬੰਦਰਗਾਹ ਨੂੰ ਉੱਤਰ-ਦੱਖਣੀ ਆਵਾਜਾਈ ਗਲਿਆਰੇ ’ਚ ਸ਼ਾਮਲ ਕਰੇ ਈਰਾਨ : ਜੈਸ਼ੰਕਰ
Friday, Oct 15, 2021 - 04:27 PM (IST)
ਯੇਰੇਵਾਨ (ਭਾਸ਼ਾ)-ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸੰਪਰਕ ਵਧਾਉਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਬੁੱਧਵਾਰ ਨੂੰ ਈਰਾਨ ਦੇ ਰਣਨੀਤਕ ਮਹੱਤਵ ਦੀ ਚਾਬਹਾਰ ਬੰਦਰਗਾਹ ਨੂੰ ਉੱਤਰ-ਦੱਖਣੀ ਆਵਾਜਾਈ ਗਲਿਆਰਾ (ਆਈ. ਐੱਨ. ਐੱਸ. ਟੀ. ਸੀ.) ਵਿਚ ਸ਼ਾਮਲ ਕਰਨ ਦਾ ਪ੍ਰਸਤਾਵ ਕੀਤਾ। ਉਨ੍ਹਾਂ ਨੇ ਅਰਮੇਨੀਆ ਦੇ ਆਪਣੇ ਹਮਅਹੁਦਾ ਏ. ਮਿਰਜੋਯਾਨ ਨਾਲ ਮੀਟਿੰਗ ਤੋਂ ਬਾਅਦ ਸੰਯੁਕਤ ਪੱਤਰਕਾਰ ਸੰਮੇਲਨ ’ਚ ਕਿਹਾ ਕਿ ਭਾਰਤ ਅਤੇ ਅਰਮੇਨੀਆ ਦੋਵੇਂ ਦੇਸ਼ ਗਲਿਆਰੇ ਦੇ ਮੈਂਬਰ ਹਨ। ਇਹ ਸੰਪਰਕ ’ਚ ਆਉਣ ਵਾਲੀਆਂ ਰੁਕਾਵਟਾਂ ਨੂੰ ਖਤਮ ਕਰ ਸਕਦਾ ਹੈ, ਇਸ ਲਈ ਮੰਤਰੀ ਮਿਰਜੋਯਾਨ ਅਤੇ ਮੈਂ ਈਰਾਨ ’ਚ ਵਿਕਸਿਤ ਕੀਤੀ ਜਾ ਰਹੀ ਚਾਬਹਾਰ ਬੰਦਰਗਾਹ ’ਚ ਅਰਮੇਨੀਆ ਦੀ ਰੁਚੀ ’ਤੇ ਚਰਚਾ ਕੀਤੀ। ਅਸੀਂ ਪ੍ਰਸਤਾਵ ਕੀਤਾ ਕਿ ਚਾਬਹਾਰ ਬੰਦਰਗਾਹ ਗਲਿਆਰੇ ’ਚ ਵਿਕਸਿਤ ਕੀਤੀ ਜਾਵੇ।
ਉੱਤਰ-ਦੱਖਣੀ ਆਵਾਜਾਈ ਗਲਿਆਰਾ
ਕੌਮਾਂਤਰੀ ਉੱਤਰ-ਦੱਖਣੀ ਆਵਾਜਾਈ ਗਲਿਆਰਾ ਭਾਰਤ, ਰੂਸ, ਈਰਾਨ, ਯੂਰਪ ਅਤੇ ਮੱਧ ਏਸ਼ੀਆ ਵਿਚਾਲੇ ਮਾਲ ਢੁਆਈ ਲਈ ਆਵਾਜਾਈ ਮਾਰਗ (ਜਹਾਜ਼, ਰੇਲ ਅਤੇ ਸੜਕ) ਸਥਾਪਿਤ ਕਰਨ ਵਾਲਾ ਇਕ ਬਹੁ-ਆਯਾਮੀ ਸੰਪਰਕ ਪ੍ਰਾਜੈਕਟ ਹੈ।
ਚਾਬਹਾਰ ਪਾਕਿ ਦੇ ਗਵਾਦਰ ਦਾ ਤੋੜ
ਈਰਾਨ ਦਾ ਸੋਮਾ ਸੰਪੰਨ ਸਿਸਤਾਨ-ਬਲੋਚਿਸਤਾਨ ਸੂਬੇ ਦੇ ਦੱਖਣੀ ਤੱਟ ’ਤੇ ਸਥਿਤ ਚਾਬਹਾਰ ਬੰਦਰਗਾਹ ਤੱਕ ਭਾਰਤ ਦੇ ਪੱਛਮੀ ਤੱਟ ਤੋਂ ਆਸਾਨੀ ਨਾਲ ਪਹੁੰਚਿਆ ਜਾ ਸਕਦਾ ਹੈ ਅਤੇ ਇਸ ਨੂੰ ਪਾਕਿਸਤਾਨ ਦੀ ਗਵਾਦਰ ਬੰਦਰਗਾਹ ਦਾ ਤੋੜ ਮੰਨਿਆ ਜਾ ਰਿਹਾ ਹੈ, ਜੋ ਚਾਬਹਾਰ ਤੋਂ ਲੱਗਭਗ 80 ਕਿਲੋਮੀਟਰ ਦੂਰ ਸਥਿਤ ਹੈ।