ਈਰਾਨ ਇਸ ਵੇਲੇ ਆਪਣੇ ਸਭ ਤੋਂ ਖਰਾਬ ਦੌਰ ''ਚੋਂ ਲੰਘ ਰਿਹੈ : ਹਸਨ ਰੂਹਾਨੀ
Monday, Jun 29, 2020 - 01:48 AM (IST)
ਤਹਿਰਾਨ - ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਆਖਿਆ ਹੈ ਕਿ ਈਰਾਨ ਇਸ ਵੇਲੇ ਆਪਣੇ ਸਭ ਤੋਂ ਖਰਾਬ ਦੌਰ ਤੋਂ ਲੰਘ ਰਿਹਾ ਹੈ। ਇਸ ਦਾ ਕਾਰਨ ਉਨ੍ਹਾਂ ਨੇ ਕੋਵਿਡ-19 ਮਹਾਮਾਰੀ ਅਤੇ ਅਮਰੀਕਾ ਵੱਲੋਂ ਲਾਈਆਂ ਗਈਆਂ ਸਖਤ ਪਾਬੰਦੀਆਂ ਨੂੰ ਦੱਸਿਆ ਹੈ। ਉਨ੍ਹਾਂ ਕਿਹਾ ਕਿ ਮਹਾਮਾਰੀ ਨੇ ਉਨ੍ਹਾਂ ਦੀ ਅਰਥ ਵਿਵਸਥਾ ਦੇ ਸਾਹਮਣੇ ਬਹੁਤ ਚੁਣੌਤੀਆਂ ਖੜ੍ਹੀਆਂ ਕਰ ਦਿੱਤੀਆਂ ਹਨ ਜਿਨ੍ਹਾਂ ਤੋਂ ਪਾਰ ਪਾਉਣਾ ਅਮਰੀਕੀ ਪਾਬੰਦੀਆਂ ਕਾਰਨ ਹੋਰ ਵੀ ਮੁਸ਼ਕਿਲ ਹੋ ਗਿਆ ਹੈ। ਐਤਵਾਰ ਨੂੰ ਈਰਾਨ ਵਿਚ ਟੀ. ਵੀ. 'ਤੇ ਪ੍ਰਸਾਰਿਤ ਹੋਏ ਆਪਣੇ ਭਾਸ਼ਣ ਵਿਚ ਰੂਹਾਨੀ ਨੇ ਆਖਿਆ ਕਿ ਦੁਸ਼ਮਣ ਦੇਸ਼ ਵੱਲੋਂ ਬਣਾਏ ਗਏ ਆਰਥਿਕ ਦਬਾਅ ਅਤੇ ਮਹਾਮਾਰੀ ਕਾਰਨ ਇਹ ਸਾਲ ਈਰਾਨ ਲਈ ਸਭ ਤੋਂ ਮੁਸ਼ਕਿਲ ਸਮਾਂ ਹੈ।
ਉਨ੍ਹਾਂ ਅੱਗੇ ਆਖਿਆ ਕਿ ਸਾਲ 2018 ਵਿਚ ਬਣਨਾ ਸ਼ੁਰੂ ਹੋਇਆ ਆਰਥਿਕ ਦਬਾਅ ਹੁਣ ਵਧ ਗਿਆ ਹੈ ਅਤੇ ਮੌਜੂਦਾ ਸਮਾਂ ਸਾਡੇ ਦੇਸ਼ ਲਈ ਸਭ ਤੋਂ ਮੁਸ਼ਕਿਲ ਸਮਾਂ ਹੈ। ਚੀਨ ਤੋਂ ਬਾਅਦ ਅਤੇ ਯੂਰਪ ਤੋਂ ਪਹਿਲਾਂ, ਕੋਰੋਨਾਵਾਇਰਸ ਮਹਾਮਾਰੀ ਨੇ ਈਰਾਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਸੀ। ਐਤਵਾਰ ਨੂੰ ਈਰਾਨ ਦੇ ਸਿਹਤ ਵਿਭਾਗ ਦੀ ਬੁਲਾਰੀ ਸੀਮਾ ਸਾਦਤ ਲਾਰੀ ਨੇ ਦੱਸਿਆ ਕਿ ਈਰਾਨ ਵਿਚ ਹੁਣ ਤੱਕ ਕੋਰੋਨਾਵਾਇਰਸ ਦੇ 2 ਲੱਖ 22 ਹਜ਼ਾਰ 699 ਕੇਸ ਦਰਜ ਕੀਤੇ ਗਏ ਹਨ ਅਤੇ 10 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਕੋਵਿਡ-19 ਨਾਲ ਮੌਤ ਹੋਈ ਹੈ। ਹਸਨ ਰੂਹਾਨੀ ਨੇ ਆਖਿਆ ਹੈ ਕਿ ਅਗਲੇ ਐਤਵਾਰ ਤੋਂ ਈਰਾਨ ਵਿਚ ਭੀੜਭਾੜ ਵਾਲੀਆਂ ਥਾਂਵਾਂ ਅਤੇ ਚਿੰਨ੍ਹਤ ਕੀਤੇ ਗਏ ਰੈੱਡ ਜ਼ੋਨ ਵਿਚ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਜਾਵੇਗਾ। ਸਾਲ 2018 ਵਿਚ ਅਮਰੀਕਾ ਈਰਾਨ ਪ੍ਰਮਾਣੂ ਸਮਝੌਤੇ ਤੋਂ ਪਿੱਛੇ ਹੱਟ ਗਿਆ ਸੀ ਅਤੇ ਫਿਰ ਤੋਂ ਈਰਾਨ 'ਤੇ ਕਈ ਪਾਬੰਦੀਆਂ ਲਾ ਦਿੱਤੀਆਂ ਸਨ। ਬੀਤੇ ਸੋਮਵਾਰ ਨੂੰ ਈਰਾਨ ਦੀ ਕਰੰਸੀ ਅਮਰੀਕੀ ਡਾਲਰ ਦੀ ਤੁਲਨਾ ਵਿਚ ਆਪਣੇ ਸਭ ਤੋਂ ਹੇਠਲੇ ਪੱਧਰ 'ਤੇ ਡਿੱਗ ਗਈ ਸੀ।